ਤਰਨ ਤਾਰਨ, ਜੁਲਾਈ 22

ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਜੀ ਵਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਤੇ ਕਮਿਸ਼ਨਰ,ਖੁਰਾਕ ਸੁਰੱਖਿਆ, ਪੰਜਾਬ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਜ਼ਿਲਾ ਤਰਨ ਤਾਰਨ ਦੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਜ਼ਿਲਾ ਸਿਹਤ ਅਫਸਰ ਡਾਕਟਰ ਸੁਖਬੀਰ ਕੌਰ ਔਲਖ ਦੀ ਅਗਵਾਈ ਵਾਲੀ  ਖੁਰਾਕ ਸੁਰੱਖਿਆ ਵਿੰਗ ਦੀ ਟੀਮ ਵੱਲੋ ਮੰਗਲਵਾਰ ਨੂੰ ਤਾਰਨ ਤਾਰਨ ਸ਼ਹਿਰ ਤੋਂ ਇਲਾਵਾ ਢੋਟੀਆਂ ਅਤੇ ਨੌਸ਼ਹਿਰਾਂ ਪੰਨੂਆਂ ਵਿਖ਼ੇ ਕਰਿਆਨੇ ਦੀਆਂ ਦੁਕਾਨਾਂ ਅਤੇ ਗੋਲਗੱਪਿਆ ਵਾਲਿਆਂ ਰੇਹੜੀਆਂ ਦਾ ਨਿਰੀਖਣ ਕੀਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲੇ ਦੇ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਜ਼ਿਲੇ ਦੇ ਨਾਗਰਿਕਾਂ ਦੀ ਚੰਗੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਵਿਭਾਗ ਦੇ ਖੁਰਾਕ ਸੁਰੱਖਿਆ ਵਿੰਗ ਵੱਲੋਂ ਖਾਣ ਪੀਣ ਦੀਆਂ ਵਸਤੂਆਂ ਵੇਚਣ ਵਾਲੀਆਂ ਦੁਕਾਨਾਂ, ਢਾਬਿਆਂ, ਰੈਸਟੋਰੈਂਟਾਂ, ਡੇਅਰੀਆਂ, ਰੇਹੜੀਆਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਇਸੇ ਲੜੀ ਤਹਿਤ ਵਿੰਗ ਵੱਲੋਂ ਸਥਾਨਕ ਕਰਿਆਨੇ ਦੀਆਂ ਦੁਕਾਨਾਂ, ਗੋਲਗੱਪਿਆ ਦੀਆਂ ਰੇਹੜੀਆਂ ਤੋਂ ਇਲਾਵਾ ਆਂਗਣਵਾੜੀਆਂ ‘ਤੇ ਵੰਡੇ ਜਾਣ ਵਾਲੇ ਰਾਸ਼ਨ ਦੀ ਜਾਂਚ ਕੀਤੀ ਗਈ। ਉਹਨਾਂ ਕਿਹਾ ਕਿ ਨਾਗਰਿਕਾਂ ਦੀ ਸਿਹਤ ਨਾਲ ਖਿਲਵਾੜ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਕੋਈ ਵੀ ਕਰਿਆਨਾ ਸਟੋਰ ਮਾਲਕ ਘਟੀਆ ਪੱਧਰ ਦਾ ਸਮਾਨ ਵੇਚਦਾ ਪਾਇਆ ਜਾਵੇਗਾ ਤਾਂ ਉਸ ਵਿਰੁੱਧ ਢੁਕਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

