ਕਪੂਰਥਲਾ ਦੀ ਸੁਲਤਾਨਪੁਰ ਲੋਧੀ ਸਬ-ਡਵੀਜ਼ਨ ਦੇ ਪਿੰਡ ਜੱਬੋਵਾਲ ਵਿੱਚ ਮਾਮੂਲੀ ਗੱਲ ਨੂੰ ਲੈ ਕੇ ਦੋ ਧਿਰਾਂ ਦੇ ਵਿਚਕਾਰ ਕਾਫ਼ੀ ਪਥਰਾਅ ਹੋ ਗਿਆ। ਮਾਮਲਾ ਇੱਥੇ ਹੀ ਨਹੀਂ ਰੁਕਿਆ, ਦੋਵਾਂ ਧਿਰਾਂ ਨੇ ਇੱਕ ਦੂਜੇ ‘ਤੇ ਤਲਵਾਰਾਂ ਅਤੇ ਲਾਠੀਆਂ ਚਲਾਈਆਂ। ਇਸ ਝੜਪ ਵਿੱਚ ਦੋਵਾਂ ਧਿਰਾਂ ਦੀਆਂ 4 ਔਰਤਾਂ ਸਮੇਤ 5 ਲੋਕ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਸਿਵਲ ਹਸਪਤਲਾ ਵਿਖੇ ਦਾਖਿਲ ਕਰਵਾਇਆ ਗਿਆ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗੁਰਦੇਵ ਸਿੰਘ ਵਾਸੀ ਜੱਬੋਵਾਲ ਨੇ ਦੱਸਿਆ ਕਿ ਉਸ ਨੂੰ ਸਰਕਾਰ ਵੱਲੋਂ ਪੰਜ ਮਰਲੇ ਦਾ ਪਲਾਟ ਅਲਾਟ ਕੀਤਾ ਗਿਆ ਸੀ, ਜਿੱਥੇ ਅਸੀਂ ਟਰਾਲੀ ਰਾਹੀਂ ਬਾਲਣ ਸਟੋਰ ਕਰਨ ਜਾ ਰਹੇ ਸੀ ਤਾਂ ਦਰਸ਼ਨ ਸਿੰਘ, ਨਰਿੰਦਰ ਕੌਰ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਸਾਡੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਉਸ ਦੀ ਮਾਂ ਬੰਸੋ, ਪਿਤਾ ਗਿਆਨ ਸਿੰਘ ਅਤੇ ਨੀਲਮ ਬੇਟੀ ਤਰਸੇਮ ਜ਼ਖਮੀ ਹੋ ਗਏ ਹਨ।

ਦੂਜੇ ਪਾਸੇ ਸਰਬਜੀਤ ਕੌਰ ਅਤੇ ਊਸ਼ਾ ਰਾਣੀ ਪੁੱਤਰੀ ਦਰਸ਼ਨ ਸਿੰਘ ਵਾਸੀ ਪਿੰਡ ਜੱਬੋਵਾਲ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਝੂਠਾ ਤੇ ਬੇਬੁਨਿਆਦ ਕਰਾਰ ਦਿੱਤਾ ਹੈ। ਉਸ ਨੇ ਦੱਸਿਆ ਕਿ ਉਸ ‘ਤੇ 10-15 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਵਿਚ ਦੋਵੇਂ ਭੈਣਾਂ ਜ਼ਖਮੀ ਹੋ ਗਈਆਂ। ਪੰਜ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਥਾਣਾ ਸੁਲਤਾਨਪੁਰ ਲੋਧੀ ਦੇ ਐਸਐਚਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਪਿੰਡ ਜੱਬੋਵਾਲ ਕਲੋਨੀ ਦਾ ਹੈ। ਚਾਰ-ਪੰਜ ਦਿਨ ਪਹਿਲਾਂ ਇਨ੍ਹਾਂ ਲੋਕਾਂ ਵਿੱਚ ਲੜਾਈ ਹੋਈ ਸੀ ਅਤੇ ਸਮਝੌਤਾ ਹੋ ਗਿਆ ਸੀ। ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ। ਜੇਕਰ ਕੋਈ ਸਮਝੌਤਾ ਨਾ ਹੋਇਆ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *