ਧੂਰੀ, 27 ਜੁਲਾਈ (000) – ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਸ੍ਰ ਦਲਵੀਰ ਸਿੰਘ ਢਿੱਲੋਂ ਨੇ ਸੂਬਾ ਵਾਸੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਸ ਮੌਨਸੂਨ ਸੀਜ਼ਨ ਦੌਰਾਨ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਸੰਭਾਲਣ ਤਾਂ ਜੋ ਪੰਜਾਬ ਹਰਾ ਭਰਾ ਅਤੇ ਰੰਗਲਾ ਬਣਾਇਆ ਜਾ ਸਕੇ।
ਅੱਜ ਪਿੰਡ ਬਰੜਵਾਲ ਸਥਿਤ ਡੇਰਾ ਸਾਹਿਬ ਵਿਖੇ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਫ਼ਲਦਾਰ ਬੂਟੇ ਲਗਾਉਣ ਦੌਰਾਨ ਲੋਕਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਦਿਨੋਂ ਦਿਨ ਪਲੀਤ ਹੁੰਦੇ ਜਾ ਰਹੇ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਏ ਜਾਣ। ਇਸ ਤੋਂ ਇਲਾਵਾ ਅੱਜ ਲਗਾਏ ਹੋਏ ਬੂਟਿਆਂ ਨੂੰ ਬਚਾਉਣ ਦੀ ਵੀ ਲੋੜ੍ਹ ਹੈ।
ਇਸ ਉਪਰੰਤ ਉਹਨਾਂ ਨੇ ਸਨਾਤਨ ਧਰਮਸ਼ਾਲਾ ਵਿਖੇ ਪਰਿਵਰਤਨ ਅਤੇ ਸਟੈਪ ਇਨ ਸੋਸਾਇਟੀ ਵੱਲੋਂ ਆਯੋਜਿਤ ਖੂਨਦਾਨ ਕੈਂਪ ਵਿੱਚ ਸ਼ਿਰਕਤ ਕੀਤੀ ਅਤੇ ਕਿਹਾ ਕਿ ਅੱਜ ਮਨੁੱਖਤਾ ਦੀ ਸਭ ਤੋਂ ਵੱਡੀ ਲੋੜ ਖੂਨਦਾਨ ਹੈ। ਇਕ ਵਾਰ ਖ਼ੂਨਦਾਨ ਕਰਨ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੜਕ ਹਾਦਸਿਆਂ ਵਿੱਚ ਕੀਮਤੀ ਜਾਨਾਂ ਬਚਾਉਣ ਲਈ ਹੀ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਗਿਆ ਹੈ। ਜਿਸ ਦੇ ਬਹੁਤ ਹੀ ਬੇਹਤਰ ਨਤੀਜੇ ਸਾਹਮਣੇ ਆ ਰਹੇ ਹਨ। ਇਸ ਮੌਕੇ ਉਹਨਾਂ ਨੇ ਖੂਨਦਾਨੀਆਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਅਨਿੱਲ ਮਿੱਤਲ, ਬਲਾਕ ਪ੍ਰਧਾਨ ਨਰੇਸ਼ ਸਿੰਗਲਾ, ਗੋਬਿੰਦ ਲੋਹਟ ਅਤੇ ਦੋਵਾਂ ਸੁਸਾਇਟੀਆਂ ਦੇ ਅਹੁਦੇਦਾਰ ਮੌਜੂਦ ਸਨ।