ਲੁਧਿਆਣਾ ਦੇ ਰਿਸ਼ੀ ਨਗਰ ‘ਚ ਜਿੰਮ ਗਏ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ ਹੈ। ਪਰਿਵਾਰ ਦਾ ਦੋਸ਼ ਹੈ ਕਿ ਬੇਟੇ ਦੇ ਸਰੀਰ ‘ਤੇ ਕਈ ਥਾਵਾਂ ‘ਤੇ ਕੁੱਟਮਾਰ ਦੇ ਨਿਸ਼ਾਨ ਹਨ ਅਤੇ ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ। ਮ੍ਰਿਤਕ ਨੌਜਵਾਨ ਦੀ ਪਛਾਣ ਸੁਖਚੈਨ ਸਿੰਘ ਉਰਫ਼ ਸ਼ੈਰੀ ਵਜੋਂ ਹੋਈ ਹੈ। ਸੁਖਚੈਨ ਅਮੇਜ਼ੋਨ ‘ਚ ਕੰਮ ਕਰਦਾ ਸੀ। ਦੱਸ ਦਈਏ ਕਿ ਮ੍ਰਿਤਕ ਨੌਜਵਾਨ ਦਾ ਫਰਵਰੀ ਮਹੀਨੇ ਵਿੱਚ ਵਿਆਹ ਹੋਣਾ ਸੀ।

ਮ੍ਰਿਤਕ ਨੌਜਵਾਨ ਦੀ ਮਾਤਾ ਹਰਬੰਸ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ ਦੋ ਦਿਨ ਪਹਿਲਾਂ ਰਿਸ਼ੀ ਨਗਰ ਦੇ ਇੱਕ ਜਿੰਮ ਵਿੱਚ ਐਕਸਰਸਾਈਜ਼ ਕਰਨੀ ਸ਼ੁਰੂ ਕੀਤੀ ਸੀ। ਘਟਨਾ ਵਾਲੇ ਦਿਨ ਜਿੰਮ ਜਾਣ ਤੋਂ ਬਾਅਦ ਬੇਟੇ ਨੇ ਆਪਣੀ ਮਾਂ ਨੂੰ ਫੋਟੋ ਵੀ ਭੇਜੀ ਅਤੇ ਜਿੰਮ ਦੀ ਫੀਸ ਦੇਣ ਲਈ ਵੀ ਕਿਹਾ। ਕੁਝ ਸਮੇਂ ਬਾਅਦ ਇਕ ਨੌਜਵਾਨ ਉਸ ਦੇ ਘਰ ਆਇਆ ਅਤੇ ਉਸ ਦੇ ਕਿਰਾਏਦਾਰ ਨੂੰ ਦੱਸਿਆ ਕਿ ਸ਼ੈਰੀ ਪੌੜੀਆਂ ਤੋਂ ਹੇਠਾਂ ਡਿੱਗ ਗਿਆ ਹੈ। ਉਸ ਨੂੰ ਡੀਐਮਸੀ ਹਸਪਤਾਲ ਲੈ ਗਏ।

ਮਾਤਾ ਹਰਬੰਸ ਕੌਰ ਅਨੁਸਾਰ ਜਦੋਂ ਉਹ ਡੀਐਮਸੀ ਹਸਪਤਾਲ ਗਈ ਤਾਂ ਉਸ ਦੇ ਪੁੱਤਰ ਦੀ ਮੌਤ ਹੋ ਚੁੱਕੀ ਸੀ। ਮਾਤਾ ਹਰਬੰਸ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਸ ਦੇ ਪੁੱਤਰ ਦੀ ਹੱਤਿਆ ਕਿਸੇ ਸਾਜ਼ਿਸ਼ ਤਹਿਤ ਕੀਤੀ ਗਈ ਹੈ।

ਪਰਿਵਾਰ ਦਾ ਦੋਸ਼ ਹੈ ਕਿ ਪਹਿਲਾਂ ਤਾਂ ਜਿੰਮ ਦੇ ਸੰਚਾਲਕ ਕਹਿੰਦੇ ਸਨ ਕਿ ਉਹ ਸੀਸੀਟੀਵੀ ਕੈਮਰੇ ਚੈੱਕ ਕਰ ਸਕਦੇ ਹਨ, ਪਰ ਜਦੋਂ ਉਹ ਸੀਸੀਟੀਵੀ ਕੈਮਰੇ ਚੈੱਕ ਕਰਨ ਲੱਗੇ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਕੈਮਰੇ ਕੰਮ ਨਹੀਂ ਕਰ ਰਹੇ। ਹਰਬੰਸ ਕੌਰ ਨੇ ਦੱਸਿਆ ਕਿ ਉਹ ਪਿਛਲੇ 29 ਸਾਲਾਂ ਤੋਂ ਆਪਣੇ ਲੜਕੇ ਨਾਲ ਇਕੱਲੀ ਰਹਿ ਰਹੀ ਹੈ। ਉਸ ਦਾ ਪਤੀ ਉਸ ਤੋਂ ਵੱਖ ਰਹਿੰਦਾ ਹੈ। ਹਰਬੰਸ ਨੇ ਦੱਸਿਆ ਕਿ ਉਸ ਦਾ ਪਤੀ ਵੀ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਰਿਹਾ। ਕਈ ਵਾਰ ਉਨ੍ਹਾਂ ਨਾਲ ਕੁੱਟਮਾਰ ਦੀ ਕੋਸ਼ਿਸ਼ ਵੀ ਕੀਤੀ।

ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਏਐਸਆਈ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *