
ਖਡੂਰ ਸਾਹਿਬ, (ਤਰਨ ਤਾਰਨ), 26 ਅਗਸਤ
ਕੈਬਨਿਟ ਮੰਤਰੀ ਪੰਜਾਬ ਸ. ਹਰਭਜਨ ਸਿੰਘ ਈ. ਟੀ. ਓ. ਅਤੇ ਹਲਕਾ ਵਿਧਾਇਕ ਖਡੂਰ ਸਾਹਿਬ ਸ. ਮਨਜਿੰਦਰ ਸਿੰਘ ਲਾਲਪੁਰਾ ਨੇ ਅੱਜ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਦਰਿਆਈ ਪਾਣੀ ਨਾਲ ਪ੍ਰਭਾਵਿਤ ਪਿੰਡਾਂ ਕੰਬੋ ਢਾਏ ਵਾਲਾ, ਧੁੰਨ ਢਾਏ ਵਾਲਾ ਅਤੇ ਚੰਬਾ ਕਲਾਂ ਆਦਿ ਦਾ ਦੌਰਾ ਕੀਤਾ ।
ਇਸ ਮੌਕੇ ਐਸਡੀਐਮ ਖਡੂਰ ਸਾਹਿਬ ਵਾਧੂ ਚਾਰਜ ਡਾ. ਕਰਨਵੀਰ ਸਿੰਘ, ਨਾਇਬ ਤਹਿਸੀਲਦਾਰ ਪਵਨਦੀਪ ਸਿੰਘ ਤੋਂ ਇਲਾਵਾ ਸੰਬੰਧਿਤ ਵਿਭਾਗਾਂ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਇਸ ਦੌਰਾਨ ਉਹਨਾਂ ਦਰਿਆਈ ਪਾਣੀ ਨਾਲ ਪ੍ਰਭਾਵਿਤ ਕਿਸਾਨਾਂ ਅਤੇ ਲੋਕਾਂ ਨੂੰ ਹਰ ਸੰਭਵ ਸਹਾਇਤਾ ਅਤੇ ਜ਼ਰੂਰੀ ਰਾਹਤ ਉਪਲੱਬਧ ਕਰਵਾਉਣ ਦਾ ਭਰੋਸਾ ਦਿੱਤਾ।
ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਸਾਡਾ ਸੰਕਲਪ ਹੈ ਕਿ ਅਸੀਂ ਮੁਸੀਬਤ ਦੀ ਇਸ ਘੜੀ ਵਿੱਚ ਹਰ ਪਰਿਵਾਰ ਦੇ ਨਾਲ ਖੜੇ ਰਹੀਏ।
ਇਸ ਮੌਕੇ ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਰਿਆਈ ਪਾਣੀ ਨਾਲ ਪ੍ਰਭਾਵਿਤ ਫਸਲਾਂ ਦੇ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਪਾਣੀ ਦੀ ਮਾਰ ਹੇਠ ਆਈਆਂ ਫਸਲਾਂ ਦੇ ਨੁਕਸਾਨ ਦਾ ਪ੍ਰਭਾਵਿਤ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਉਚਿਤ ਮੁਆਵਜ਼ਾ ਦਿੱਤਾ ਜਾਵੇਗਾ।
ਇਸ ਮੌਕੇ ਹਲਕਾ ਵਿਧਾਇਕ ਖਡੂਰ ਸਾਹਿਬ ਸ੍ਰੀ ਮਨਜਿੰਦਰ ਸਿੰਘ ਲਾਲਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਹਰ ਮੁਸ਼ਕਿਲ ਸਮੇਂ ਉਹਨਾਂ ਦੇ ਨਾਲ ਖੜੀ ਹੈ ਅਤੇ ਹੁਣ ਵੀ ਦਰਿਆਈ ਪਾਣੀ ਨਾਲ ਪ੍ਰਭਾਵਿਤ ਕਿਸਾਨਾਂ ਦੀ ਹਰ ਸੰਭਵ ਮੱਦਦ ਕੀਤੀ ਜਾਵੇਗੀ ਅਤੇ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ।