ਪਟਿਆਲਾ 27 ਜੁਲਾਈ:
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ 350ਵੇਂ ਵਰ੍ਹੇ ਨੂੰ ਪ੍ਰਥਾਏ ਭਾਸ਼ਾ ਵਿਭਾਗ ਪੰਜਾਬ ਵੱਲੋਂ ਕਰਵਾਏ ਗਏ ‘ਤੇਗ ਬਹਾਦਰ ਸਿਮਰਿਐ’ ਦੇ ਸਿਰਲੇਖ ਅਧੀਨ ਸਮਾਗਮਾਂ ਦੀ ਲੜੀ ’ਚ ਜੰਮੂ ਅਤੇ ਕਸ਼ਮੀਰ ਅਕੈਡਮੀ ਆਫ਼ ਆਰਟ, ਕਲਚਰ ਐਂਡ ਲੈਗੂਏਜਿਜ਼ ਸ੍ਰੀਨਗਰ ਦੇ ਸਹਿਯੋਗ ਨਾਲ ਕਰਵਾਏ ਤੀਸਰੇ ਸਮਾਗਮ ‘ਕਾਵਿ ਸ਼ਰਧਾਂਜਲੀ’ ਤਹਿਤ ਕਵੀ ਦਰਬਾਰ ਦਾ ਆਯੋਜਨ ਕੀਤਾ, ਜਿਸ ਦੌਰਾਨ ਪੰਜਾਬੀ, ਡੋਗਰੀ ਤੇ ਕਸ਼ਮੀਰੀ ਕਵੀਆਂ ਨੇ ਆਪਣੀਆਂ ਨਜ਼ਮਾਂ ਰਾਹੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਅਕੀਦਤ ਪੇਸ਼ ਕੀਤੀ। ਸਮਾਗਮ ਦੀ ਪ੍ਰਧਾਨਗੀ ਮੰਡਲ ’ਚ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ, ਕੇਂਦਰੀ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਅਜੀਤ ਸਿੰਘ ਮਸਤਾਨਾ (ਸ੍ਰੀਨਗਰ) ਸ਼ਾਮਲ ਹੋਏ।
ਸ. ਜਸਵੰਤ ਸਿੰਘ ਜ਼ਫ਼ਰ ਨੇ ਇਸ ਕਵੀ ਦਰਬਾਰ ‘’ਚ ਕਵੀ ਵਜੋਂ ਸ਼ਿਰਕਤ ਕਰਦੇ ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਨੂੰ ਪ੍ਰੇਰਨਾ ਦਾ ਮਹਾਨ ਸੋਮਾ ਦੱਸਿਆ। ਉਨ੍ਹਾਂ ਉੱਘੇ ਚਿੰਤਕ ਅਮਰਜੀਤ ਸਿੰਘ ਗਰੇਵਾਲ ਦੀ ਅੰਗਰੇਜ਼ੀ ਕਵਿਤਾ ‘ਵੈਸਟਫੇਲੀਆ ਤੋਂ ਅਨੰਦਪੁਰ ਸਾਹਿਬ’ ਦਾ ਪੰਜਾਬੀ ਅਨੁਵਾਦ ਪੜ੍ਹਿਆ। ਕਵੀ ਗੁਰਨਾਮ ਸਿੰਘ ਅਰਸ਼ੀ ਨੇ ਆਪਣੀ ਕਵਿਤਾ ‘ਦੇ ਕੇ ਗੁਰੂ ਨੇ ਸੀਸ’ ਨੂੰ ਤੁਰੰਨਮ ’ਚ ਗਾ ਕੇ ਮਾਹੌਲ ਨੂੰ ਜੋਸ਼ ਪ੍ਰਦਾਨ ਕੀਤਾ। ਰਘਬੀਰ ਸਿੰਘ ਬੀਰ ਨੇ ‘ਜ਼ਾਲਮ ਹਾ ਹਾ ਕਾਰ ਮਚਾਈ’ ਰਾਹੀਂ ਮੁਗ਼ਲਾਂ ਦੇ ਜ਼ੁਲਮਾਂ ਖ਼ਿਲਾਫ਼ ਲੜਨ ਦਾ ਵਰਨਣ ਕੀਤਾ।
