ਗੁਰਦਾਸਪੁਰ, 05 ਜੁਲਾਈ ( ) – ਪੰਜਾਬ ਸਰਕਾਰ ਵੱਲੋਂ ਵਿਕਾਸ ਕ੍ਰਾਂਤੀ ਜਰੀਏ ਵਿਧਾਨ ਸਭਾ ਹਲਕਾ ਕਾਦੀਆਂ ਦੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਯਤਨ ਤੇਜ਼ ਕਰ ਦਿੱਤੇ ਗਏ ਹਨ। ਹਲਕੇ ਦੇ ਪਿੰਡਾਂ ਵਿੱਚ ਗਲੀਆਂ-ਨਾਲੀਆਂ, ਪਾਰਕਾਂ, ਛੱਪੜਾਂ ਦੀ ਸਫ਼ਾਈ ਤੇ ਨਵੀਨੀਕਰਨ ਤੋਂ ਇਲਾਵਾ ਪੀਣ ਵਾਲੇ ਸਾਫ਼ ਤੇ ਸ਼ੁੱਧ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਹਨ। ਇਨ੍ਹਾਂ ਵਿਕਾਸ ਕਾਰਜਾਂ ਲਈ ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਆਪਣੇ ਦਫ਼ਤਰ ਵਿਖੇ ਵਿਧਾਨ ਸਭਾ ਹਲਕਾ ਕਾਦੀਆਂ ਦੀਆਂ 17 ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 1.05 ਕਰੋੜ ਰੁਪਏ ਦੀ ਗਰਾਂਟ ਦੇ ਮਨਜ਼ੂਰੀ ਪੱਤਰ ਤਕਸੀਮ ਕੀਤੇ।
ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਗਰਾਂਟ ਦੇ ਮਨਜ਼ੂਰੀ ਪੱਤਰ ਤਕਸੀਮ ਕਰਦਿਆਂ ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਇਸ ਗਰਾਂਟ ਨਾਲ ਹਲਕੇ ਦੇ ਏਨ੍ਹਾਂ ਪਿੰਡਾਂ ਵਿੱਚ ਵੱਖ-ਵੱਖ ਵਿਕਾਸ ਕਾਰਜ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਰੰਗਲਾ ਪੰਜਾਬ ਵਿਕਾਸ ਸਕੀਮ ਤਹਿਤ ਹਲਕਾ ਕਾਦੀਆਂ ਦੇ ਸਾਰੇ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਗ੍ਰਾਂਟ ਜਾਰੀ ਕੀਤੀ ਜਾਵੇਗੀ।
ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਅਧੀਨ ਪੈਂਦੀਆਂ ਸੰਪਰਕ ਸੜਕਾਂ ਦੀ ਮੁਰੰਮਤ ਲਈ 35 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕੁਝ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਰਹਿੰਦੀਆਂ ਸੜਕਾਂ ਦੀ ਮੁਰੰਮਤ ਵੀ ਜਲਦ ਸ਼ੁਰੂ ਕਰ ਦਿੱਤੀ ਜਾਵੇਗੀ।
ਜਗਰੂਪ ਸਿੰਘ ਸਿੰਘ ਸੇਖਵਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਧਾਰੀਵਾਲ ਸ਼ਹਿਰ ਵਿੱਚ 25 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਪਾਇਆ ਜਾ ਰਿਹਾ ਹੈ। ਇਸਦੇ ਨਾਲ ਹੀ ਧਾਰੀਵਾਲ ਵਿਖੇ ਸੀਵਰੇਜ ਟਰੀਟਮੈਂਟ ਪਲਾਂਟ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਲਈ ਟੈਂਡਰਿੰਗ ਪ੍ਰੀਕ੍ਰਿਆ ਸ਼ੁਰੂ ਹੋ ਗਈ ਹੈ ਅਤੇ ਜਲਦ ਹੀ ਇਸ ਪ੍ਰੋਜੈਕਟ ਉੱਪਰ ਵੀ ਕੰਮ ਸ਼ੁਰੂ ਹੋ ਜਾਵੇਗਾ।