ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ਪਹੁੰਚੇ ਹਨ। ਮੁੱਖ ਮੰਤਰੀ ਨੇ ਇੱਥੇ ਐਨਆਰਆਈ ਮਾਮਲਿਆਂ ਬਾਰੇ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਭਗਵੰਤ ਮਾਨ ਨੇ ਐਲਾਨ ਕੀਤਾ ਕਿ 3 ਫਰਵਰੀ ਤੋਂ ਪੰਜਾਬ ਵਿੱਚ ਐਨ.ਆਰ.ਆਈ.ਮੀਟ ਕਰਵਾਈ ਜਾਵੇਗੀ। ਪ੍ਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਿਸ਼ੇਸ਼ ਤੌਰ ‘ਤੇ ਇੱਕ ਵੈਬਸਾਈਟ ਵੀ ਲਾਂਚ ਕੀਤੀ ਗਈ ਸੀ। ਮਾਨ ਨੇ ਕਿਹਾ ਕਿ ਜੇਕਰ ਕਿਸੇ ਪ੍ਰਵਾਸੀ ਭਾਰਤੀ ਨੇ ਕਿਸੇ ਕਿਸਮ ਦੀ ਸ਼ਿਕਾਇਤ ਦੇਣੀ ਹੋਵੇ ਤਾਂ ਉਹ ਵੈੱਬਸਾਈਟ NRI.PUNJAB.GOV.IN ‘ਤੇ ਸੰਪਰਕ ਕਰ ਸਕਦਾ ਹੈ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਵੈੱਬਸਾਈਟ ‘ਤੇ ਐਨ.ਆਰ.ਆਈ. ਪੁਲਿਸ ਵਿੰਗ, ਪੰਜਾਬ ਸਟੇਟ ਕਮਿਸ਼ਨ ਫਾਰ ਐਨ.ਆਰ.ਆਈਜ਼ ਅਤੇ ਐਨ.ਆਰ.ਆਈ ਸਭਾ ਨਾਲ ਸਬੰਧਤ ਵਿਸਥਾਰਤ ਜਾਣਕਾਰੀ ਹੈ।
ਇਸੇ ਤਰ੍ਹਾਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਵੈੱਬਸਾਈਟ ਸੂਬਾ ਸਰਕਾਰ ਵੱਲੋਂ ਪਰਵਾਸੀ ਭਾਰਤੀਆਂ ਨੂੰ ਸਿੰਗਲ ਕਲਿੱਕ ‘ਤੇ ਦਿੱਤੀਆਂ ਜਾਣ ਵਾਲੀਆਂ ਕਈ ਸਹੂਲਤਾਂ ਵੀ ਮੁਹੱਈਆ ਕਰਵਾਏਗੀ। ਉਨ੍ਹਾਂ ਕਿਹਾ ਕਿ ਇਹ ਵੈੱਬਸਾਈਟ ਪਰਵਾਸੀ ਭਾਰਤੀਆਂ ਲਈ ਹੋਰ ਸਕੀਮਾਂ ਦਾ ਲਾਭ ਯਕੀਨੀ ਬਣਾਉਣ ਦੇ ਨਾਲ-ਨਾਲ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਤਸਦੀਕ ਕਰਵਾਉਣ ਵਿੱਚ ਵੀ ਮਦਦ ਕਰੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਵੈੱਬਸਾਈਟ ਹੈਲਪਲਾਈਨ ਨੰਬਰ, ਈ-ਮੇਲ ਪਤੇ ਅਤੇ ਵਟਸਐਪ ਸ਼ਿਕਾਇਤ ਨੰਬਰ ਵੀ ਪ੍ਰਦਾਨ ਕਰੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਵੈੱਬਸਾਈਟ ‘ਤੇ ਪੰਜਾਬ ਸਰਕਾਰ ਕੋਲ ਰਜਿਸਟਰਡ ਟਰੈਵਲ ਏਜੰਟਾਂ/ਏਜੰਸੀਆਂ ਅਤੇ ਵਿਦੇਸ਼ ਮੰਤਰਾਲੇ ਕੋਲ ਰਜਿਸਟਰਡ ਇਮੀਗ੍ਰੇਸ਼ਨ ਏਜੰਟਾਂ/ਏਜੰਸੀਆਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਹੈ। ਉਨ੍ਹਾਂ ਕਿਹਾ ਕਿ ਵੈੱਬਸਾਈਟ ਉਤੇ ਪੰਜਾਬ ਦੇ ਕੇਂਦਰੀਕ੍ਰਿਤ ਆਨਲਾਈਨ ਸ਼ਿਕਾਇਤ ਪੋਰਟਲ www.connect.punjab.gov.in ਦਾ ਵੀ ਲਿੰਕ ਹੈ ਜਿਸ ਵਿੱਚ ਪਰਵਾਸੀ ਭਾਰਤੀ ਅਤੇ ਹੋਰ ਲੋਕ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਭਗਵੰਤ ਸਿੰਘ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਵੈੱਬਸਾਈਟ ਪਰਵਾਸੀ ਭਾਰਤੀ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਕਰਨ ਵਿੱਚ ਸਹਾਈ ਸਿੱਧ ਹੋਵੇਗੀ ਜਿਸ ਨਾਲ ਉਨ੍ਹਾਂ ਨੂੰ ਵੱਡੀ ਪੱਧਰ ‘ਤੇ ਸਹੂਲਤ ਮਿਲੇਗੀ।
ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਸੂਬਾ ਸਰਕਾਰ ਨਵੇਂ ਸਾਲ ਦੇ ਫਰਵਰੀ ਮਹੀਨੇ ਦੌਰਾਨ ਪੰਜ ਐਨ.ਆਰ.ਆਈ. ਮਿਲਣੀਆਂ ਕਰਵਾਏਗੀ। ਉਨ੍ਹਾਂ ਕਿਹਾ ਕਿ ਇਹ ਮਿਲਣੀਆਂ ਐਨ.ਆਰ.ਆਈ. ਭਰਾਵਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਮੌਕੇ ’ਤੇ ਹੀ ਨਿਪਟਾਰਾ ਕਰਨ ਵਿੱਚ ਮਦਦ ਕਰਨਗੀਆਂ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਪਰਵਾਸੀ ਭਾਰਤੀਆਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਅੰਤਰਰਾਸ਼ਟਰੀ ਟਰਮੀਨਲ ਦੇ ਪਹੁੰਚ ਹਾਲ (ਐਰਾਈਵਲ ਹਾਲ) ਵਿਖੇ ‘ਪੰਜਾਬ ਸਹਾਇਤਾ ਕੇਂਦਰ’ ਦੀ ਸਥਾਪਨਾ ਕਰੇਗੀ। ਉਨ੍ਹਾਂ ਕਿਹਾ ਕਿ ਇਹ ਕੇਂਦਰ 24X7 ਕੰਮ ਕਰੇਗਾ ਅਤੇ ਟਰਮੀਨਲ ਵਿਖੇ ਐਨ.ਆਰ.ਆਈਜ਼ ਅਤੇ ਹੋਰ ਮੁਸਾਫ਼ਰਾਂ ਨੂੰ ਢੁਕਵੀਂ ਸਹਾਇਤਾ ਪ੍ਰਦਾਨ ਕਰੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਕੇਂਦਰ ਹਵਾਈ ਅੱਡੇ ਉਤੇ ਉਡਾਨਾਂ ਦੇ ਪਹੁੰਚਣ, ਹੋਰ ਉਡਾਨਾਂ, ਟੈਕਸੀ ਸੇਵਾਵਾਂ, ਸਾਮਾਨ ਗੁਆਚਣ ਬਾਰੇ ਸਹਾਇਤਾ ਮੁਹੱਈਆ ਕਰਵਾਉਣ ਦੇ ਨਾਲ-ਨਾਲ ਹੋਰ ਸਹੂਲਤਾਂ ਪ੍ਰਦਾਨ ਕਰੇਗਾ।

Leave a Reply

Your email address will not be published. Required fields are marked *