 ਜਿਲਾ ਸਿਹਤ ਅਫਸਰ ਡਾਕਟਰ ਸੁਖਬੀਰ ਕੌਰ ਨੇ ਦੱਸਿਆ ਕਿ ਖੁਰਾਕ ਸੁਰੱਖਿਆ ਵਿੰਗ ਵੱਲੋਂ ਤਰਨ ਤਾਰਨ ਸ਼ਹਿਰ ਤੋਂ ਇਲਾਵਾ ਢੋਟੀਆਂ ਅਤੇ ਨੌਸ਼ਹਿਰਾਂ ਪੰਨੂਆਂ ਵਿਖ਼ੇ ਦੁਕਾਨਾਂ ਅਤੇ ਰੇਹੜੀਆਂ ਦੀ ਜਾਂਚ ਕੀਤੀ ਗਈ। ਉਹਨਾਂ ਦੱਸਿਆ ਕਿ ਖੁਰਾਕ ਸੁਰੱਖਿਆ ਵਿੰਗ ਵੱਲੋਂ ਸੱਤੂ, ਵੇਸਣ, ਮੈਦਾ, ਬਿਸਕੁਟ ਅਤੇ ਰੱਸਾ ਦੇ 5 ਸੈਂਪਲਾਂ ਤੋਂ ਇਲਾਵਾ ਘਿਓ ਦੇ 2 ਅਤੇ ਗੋਲਗੱਪਿਆ ਦੀਆਂ ਰੇਹੜੀਆਂ ‘ਤੇ ਵਰਤੇ ਜਾਣ ਵਾਲੇ ਪਾਣੀ (ਕਾਂਜੀ) ਦੇ 5 ਸੈਂਪਲਾਂ ਨੂੰ ਅਗਲੇਰੀ ਜਾਂਚ ਖਰੜ ਲੈਬੋਰਟਰੀ ਵਿਖੇ ਭੇਜਿਆ ਗਿਆ ਹੈ।

ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਆਂਗਣਵਾੜੀ ਕੇਂਦਰਾਂ ‘ਤੇ ਵੰਡੇ ਜਾਣ ਵਾਲੇ ਸਮਾਨ ਦੇ 4 ਸੈਂਪਲ ਵੀ ਅਗਲੇਰੀ ਜਾਂਚ ਲਈ ਭੇਜੇ ਗਏ ਹਨ। ਜ਼ਿਲਾ ਸਿਹਤ ਅਫਸਰ ਡਾਕਟਰ ਸੁਖਬੀਰ ਕੌਰ ਨੇ ਦੱਸਿਆ ਕਿ ਮੌਜੂਦਾ ਬਰਸਾਤ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਦੁਕਾਨਦਾਰਾਂ ਅਤੇ ਰੇੜੀ ਵਾਲਿਆਂ ਨੂੰ ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ ਦੀ ਹਦਾਇਤਾਂ ਜਾਰੀ ਕੀਤੀਆਂ ਗਈਆਂ। ਉਹਨਾਂ ਕਿਹਾ ਕਿ ਇਸ ਮੌਸਮ ਦੌਰਾਨ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦਾ ਖਦਸ਼ਾ ਬਹੁਤ ਵੱਧ ਜਾਂਦਾ ਹੈ। ਡਾਕਟਰ ਸੁਖਬੀਰ ਕੌਰ ਨੇ ਕਿਹਾ ਕਿ ਰੇਹੜੀਆਂ ‘ਤੇ ਸਮਾਨ ਵੇਚਣ ਵਾਲਿਆਂ ਨੂੰ  ਸਾਫ ਸਫਾਈ ਦੇ ਸਾਰੇ ਮਾਪਢੰਡਾ ਦੀ ਪਾਲਣਾ ਕਰਨ ਲਈ ਕਿਹਾ ਗਿਆ।

ਡਾਕਟਰ ਸੁਖਬੀਰ ਕੌਰ ਨੇ ਕਿਹਾ ਕਿ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਨੂੰ ਹਦਾਇਤ ਕੀਤੀ ਗਈ ਕਿ ਕੰਮ ਕਾਜ ਵਾਲੇ ਸਥਾਨ ਤੇ ਪਾਣੀ ਨੂੰ ਇਕੱਠਾ ਨਾ ਹੋਣ ਦੇਣ ਤਾਂ ਜੋ ਮੱਖੀ ਮੱਛਰ ਦੇ ਪੈਦਾ ਹੋਣ ਦਾ ਖਦਸਾ ਨਾ ਬਣੇ।

 ਇਸ ਮੌਕੇ ਫੂਡ ਸੇਫਟੀ ਅਫਸਰ ਸਾਕਸ਼ੀ ਖੋਸਲਾ ਵੀ ਮੌਜੂਦ ਰਹੇ।

Leave a Reply

Your email address will not be published. Required fields are marked *