ਵਧੀਕ ਡਿਪਟੀ ਕਮਿਸ਼ਨਰ ਨੇ ਪਿੰਡ-ਪਿੰਡ ਪਹੁੰਚ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ

ਮਲੋਟ/ਸ੍ਰੀ ਮੁਕਤਸਰ ਸਾਹਿਬ, 30 ਸਤੰਬਰ:

          ਝੋਨੇ ਦੀ ਵਾਢੀ ਦੇ ਸੀਜ਼ਨ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਦੀਆਂ ਹਦਾਇਤਾਂ ਤਹਿਤ ਵਧੀਕ ਡਿਪਟੀ ਕਮਿਸ਼ਨਰ (ਏ.ਡੀ.ਸੀ. ਜਨਰਲ) ਗੁਰਪ੍ਰੀਤ ਸਿੰਘ ਥਿੰਦ ਵੱਲੋਂ ਜ਼ਿਲ੍ਹੇ ਦੇ ਪਿੰਡ ਰੁਪਾਣਾ, ਝੋਰੜ, ਬਾਮ, ਮਹਾਂਬੱਧਰ ਅਤੇ ਭਾਗਸਰ ਵਿਖੇ ਕਿਸਾਨ ਮਿਲਣੀਆਂ ਕਰਕੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਅਤੇ ਰਹਿੰਦ ਖੂੰਹਦ ਨੂੰ ਨਾ ਸਾੜਨ ਦੀ ਅਪੀਲ ਕੀਤੀ ਗਈ।

          ਇਨ੍ਹਾਂ ਮਿਲਣੀਆਂ ਮੌਕੇ ਵਧੀਕ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਥਿੰਦ ਨੇ ਕਿਸਾਨਾਂ ਨੂੰ ਕਿਹਾ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਨ ਅਤੇ ਕੁਦਰਤੀ ਸ੍ਰੋਤਾਂ ਦੀ ਸਾਂਭ ਸੰਭਾਲ ਬਹੁਤ ਲਾਜ਼ਮੀ ਹੈ। ਇਸ ਦੇ ਲਈ ਹਰ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਇਸ ਧਰਤੀ ‘ਤੇ ਵਿਚਰਦਿਆਂ ਹਰ ਮਨੁੱਖ ਵਾਤਾਵਰਨ ਦੀ ਸੰਭਾਲ ਵਿਚ ਆਪਣਾ ਯੋਗਦਾਨ ਜ਼ਰੂਰ ਪਾਵੇ।

          ਏ.ਡੀ.ਸੀ. ਥਿੰਦ ਨੇ ਕਿਹਾ ਕਿ ਜਿਹੜੇ ਕਿਸਾਨਾਂ ਨੇ ਪਿਛਲੇ ਸਾਲ ਦੌਰਾਨ ਪਰਾਲੀ ਨੂੰ ਅੱਗ ਨਾ ਲਗਾ ਕੇ ਇਸ ਦਾ ਯੋਗ ਪ੍ਰਬੰਧਨ ਕੀਤਾ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਸਨਮਾਨ ਵੀ ਦਿੱਤਾ ਗਿਆ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਜਿਹੇ ਕਿਸਾਨਾਂ ਦੀ ਸ਼ਲਾਘਾ ਕਰਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਹੋਰਨਾਂ ਕਿਸਾਨਾਂ ਨੂੰ ਵੀ ਇਸ ਦੇ ਲਈ ਪ੍ਰੇਰਿਤ ਕਰਨ।

          ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡਾਂ ਵਿਚ ਕਿਸਾਨਾਂ ਦਾ ਪਰਾਲੀ ਪ੍ਰਬੰਧਨ ਨੂੰ ਲੈ ਕੇ ਚੰਗਾ ਹੁੰਗਾਰਾ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਉਹ ਪਰਾਲੀ ਪ੍ਰਬੰਧਨ ਲਈ ਸਬਸਿਡੀ ‘ਤੇ ਮਿਲਣ ਵਾਲੀ ਖੇਤੀ ਮਸ਼ੀਨਰੀ ਦੀ ਵਰਤੋਂ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਨ। ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਕਿਸਾਨਾਂ ਨੇ ਵਿਸ਼ਵਾਸ ਦਵਾਇਆ ਹੈ ਕਿ ਉਹ ਆਪੋ-ਆਪਣੇ ਪਿੰਡਾਂ ਵਿਚ ਕਿਤੇ ਵੀ ਪਰਾਲੀ ਨੂੰ ਅੱਗ ਨਹੀਂ ਲੱਗਣ ਦੇਣਗੇ ਬਲਕਿ ਇਸ ਦਾ ਯੋਗ ਪ੍ਰਬੰਧਨ ਕਰਨਗੇ।

ਇਸ ਮੌਕੇ ਉਪ-ਮੰਡਲ ਮੈਜਿਸਟ੍ਰੇਟ ਮਲੋਟ ਜਗਰਾਜ ਸਿੰਘ ਕਾਹਲੋਂ, ਜ਼ਿਲ੍ਹਾ ਮਾਲ ਅਫ਼ਸਰ ਸੰਦੀਪ ਸਿੰਘ, ਤਹਿਸੀਲਦਾਰ ਗੁਰਪ੍ਰੀਤ ਸਿੰਘ, ਚੇਅਰਮੈਨ ਸਹਿਕਾਰੀ ਸੁਸਾਇਟੀ ਜਗਦੇਵ ਬਾਂਮ, ਬੀ.ਡੀ.ਪੀ.ਓ. ਮਲੋਟ ਭੁਪਿੰਦਰ ਸਿੰਘ, ਹਰਵਿੰਦਰ ਸਿੰਘ ਸਰਪੰਚ ਰੁਪਾਣਾ, ਗੁਰਚਰਨ ਸਿੰਘ ਸੈਕਟਰੀ ਸਹਿਕਾਰੀ ਸੁਸਾਇਟੀ ਰੁਪਾਣਾ, ਪਿਪੱਲ ਸਿੰਘ ਸਰਪੰਚ ਸੁੰਦਰ ਰੁਪਾਣਾ, ਕਰਮਦੀਪ ਸਿੰਘ ਪ੍ਰਧਾਨ ਸਹਿਕਾਰੀ ਸੁਸਾਇਟੀ ਰੁਪਾਣਾ, ਰਾਮਚੰਦ ਸਰਪੰਚ ਝੋਰੜ, ਜਗਮੀਤ ਸਿੰਘ ਸਰਪੰਚ ਬਾਂਮ, ਜਸਪ੍ਰੀਤ ਕੌਰ ਸਰਪੰਚ ਮਹਾਂਬੱਧਰ, ਜਗਦੀਪ ਸਿੰਘ (ਰਾਜੂ) ਮਹਾਂਬੱਧਰ, ਪਰਮਜੀਤ ਸਿੰਘ ਸਰਪੰਚ ਭਾਗਸਰ ਤੋਂ ਇਲਾਵਾ ਸਬੰਧਤ ਪਿੰਡਾਂ ਦੇ ਕਿਸਾਨ ਅਤੇ ਪੰਚਾਇਤਾਂ ਦੇ ਨੁਮਾਂਇੰਦੇ ਹਾਜ਼ਰ ਸਨ।


Posted

in

, ,

by

Comments

Leave a Reply

Your email address will not be published. Required fields are marked *