ਮਾਲੇਰਕੋਟਲਾ 27 ਜੁਲਾਈ :
ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਸਥਾਨਕ ਪੁਲਿਸ ਵੱਲੋਂ ਪ੍ਰੋਜੈਕਟ ‘ਸੰਪਰਕ’ ਦੀ ਲਗਾਤਾਰਤਾ ਵਿੱਚ ਆਮ ਪਬਲਿਕ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕ ਕਰਨ ਅਤੇ ਪੁਲਿਸ ਨਾਲ ਆਮ ਲੋਕਾਂ ਦੇ ਤਾਲਮੇਲ ਹੋਰ ਵਧਾਉਣ ਲਈ ਨਿਰਤੰਰ ਮੀਟਿੰਗਾਂ ਦਾ ਦੌਰ ਜਾਰੀ ਹੈ, ਇਸੇ ਲੜੀ ਤਹਿਤ ਅੱਜ ਜ਼ਿਲ੍ਹੇ ਦੇ ਪਿੰਡ ਹਥਨ ਵਿਖੇ ਜ਼ਿਲ੍ਹਾ ਪੁਲਿਸ ਮੁਖੀ ਗਗਨ ਅਜੀਤ ਸਿੰਘ ਦੀ ਅਗਵਾਈ ਹੇਠ ਵਿਸ਼ੇਸ ਜਾਗਰੂਕਤਾ ਮੀਟਿੰਗ ਦਾ ਆਯੋਜਨ ਕੀਤਾ ਗਿਆ ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਐਸ.ਐਸ.ਪੀ. ਗਗਨ ਅਜੀਤ ਸਿੰਘ ਨੇ ਦੱਸਿਆ ਕਿ ਪ੍ਰੋਜੈਕਟ “ ਸੰਪਰਕ ” ਦਾ ਮੁੱਖ ਉਦੇਸ਼ ਪੁਲਿਸ ਅਤੇ ਆਮ ਲੋਕਾਂ ਵਿਚਕਾਰ ਸਹਿਯੋਗ ਅਤੇ ਭਰੋਸੇ ਨੂੰ ਵਧਾਉਣਾ ਹੈ। ਉਨ੍ਹਾਂ ਦੱਸਿਆ ਕਿ ਪ੍ਰੋਜੈਕਟ ਸੰਪਰਕ ਅਧੀਨ ਜ਼ਿਲ੍ਹਾ ਪੁਲਿਸ ਵੱਲੋਂ ਲਗਾਤਾਰ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਆਮ ਲੋਕਾਂ ਨੂੰ ਇਲਾਕੇ ਵਿੱਚ ਪੇਸ਼ ਹੋ ਰਹੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਮੀਟਿੰਗਾਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹਿਣਗੀਆਂ।
ਜ਼ਿਲ੍ਹਾ ਪੁਲਿਸ ਮੁਖੀ ਓਲੰਪੀਅਨ ਗਗਨ ਅਜੀਤ ਸਿੰਘ ਨੇ ਪਿੰਡ ਦੇ ਮੋਹਤਬਰਾਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਖ਼ਾਤਮੇ ਲਈ ਪੰਜਾਬ ਸਰਕਾਰ ਵੱਲੋਂ ਵਿੱਢੀ ਮੁਹਿੰਮ ਵਿੱਚ ਸਾਥ ਦੇਣ ਦਾ ਸੱਦਾ ਦਿੰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਨਾਲ ਤਬਾਹ ਨਹੀਂ ਹੋਣ ਦੇਵਾਂਗੇ ਅਤੇ ਨਸ਼ਾ ਤਸਕਰਾਂ ਦੀ ਕਿਸੇ ਵੀ ਤਰ੍ਹਾਂ ਦੀ ਮਦਦ /ਜ਼ਮਾਨਤ/ਗਵਾਹੀ ਆਦਿ ਨਹੀਂ ਦੇਵਾਂਗਾ। ਉਨ੍ਹਾਂ ਦਾ ਸਮਾਜਿਕ ਬਾਈਕਾਟ ਕਰਦੇ ਹੋਏ ਕੋਈ ਸੁਹਕਾਰ ਨਹੀਂ ਰੱਖਿਆ ਜਾਵੇਗਾ ।
ਇਸ ਮੀਟਿੰਗ ਦੌਰਾਨ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ, ਸਿੱਖਿਆ ਅਤੇ ਸਮਾਜ ਸੇਵਾ ਵੱਲ ਮੋੜਨ ਦੀ ਪ੍ਰੇਰਨਾ ਦਿੱਤੀ ਗਈ। ਐੱਸ.ਐੱਸ.ਪੀ. ਮਾਲੇਰਕੋਟਲਾ ਨੇ ਖ਼ਾਸ ਤੌਰ ’ਤੇ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਆਪਣੇ ਮਾਪਿਆਂ ਅਤੇ ਪਿੰਡ ਦਾ ਨਾਮ ਰੌਸ਼ਨ ਕਰਨ ਲਈ ਉੱਚ ਆਦਰਸ਼ਾਂ ਤੇ ਚੱਲਣ।
ਐੱਸ.ਐੱਸ.ਪੀ. ਗਗਨ ਅਜੀਤ ਸਿੰਘ ਜਿਨ੍ਹਾਂ ਦੀ ਪਛਾਣ ਇੱਕ ਓਲੰਪੀਅਨ ਦੇ ਤੌਰ ’ਤੇ ਵੀ ਹੈ, ਉਨ੍ਹਾਂ ਦੀ ਮੌਜੂਦਗੀ ਨੇ ਪਿੰਡ ਦੇ ਨੌਜਵਾਨਾਂ ਅਤੇ ਖਿਡਾਰੀਆਂ ਵਿੱਚ ਖ਼ਾਸ ਉਤਸ਼ਾਹ ਭਰ ਦਿੱਤਾ। ਪਿੰਡ ਵਾਸੀਆਂ ਵੱਲੋਂ ਉਨ੍ਹਾਂ ਨੂੰ ਮਾਣ ਅਤੇ ਸਨਮਾਨ ਦਿੱਤਾ ਗਿਆ।
ਇਸ ਮੌਕੇ ਸਰਪੰਚ ਹਥਨ ਸਰਪੰਚ ਕਮਲਜੀਤ ਸਿੰਘ,ਡੀ.ਐੱਸ.ਪੀ.ਕੁਲਦੀਪ ਸਿੰਘ, ਐੱਸ.ਐੱਚ.ਓ. ਸੰਦੌੜ ਇੰਸਪੈਕਟਰ ਗਗਨਦੀਪ ਸਿੰਘ ,ਪੰਚ ਹਰਵਿੰਦਰ ਸਿੰਘ ਦਲਜੀਤ ਸਿੰਘ ,ਬਲਵੀਰ ਸਿੰਘ, ਹਾਕਮ ਸਿੰਘ, ਬਾਬੂ ਖਾ ,ਪਰਮਜੀਤ ਸਿੰਘ, ਬਲਵਿੰਦਰ ਸਿੰਘ, ਤੇਜਵੰਤ ਸਿੰਘ, ਗੁਰਜੰਟ ਸਿੰਘ ਤੋਂ ਇਲਾਵਾ ਹੋਰ ਪਿੰਡ ਨਿਵਾਸੀ ਅਤੇ ਨੌਜਵਾਨ ਮੌਜੂਦ ਸਨ