ਸ੍ਰੀ ਅਨੰਦਪੁਰ ਸਾਹਿਬ 09 ਜੁਲਾਈ ()
ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ 450 ਸਰਕਾਰੀ ਸੇਵਾਵਾਂ ਸੋਖੇ ਢੰਗ ਨਾਲ ਸਮੇਂ ਸਿਰ ਉਪਲੱਬਧ ਕਰਵਾਉਣ ਲਈ ਜਿਕਰਯੋਗ ਉਪਰਾਲੇ ਕੀਤੇ ਗਏ ਹਨ। 1076 ਸੇਵਾ ਨਾਲ ਲੋਕ ਘਰ ਬੈਠੇ 449 ਸੇਵਾਵਾਂ ਦਾ ਲਾਭ ਹਾਸਲ ਕਰ ਰਹੇ ਹਨ, ਜਦੋਂ ਕਿ ਸੇਵਾ ਕੇਂਦਰਾਂ ਵਿਚ 450 ਸੇਵਾਵਾ ਉਪਲੱਬਧ ਹਨ।
ਸੇਵਾਂ ਕੇਂਦਰਾਂ ਦੀ ਕਾਰਗੁਜਾਰੀ ਦੀ ਸਮੀਖਿਆ ਕਰਨ ਉਪਰੰਤ ਹਲਕਾ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸ.ਹਰਜੋਤ ਬੈਂਸ ਨੇ ਹਦਾਇਤ ਕੀਤੀ ਹੈ ਕਿ ਪ੍ਰਸਾਸ਼ਨਿਕ ਅਧਿਕਾਰੀ ਖੁੱਦ ਸੇਵਾ ਕੇਂਦਰਾਂ ਵਿਚ ਜਾ ਕੇ ਉਪਲੱਬਧ ਸੇਵਾਵਾਂ ਅਤੇ ਹਾਜ਼ਰ ਲੋਕਾਂ ਤੋਂ ਜਾਣਕਾਰੀ ਹਾਸਲ ਕਰਨ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਬਿਨਾ ਖੱਜਲ ਖੁਆਰੀ ਤੋਂ ਲੋਕਾਂ ਨੂੰ ਜਰੂਰੀ ਸੇਵਾਵਾ ਉਪਲੱਬਧ ਕਰਵਾ ਰਹੀ ਹੈ। ਇਸ ਦੇ ਲਈ ਵਿਆਪਕ ਉਪਰਾਲੇ ਕੀਤੇ ਹੋਏ ਹਨ।
ਇਨ੍ਹਾਂ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ ਉਪ ਮੰਡਲ ਮੈਜਿਸਟ੍ਰੇਟ ਜਸਪ੍ਰੀਤ ਸਿੰਘ ਪੀ.ਸੀ.ਐਸ ਨੇ ਸੇਵਾ ਕੇਂਦਰ ਸ੍ਰੀ ਅਨੰਦਪੁਰ ਸਾਹਿਬ ਵਿੱਚ ਆਮ ਲੋਕਾਂ ਨੂੰ ਮਿਲ ਰਹੀਆਂ ਸੇਵਾਵਾਂ ਦਾ ਜਾਇਜ਼ਾ ਲੈਣ ਅਤੇ ਉਥੇ ਪਹੁੰਚੇ ਲੋਕਾਂ ਤੋਂ ਜ਼ਮੀਨੀ ਹਕੀਕਤ ਬਾਰੇ ਜਾਣਕਾਰੀ ਲੈਣ ਮੌਕੇ ਦੱਸਿਆ ਕਿ ਪ੍ਰਸਾਸ਼ਨ ਦੀ ਇਹ ਜਿੰਮੇਵਾਰੀ ਹੈ ਕਿ ਲੋਕਾਂ ਨੂੰ ਸਮੇਂ ਸਿਰ ਬਿਨਾ ਬੇਲੋੜੀ ਖੱਜਲ ਖੁਆਰੀ ਸੇਵਾਵਾਂ ਉਪਲੱਬਧ ਕਰਵਾਈਆਂ ਜਾਣ।
ਉਨ੍ਹਾਂ ਨੇ ਦੱਸਿਆ ਕਿ ਨਵੇਂ ਡਿਜੀਟਲ ਯੁੱਗ ਵਿੱਚ ਕੰਮਕਾਜ ਨੂੰ ਵਧੇਰੇ ਪਾਰਦਰਸ਼ੀ ਅਤੇ ਕਾਰਗਰ ਬਣਾਉਣ ਲਈ ਕੰਮ ਕਰਨ ਦੇ ਢੰਗ ਵਿੱਚ ਆਏ ਬਦਲਾਅ ਦੀ ਮਹੱਤਤਾ ਨੂੰ ਪੰਜਾਬ ਸਰਕਾਰ ਨੇ ਸਮਝਿਆ ਹੈ। ਪੰਜਾਬ ਸਰਕਾਰ ਸ਼ਾਸਨ ਵਿੱਚ ਹੋਰ ਵੱਧ ਪਾਰਦਰਸ਼ਤਾ ਅਤੇ ਕਾਰਜ-ਕੁਸ਼ਲਤਾ ਲਿਆਉਣ ਲਈ ਵਚਨਬੱਧ ਹੈ, ਜਿਸ ਦੇ ਤਹਿਤ ਅਗਲੇ ਸੇਵਾ ਕੇਂਦਰਾਂ ਵਿਖੇ ਸੇਵਾਵਾਂ ਦੀ ਕੁੱਲ ਗਿਣਤੀ 450 ਤੱਕ ਪਹੁੰਚ ਗਈ ਹੈ।
ਜਿਕਰਯੋਗ ਹੈ ਕਿ ