ਜ਼ਿਲ੍ਹਾ ਪ੍ਰਸ਼ਾਸਨ ਨੇ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਐਡਵਾਈਜ਼ਰੀ ਜਾਰੀ ਕੀਤੀ 

ਐਸ.ਏ.ਐਸ.ਨਗਰ, 23 ਦਸੰਬਰ, 2023:

ਭਾਰਤ ਦੇ ਕਈ ਰਾਜਾਂ ਅਤੇ ਯੂਟੀਜ਼ ਚ ਨਵੇਂ ਰੂਪ ਜੇ ਐਨ.1 ਦੇ ਨਾਲ ਕੋਵਿਡ ਦੇ ਮਾਮਲਿਆਂ ਵਿੱਚ ਵਾਧੇ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਸਾਰੇ ਵਸਨੀਕਾਂ ਨੂੰ ਕੋਵਿਡ ਦੇ ਢੁਕਵੇਂ ਵਿਵਹਾਰ ਦੀ ਸਖਤੀ ਨਾਲ ਪਾਲਣਾ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ਅਤੇ ਬੰਦ ਥਾਵਾਂ ਤੇ ਮਾਸਕ ਪਹਿਨਣ ਦੀ ਅਪੀਲ ਕੀਤੀ ਹੈ। ਡਾਕਟਰਾਂ, ਪੈਰਾਮੈਡਿਕਸ ਅਤੇ ਹੋਰ ਸਿਹਤ ਸੰਭਾਲ ਕਰਮਚਾਰੀਆਂ ਨੂੰ ਸਲਾਹ ਦਿੱਤੀ ਗਈ ਕਿ ਉਹ ਮਰੀਜ਼ਾਂ ਦੀ ਦੇਖਭਾਲ ਕਰਦੇ ਸਮੇਂ ਲਾਜ਼ਮੀ ਤੌਰ ‘ਤੇ ਮਾਸਕ ਪਹਿਨਣ ਅਤੇ ਕੋਵਿਡ ਦੇ ਢੁਕਵੇਂ ਵਿਵਹਾਰ ਦੀ ਪਾਲਣਾ ਕਰਨ। ਇਸੇ ਤਰ੍ਹਾਂ, ਮਰੀਜ਼ਾਂ ਅਤੇ ਉਨ੍ਹਾਂ ਦੇ ਤਿਮਾਰਦਾਰਾਂ ਨੂੰ ਲਾਜ਼ਮੀ ਤੌਰ ‘ਤੇ ਮਾਸਕ ਪਹਿਨਣਾ ਚਾਹੀਦਾ ਹੈ ਅਤੇ ਸਿਹਤ ਸੰਭਾਲ ਸੰਸਥਾਵਾਂ (ਹਸਪਤਾਲਾਂ) ਵਿੱਚ ਲੋੜੀਂਦੀਆਂ ਸਾਵਧਾਨੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ। ਜ਼ਿਲ੍ਹੇ ਦੇ ਵਸਨੀਕਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਛਿੱਕ ਮਾਰਨ ਸਮੇਂ ਅਤੇ ਖੰਘਦੇ ਸਮੇਂ ਨੱਕ ਅਤੇ ਮੂੰਹ ਨੂੰ ਰੁਮਾਲ/ਟਿਸ਼ੂ ਜਾਂ ਕੂਹਣੀ ਦੇ ਜੋੜ ਨਾਲ ਢੱਕਣ ਅਤੇ ਵਰਤੋਂ ਕੀਤੇ ਟਿਸ਼ੂਆਂ ਨੂੰ ਵਰਤੋਂ ਤੋਂ ਤੁਰੰਤ ਬਾਅਦ ਬੰਦ ਡੱਬਿਆਂ ਵਿੱਚ ਸੁੱਟ ਦੇਣ। ਉਨ੍ਹਾਂ ਅੱਗੇ ਕਿਹਾ ਕਿ ਤਰਜੀਹੀ ਤੌਰ ‘ਤੇ ਸਾਬਣ ਅਤੇ ਪਾਣੀ ਨਾਲ ਵਾਰ-ਵਾਰ ਹੱਥ ਧੋਤੇ ਜਾਣ ਜਾਂ ਅਲਕੋਹਲ ਅਧਾਰਤ ਹੈਂਡ ਰਬ (ਸੈਨੇਟਾਇਜ਼ਰ) ਦੀ ਵਰਤੋਂ ਕੀਤੀ ਜਾਵੇ। ਜੇਕਰ ਹੱਥ ਸਾਫ਼ ਵੀ ਦਿਖਾਈ ਦੇਣ, ਉਨ੍ਹਾਂ ਨੂੰ ਤਾਂ ਵੀ ਧੋਇਆ ਜਾਵੇ। ਲੋਕਾਂ ਨੂੰ ਸਾਹ ਦੇ ਨਾਲ ਸਬੰਧਤ ਲੱਛਣਾਂ ਤੋਂ ਪੀੜਤ ਹੋਣ ‘ਤੇ ਨਿੱਜੀ ਸੰਪਰਕ ਨੂੰ ਸੀਮਤ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ। ਇਸੇ ਤਰ੍ਹਾਂ ਜੇ ਤੁਸੀਂ ਬਿਮਾਰ ਮਹਿਸੂਸ ਕਰਦੇ ਹੋ (ਬੁਖਾਰ, ਖੰਘ, ਸਾਹ ਲੈਣ ਵਿੱਚ ਮੁਸ਼ਕਲ ਆਦਿ) ਤਾਂ ਆਪਣੇ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਡਾਕਟਰ ਕੋਲ ਜਾਣ ਸਮੇਂ, ਆਪਣੇ ਮੂੰਹ ਅਤੇ ਨੱਕ ਨੂੰ ਢੱਕਣ ਲਈ ਮਾਸਕ ਪਹਿਨੋ। ਕੋਵਿਡ ਵਰਗੇ ਲੱਛਣਾਂ ਦੀ ਜਲਦੀ ਰਿਪੋਰਟ ਕਰਨ ਅਤੇ ਕੋਵਿਡ ਅਤੇ ਫਲੂ ਲਈ ਟੈਸਟ ਕਰਵਾਉਣ ਦੀ ਵੀ ਤਾਕੀਦ ਕੀਤੀ ਗਈ ਹੈ। ਜ਼ਿਲ੍ਹਾ ਨਿਵਾਸੀਆਂ ਖਾਸ ਤੌਰ ‘ਤੇ ਇੱਕ ਤੋਂ ਵਧੇਰੇ ਬਿਮਾਰੀਆਂ ਨਾਲ ਜੂਝਦੇ ਵਿਅਕਤੀਆਂ, ਗਰਭਵਤੀ ਔਰਤਾਂ ਅਤੇ ਬਜ਼ੁਰਗਾਂ ਨੂੰ ਇਹ ਵੀ ਤਾਕੀਦ ਕੀਤੀ ਗਈ ਹੈ ਕਿ ਉਹ ਭੀੜ-ਭੜੱਕੇ ਵਾਲੇ ਅਤੇ ਗੈਰ ਹਵਾਦਾਰ ਥਾਵਾਂ ਤੋਂ ਬਚਣ। ਉਨ੍ਹਾਂ ਨੇ ਅੱਗੇ ਕਿਹਾ ਕਿ ਆਪਣੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਆਪਣੇ ਹੱਥਾਂ ਨਾਲ ਛੂਹਣ ਤੋਂ ਗ਼ੁਰੇਜ਼ ਕੀਤਾ ਜਾਵੇ। ਉਨ੍ਹਾਂ ਨੂੰ ਜਨਤਕ ਥਾਵਾਂ ‘ਤੇ ਨਾ ਥੁੱਕਣ ਲਈ ਵੀ ਕਿਹਾ ਗਿਆ ਹੈ। ਸਾਹ ਸੰਬੰਧੀ ਕਿਸੇ ਵੀ ਮੁਸ਼ਕਿਲ/ਬਿਮਾਰੀ ਦੇ ਮਾਮਲੇ ਵਿੱਚ, ਘਰੇਲੂ ਉਪਚਾਰ ਨਾ ਕਰਦੇ ਹੋਏ ਤੁਰੰਤ ਕਿਸੇ ਯੋਗ ਡਾਕਟਰ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।

Leave a Reply

Your email address will not be published. Required fields are marked *