ਮੰਗਤ ਸਿੰਘ ਜੁਗਨੂੰ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਆਪਣੀ ਕਵਿਤਾ ਰਾਹੀਂ ਚਿੱਤਰਣ ਕੀਤਾ। ਡਾ. ਜੋਗਿੰਦਰ ਸਿੰਘ ਸ਼ਾਨ ਨੇ ਕਵਿਤਾ ‘ਸ਼ਹਾਦਤ ਤੇ ਇਬਾਦਤ’ ਪੇਸ਼ ਕੀਤੀ। ਸੁਰਿੰਦਰ ਕੌਰ ਨੀਰ ਜੰਮੂ ਨੇ ਕਸ਼ਮੀਰੀ ਪੰਡਤਾਂ ਦੇ ਦਰਦ ਬਾਰੇ ਆਪਣਾ ਕਲਾਮ ਪੇਸ਼ ਕੀਤਾ। ਡਾ. ਸ਼ੁਕਰਗੁਜ਼ਾਰ ਸਿੰਘ ਨੇ ਸਿੱਖੀ ਦੇ ਤੱਗ ਤੋਂ ਤਲਵਾਰ ਤੱਕ ਦੇ ਸਫ਼ਰ ਦਾ ਆਪਣੀ ਕਵਿਤਾ ਰਾਹੀਂ ਬੁਲੰਦ ਆਵਾਜ਼ ’ਚ ਪੇਸ਼ ਕੀਤਾ। ਡਾ. ਸੰਦੀਪ ਸ਼ਰਮਾ ਨੇ ‘ਵਹਿ ਰਿਹਾ ਪ੍ਰਕਾਸ਼ ਦਾ ਅਨੰਤ ਪ੍ਰਵਾਹ’ ਕਵਿਤਾ ਪੇਸ਼ ਕੀਤੀ। ਰਮਨ ਸੰਧੂ ਨੇ ‘ਅਸੀਂ ਤਾਂ ਹੀ ਆਖਦੇ ਹਾਂ ਉਹਨੂੰ ਨੌਵੀਂ ਪਾਤਸ਼ਾਹੀ’ ਕਵਿਤਾ ਰਾਹੀਂ ਗੁਰੂ ਸਾਹਿਬ ਦੀ ਸਿਫ਼ਤਾਂ ਕੀਤੀਆਂ। ਸੁਸ਼ੀਲ ਬੇਗਾਨਾ ਨੇ ‘ਉਸ ਦਾ ਰੂਪ ਵਿਲੱਖਣ ਥਾਹ’ ਕਵਿਤਾ ਰਾਹੀਂ ਗੁਰੂ ਸਾਹਿਬ ਦੀ ਬਹੁਪੱਖੀ ਸ਼ਖ਼ਸੀਅਤ ਦਾ ਚਿੱਤਰਣ ਕੀਤਾ।
ਡਾ. ਹਰੀ ਸਿੰਘ ਜਾਚਕ ਨੇ ‘ਧਰਮ ਦਾ ਦੀਵਾ ਬੁਝਣ ਨਹੀਂ ਦੇਣਾ’ ਕਵਿਤਾ ਰਾਹੀਂ ਮਾਹੌਲ ਨੂੰ ਜੋਸ਼ ਪ੍ਰਦਾਨ ਕੀਤਾ। ਦਵਿੰਦਰ ਸੈਫ਼ੀ ਨੇ ‘ਜੋ ਨਵਾਂ ਬਣਿਆ ਰਹੇ ਉਹੀ ਧਰਮ ਹੈ’ ਕਵਿਤਾ ਰਾਹੀਂ ਧਰਮ ਨੂੰ ਨਵੇਂ ਪਰਿਪੇਖ ’ਚ ਲੈਣ ਦਾ ਸੁਨੇਹਾ ਦਿੱਤਾ। ਗੁਰਪ੍ਰੀਤ ਮਾਨਸਾ ‘ਨਿਗ੍ਹਾ ਜਾਂਦੀ ਹੈ ਦੂਰ ਤੱਕ..’ ਕਵਿਤਾ ਰਾਹੀਂ ਸਿੱਖ ਗੁਰੂਆਂ ਦੇ ਵਿਸ਼ਾਲ ਫ਼ਲਸਫ਼ੇ ਨੂੰ ਸਲਾਹਿਆ। ਵਿਜੇ ਠਾਕੁਰ ਨੇ ‘ਸੱਚੇ ਸੁੱਚੇ ਜੀਵਨੇ ਦੀ ਸੱਚੀ ਸਰਕਾਰ’ ਰਾਹੀਂ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਦਿੱਤੀ। ਬਲਵਿੰਦਰ ਸੰਧੂ ਨੇ ‘ਨਾਨਕ ਘਰ ਦੀ ਪੋਥੀ’ ਕਵਿਤਾ ਰਾਹੀਂ ਗੁਰਬਾਣੀ ਦੇ ਬਹੁਪੱਖੀ ਫ਼ਲਸਫ਼ੇ ਦਾ ਬਾਖੂਬੀ ਜ਼ਿਕਰ ਕੀਤਾ। ਸਾਰੇ ਕਵੀਆਂ ਨੂੰ ਵਿਭਾਗ ਵੱਲੋਂ ਸ਼ਾਲਾਂ ਨਾਲ ਸਨਮਾਨਿਤ ਕੀਤਾ ਗਿਆ। ਕਵੀ ਦਰਬਾਰ ਦਾ ਸੰਚਾਲਨ ਸਵਾਮੀ ਅੰਤਰੀਵ ਨੇ ਵਧੀਆ ਅੰਦਾਜ਼ ’ਚ ਕੀਤਾ। ਸਮਾਗਮ ਦਾ ਮੰਚ ਸੰਚਾਲਨ ਡਾ. ਮਨਜਿੰਦਰ ਸਿੰਘ ਖੋਜ ਅਫ਼ਸਰ ਨੇ ਬਾਖ਼ੂਬੀ ਕੀਤਾ।
ਤਸਵੀਰ:- ‘ਕਾਵਿ ਸ਼ਰਧਾਂਜਲੀ’ ਦੇਣ ਵਾਲੇ ਕਵੀ ਭਾਸ਼ਾ ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨਾਲ।
