ਪੇਦਨੀ ਕਲਾਂ/ਸੰਗਰੂਰ, 8 ਜੁਲਾਈ (000) – ਵਾਤਾਵਰਣ ਨੂੰ ਬਚਾਈ ਰੱਖਣ ਅਤੇ ਟਿਕਾਊ ਖੇਤੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਨਾਬਾਰਡ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ (ਕੇਵੀਕੇ) ਖੇੜੀ ਵੱਲੋਂ ਵਣ ਮਹਾਂਉਤਸਵ ਦੇ ਮੌਕੇ ‘ਤੇ ਪਿੰਡ ਪੇਦਨੀ ਕਲਾਂ ਵਿੱਚ ਸਾਂਝੇ ਤੌਰ ਉੱਤੇ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪਿੰਡ ਦੇ ਕਿਸਾਨਾਂ ਅਤੇ ਸਵੈ ਸਹਾਇਤਾ ਸਮੂਹਾਂ (SHGs) ਦੇ ਮੈਂਬਰਾਂ ਨੇ ਸਰਗਰਮ ਹਿੱਸਾ ਲਿਆ। ਪਿੰਡ ਵਿੱਚ ਨਿੰਮ ਅਤੇ ਲੱਕੜੀ ਵਾਲੀਆਂ ਕਿਸਮਾਂ ਦੇ ਬੂਟਿਆਂ ਦੀ ਵੰਡ ਕੀਤੀ ਗਈ ਅਤੇ ਬੂਟੇ ਲਗਾਏ ਗਏ।
ਡਾ. ਮਨਦੀਪ ਸਿੰਘ, ਇੰਚਾਰਜ, ਕੇਵੀਕੇ ਨੇ ਐਗਰੋਫੋਰੇਸਟਰੀ ਅਤੇ ਰੁੱਖ ਲਗਾਉਣ ਦੀ ਮਿੱਟੀ ਦੀ ਸਿਹਤ ਸੁਧਾਰਨ ਅਤੇ ਖੇਤੀ ਦੀ ਆਮਦਨ ਵਧਾਉਣ ਵਿੱਚ ਭੂਮਿਕਾ ਉਤੇ ਜ਼ੋਰ ਦਿੰਦੇ ਹੋਏ ਆਪਣੇ ਵਿਚਾਰ ਸਾਂਝੇ ਕੀਤੇ। ਕੇਵੀਕੇ ਦੇ ਮਾਹਿਰਾਂ ਨੇ ਰੁੱਖ ਲਗਾਉਣ ਦੀ ਮਿੱਟੀ ਦੀ ਕਟਾਅ ਰੋਕਣ, ਭੂਗਰਭੀ ਜਲ ਪੱਧਰ ਦੀ ਭਰਪਾਈ ਅਤੇ ਲੰਬੇ ਸਮੇਂ ਤੱਕ ਖੇਤੀ ਦੀ ਉਤਪਾਦਕਤਾ ਬਣਾਈ ਰੱਖਣ ਵਿੱਚ ਮਹੱਤਤਾ ਬਾਰੇ ਜਾਣਕਾਰੀ ਦਿੱਤੀ।
ਸ਼੍ਰੀ ਮਨੀਸ਼ ਗੁਪਤਾ, ਜ਼ਿਲ੍ਹਾ ਵਿਕਾਸ ਮੈਨੇਜਰ, ਨਾਬਾਰਡ ਨੇ ਨਾਬਾਰਡ ਵੱਲੋਂ ਮੌਸਮ ਤਬਦੀਲੀਆਂ ਅਨੁਕੂਲ ਪਹਿਲਕਦਮੀਆਂ ਅਤੇ ਭਾਈਚਾਰੇ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਨੂੰ ਉਜਾਗਰ ਕੀਤਾ। ਸ਼੍ਰੀ ਸੰਜੀਵ ਅਗਰਵਾਲ, ਲੀਡ ਜ਼ਿਲ੍ਹਾ ਮੈਨੇਜਰ, ਸੰਗਰੂਰ ਨੇ ਬੂਟਿਆਂ ਦੀ ਸੰਭਾਲ ਅਤੇ ਵਿਕਾਸ ਯਕੀਨੀ ਬਣਾਉਣ ਵਿੱਚ ਭਾਈਚਾਰੇ ਦੀ ਭੂਮਿਕਾ ਨੂੰ ਜ਼ਰੂਰੀ ਦੱਸਿਆ। ਪੇਦਨੀ ਕਲਾਂ ਦੇ ਸਰਪੰਚ ਨੇ ਇਸ ਪਹਿਲ ਦੀ ਸਰਾਹਣਾ ਕਰਦਿਆਂ ਪਿੰਡ ਵਾਸੀਆਂ ਨੂੰ ਭਵਿੱਖ ਦੀ ਭਲਾਈ ਲਈ ਇਸ ਤਰ੍ਹਾਂ ਦੇ ਵਾਤਾਵਰਣ-ਹਿਤੈਸ਼ੀ ਕੰਮਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।
ਸਮਾਗਮ ਦੀ ਸਮਾਪਤੀ ਪਿੰਡ ਵਾਸੀਆਂ ਵੱਲੋਂ ਲਾਏ ਗਏ ਬੂਟਿਆਂ ਦੀ ਰੱਖਿਆ ਅਤੇ ਉਹਨਾਂ ਦੀ ਪਾਲਣਾ ਦੀ ਸੌਂਹ ਨਾਲ ਹੋਈ, ਤਾਂ ਜੋ ਭਵਿੱਖ ਨੂੰ ਹਰਾ-ਭਰਾ ਬਣਾਇਆ ਜਾ ਸਕੇ।