ਚੰਡੀਗੜ੍ਹ, 27 ਜੁਲਾਈ:

ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ “ਜੀਵਨਜੋਤ ਮੁਹਿੰਮ–2” ਤਹਿਤ ਪੰਜਾਬ ਭਰ ਵਿੱਚ ਵੱਖ-ਵੱਖ ਥਾਵਾਂ ‘ਤੇ ਮਾਰੇ ਗਏ 11 ਵਿਸ਼ੇਸ਼ ਛਾਪਿਆਂ ਦੌਰਾਨ 3 ਬੱਚਿਆਂ ਨੂੰ ਭੀਖ ਮੰਗਣ ਤੋਂ ਰੈਸਕਿਉ ਕੀਤਾ ਗਿਆ। ਇਸ ਤਰ੍ਹਾਂ, ਮੁਹਿੰਮ ਦੀ ਸ਼ੁਰੂਆਤ ਤੋਂ ਸਿਰਫ 11 ਦਿਨਾਂ ਵਿੱਚ 190 ਵਿਸ਼ੇਸ਼ ਛਾਪਿਆਂ ਰਾਹੀਂ ਕੁੱਲ 195 ਬੱਚਿਆਂ ਨੂੰ ਬਚਾਇਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਹ ਵਿਸ਼ੇਸ਼ ਛਾਪੇ ਬਰਨਾਲਾ, ਬਠਿੰਡਾ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਪਠਾਨਕੋਟ, ਪਟਿਆਲਾ, ਸੰਗਰੂਰ, ਸ੍ਰੀ ਮੁਕਤਸਰ ਸਾਹਿਬ ਅਤੇ ਤਰਨਤਾਰਨ ਵਿੱਚ ਖੇਤਰੀ ਬਾਲ ਸੁਰੱਖਿਆ ਟੀਮਾਂ ਵੱਲੋਂ ਮਾਰੇ ਗਏ।

ਛਾਪਿਆਂ ਦੌਰਾਨ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 2 ਤੇ ਸੰਗਰੂਰ ਵਿੱਚ 1 ਬੱਚਾ ਬਚਾਇਆ ਗਿਆ। ਸੰਗਰੂਰ ਦੇ 1 ਬੱਚੇ ਨੂੰ ਮਾਪਿਆਂ ਦੀ ਕਾਉਂਸਲਿੰਗ ਤੋਂ ਬਾਅਦ ਉਨ੍ਹਾਂ ਦੇ ਸਪੁਰਦ ਕਰ ਦਿੱਤਾ ਗਿਆ, ਜਦਕਿ ਹੁਸ਼ਿਆਰਪੁਰ ਦੇ 2 ਬੱਚਿਆਂ ਦੀ ਦਸਤਾਵੇਜ਼ੀ ਜਾਂਚ ਹਾਲੇ ਜਾਰੀ ਹੈ ਅਤੇ ਉਨ੍ਹਾਂ ਨੂੰ ਬਾਲ ਘਰ ਵਿੱਚ ਰੱਖਿਆ ਗਿਆ ਹੈ।

ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਨ੍ਹਾਂ 11 ਦਿਨਾਂ ਦੌਰਾਨ ਕੁੱਲ 102 ਬੱਚੇ ਬਾਲ ਘਰਾਂ ਵਿੱਚ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਬੱਚੇ ਅਤੇ ਉਸਦੇ ਨਾਲ ਪਾਏ ਗਏ ਵਿਅਕਤੀ ਦੇ ਰਿਸ਼ਤੇ ‘ਤੇ ਸ਼ੱਕ ਪੈਦਾ ਹੁੰਦਾ ਹੈ, ਤਾਂ ਬਾਲ ਭਲਾਈ ਕਮੇਟੀ ਡਿਪਟੀ ਕਮਿਸ਼ਨਰ ਦੀ ਮੰਜ਼ੂਰੀ ਨਾਲ ਡੀਐਨ.ਏ. ਟੈਸਟ ਕਰਵਾ ਸਕਦੀ ਹੈ, ਤਾਂ ਜੋ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

ਮੰਤਰੀ ਨੇ ਸਖ਼ਤ ਸੁਨੇਹਾ ਦਿੰਦਿਆਂ ਕਿਹਾ ਕਿ ਜੇਕਰ ਕੋਈ ਮਾਪੇ ਬੱਚਿਆਂ ਨੂੰ ਭੀਖ ਮੰਗਵਾਉਣ ਲਈ ਮਜਬੂਰ ਕਰਦੇ ਹਨ ਤਾਂ ਉਨ੍ਹਾਂ ਨੂੰ ਅਣਫਿਟ ਗਾਰਡੀਅਨ ਘੋਸ਼ਿਤ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਜੇਕਰ ਕੋਈ ਵਿਅਕਤੀ ਬੱਚਿਆਂ ਦੀ ਤਸਕਰੀ ਜਾਂ ਸ਼ੋਸ਼ਣ ਵਿੱਚ ਲਿਪਤ ਪਾਇਆ ਗਿਆ, ਤਾਂ ਉਸ ਖ਼ਿਲਾਫ਼ ਵੀ ਕਠੋਰ ਸਜ਼ਾਵਾਂ ਦੀ ਪ੍ਰਬੰਧਨਾ ਕੀਤੀ ਜਾਵੇਗੀ।

ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਬੱਚਿਆਂ ਦੀ ਸੁਰੱਖਿਆ ਅਤੇ ਹੱਕਾਂ ਦੀ ਰਾਖੀ ਲਈ ਵਚਨਬੱਧ ਹੈ। “ਜੀਵਨਜੋਤ” ਪ੍ਰਾਜੈਕਟ ਰਾਹੀਂ ਬੱਚਿਆਂ ਨੂੰ ਸੜਕਾਂ ਤੋਂ ਬਚਾ ਕੇ ਉਨ੍ਹਾਂ ਨੂੰ ਚੰਗੀ ਸਿੱਖਿਆ, ਭੋਜਨ, ਆਵਾਸ ਅਤੇ ਆਦਰਯੋਗ ਜੀਵਨ ਦੇਣ ਵੱਲ ਯਤਨ ਕੀਤਾ ਜਾ ਰਿਹਾ ਹੈ।

ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਬੱਚਿਆਂ ਨੂੰ ਭੀਖ ਨਾ ਦੇਣ ਅਤੇ ਜੇਕਰ ਕਿਸੇ ਵੀ ਥਾਂ ਕਿਸੇ ਬੱਚੇ ਨੂੰ ਭੀਖ ਮੰਗਦਿਆਂ ਦੇਖਣ ਤਾਂ ਚਾਈਲਡ ਹੈਲਪਲਾਈਨ ਨੰਬਰ 1098 ‘ਤੇ ਤੁਰੰਤ ਸੂਚਨਾ ਦੇਣ, ਤਾਂ ਜੋ ਬੱਚਿਆਂ ਦੀ ਜ਼ਿੰਦਗੀ ਬਦਲੀ ਜਾ ਸਕੇ।

Leave a Reply

Your email address will not be published. Required fields are marked *