ਸ੍ਰੀ ਮੁਕਤਸਰ ਸਾਹਿਬ, 03 ਜੂਨ
ਕ੍ਰਿਸ਼ੀ ਵਿਗਆਨ ਕੇਂਦਰ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਹਿਯੋਗ ਨਾਲ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਤਹਿਤ 9 ਪਿੰਡਾਂ ਭਾਗਸਰ, ਗੰਧੜ, ਚੱਕ ਸ਼ੇਰੇਵਾਲਾ, ਰੱਥੜੀਆਂ, ਕੱਟਿਆਵਾਲੀ, ਝੋਰੜ, ਫੁੱਲੂਖੇੜਾ, ਖੇਮਖੇੜਾ ਅਤੇ ਅਰਨੀਵਾਲਾ ਵਜ਼ੀਰਾ ਵਿਖੇ ਕੈਂਪ ਲਗਾਏ ਗਏ ਜਿੰਨ੍ਹਾਂ ਵਿੱਚ ਸੂਝਵਾਨ ਕਿਸਾਨ ਵੀਰਾਂ ਅਤੇ ਕਿਸਾਨ ਬੀਬੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।
ਇਸ ਮੌਕੇ ਕ੍ਰਿਸ਼ੀ ਵਿਗਆਨ ਕੇਂਦਰ ਦੇ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਸਾਉਣੀ ਦੀਆਂ ਵੱਖ-ਵੱਖ ਫਸਲਾਂ ਦੀ ਕਾਸ਼ਤ ਦੇ ਉੱਨਤ ਢੰਗਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਇਲਾਵਾ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਖੇਤਾਂ ਵਿੱਚ ਸਾੜਣ ਨਾਲ ਵਾਤਾਵਰਨ, ਸਿਹਤ ਅਤੇ ਜ਼ਮੀਨ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਇਹਨਾਂ ਦੇ ਸਹੀ ਢੰਗ ਨਾਲ ਪ੍ਰਬੰਧਨ ਬਾਰੇ ਕਿਸਾਨਾਂ ਨੂੰ ਅਪੀਲ ਕੀਤੀ ।
ਉਨ੍ਹਾਂ ਦੱਸਿਆ ਕਿ ਸੁਚੱਜੇ ਢੰਗ ਨਾਲ ਕੁਦਰਤੀ ਸਰੋਤਾਂ ਅਤੇ ਖੇਤੀ ਰਸਾਇਣਾਂ ਦੀ ਵਰਤੋਂ ਕਰਨ ਲਈ ਕਿਸਾਨਾਂ ਨੂੰ ਮਿੱਟੀ ਅਤੇ ਪਾਣੀ ਪਰਖ ਦੀ ਮਹੱਤਤਾ ਬਾਰੇ ਦਸਦੇ ਹੋਏ ਫ਼ਸਲਾਂ ਵਿੱਚ ਮਿੱਟੀ ਪਰਖ ਦੇ ਅਧਾਰ ਤੇ ਖਾਦਾਂ ਦੀ ਵਰਤੋਂ ਕਰਨ ਲਈ ਪੇ੍ਰਰਿਤ ਕੀਤਾ। ਚੰਗੇ ਦੁੱਧ ਉਤਪਾਦਨ ਲਈ ਚੰਗੀ ਖੁਰਾਕ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਨੂੰ ਪਸ਼ੂਆਂ ਦੀਆਂ ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ ਬਾਰੇ ਜਾਣੂੰ ਕਰਵਾਇਆ। ਮਨੁੱਖੀ ਸਿਹਤ ਲਈ ਫਲਾਂ ਦੀ ਖੁਰਾਕ ਵਿੱਚ ਮਹੱਤਤਾ ਬਾਰੇ ਦੱਸਦੇ ਹੋਏ ਕਿਸਾਨਾਂ ਨੂੰ ਵੱਖ ਵੱਖ ਤਰਾਂ ਦੇ ਫ਼ਲਦਾਰ ਬੂਟੇ ਲਗਾਉਣ ਵਾਸਤੇ ਪੇ੍ਰਰਿਤ ਕੀਤਾ। ਕੈਂਪ ਵਿਚ ਸ਼ਾਮਿਲ ਹੋਏ ਕਿਸਾਨ ਵੀਰਾਂ ਵੱਲੋਂ ਖੇਤੀ ਮਸਲਿਆਂ ਸੰਬੰਧੀ ਕਾਫੀ ਸਵਾਲ ਕੀਤੇ ਗਏ ਅਤੇ ਮਾਹਿਰਾਂ ਵੱਲੋਂ ਮੌਕੇ ਤੇ ਜਵਾਬ ਦਿੱਤੇ ਗਏ।