ਬਰਨਾਲਾ, 3 ਜੁਲਾਈ
ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਚੰਡੀਗੜ੍ਹ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਰਾਜ ਦੀਆਂ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਸੰਸਥਾਵਾਂ ਵਿੱਚ ਪਹਿਲੀ ਜੁਲਾਈ ਤੋਂ ਦਾਖ਼ਲਾ ਸ਼ੁਰੂ ਹੋ ਰਿਹਾ ਹੈ। ਜ਼ਿਲ੍ਹੇ ਦੀ ਨੋਡਲ ਸੰਸਥਾ ਸਰਕਾਰੀ ਆਈ ਟੀ ਆਈ (ਲੜਕੇ) ਬਰਨਾਲਾ ਦੇ ਪ੍ਰਿੰਸੀਪਲ ਹਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1 ਜੁਲਾਈ 2025 ਤੋਂ ਸੰਸਥਾ ਵਿਚ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ। ਆਨਲਾਇਨ ਰਜਿਸਟ੍ਰੇਸ਼ਨ ਸੰਸਥਾ ਵਿਚ ਹੀ ਕੀਤੀ ਜਾਵੇਗੀ।
ਓਨ੍ਹਾਂ ਕਿਹਾ ਕਿ ਸੰਸਥਾ ਵਿਚ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਤੋਂ ਆਉਣ ਵਾਲੇ ਉਮੀਦਵਾਰਾਂ ਦੀ ਸਹੂਲਤ ਲਈ ਹੈਲਪ ਡੈਸਕ ਸਥਾਪਿਤ ਕੀਤਾ ਗਿਆ ਹੈ। ਸੰਸਥਾ ਵਿਖੇ ਕੁੱਲ 12 ਟਰੇਡਾਂ ਅਧੀਨ ਦੋ ਦੋ ਯੂਨਿਟਾਂ ਵਿੱਚ ਕੁੱਲ 568 ਸੀਟਾਂ ਉੱਪਰ ਦਾਖਲਾ ਕੀਤਾ ਜਾ ਰਿਹਾ ਹੈ।
ਓਨ੍ਹਾਂ ਕਿਹਾ ਕਿ ਵਿਦਿਆਰਥੀ ਆਈ ਟੀ ਆਈ. ਦੇ ਕੋਰਸਾਂ ਵਿੱਚ ਦਾਖਲਾ ਲੈ ਕੇ ਆਪਣੇ ਆਪ ਨੂੰ ਹੁਨਰਮੰਦ ਬਣਾਉਣ।
ਇਨ੍ਹਾਂ ਕੋਰਸਾਂ ਵਿੱਚ ਪੰਜਾਬ ਸਰਕਾਰ ਦੇ ਨਿਯਮਾਂ ਮੁਤਾਬਿਕ ਸਲਾਨਾ ਆਮਦਨ 2.5 ਲੱਖ ਤੋਂ ਘੱਟ ਐੱਸ ਸੀ ਜਾਤੀ ਨਾਲ ਸਬੰਧਤ ਬੱਚਿਆਂ ਦੀ ਟਿਊਸ਼ਨ ਫੀਸ ਮੁਆਫ ਕੀਤੀ ਗਈ ਹੈ ਅਤੇ ਵਜ਼ੀਫਾ ਵੀ ਦਿੱਤਾ ਜਾਵੇਗਾ। ਦਾਖ਼ਲਾ 30 ਅਗਸਤ 2025 ਤੱਕ ਕਰਵਾਇਆ ਜਾ ਸਕਦਾ ਹੈ।
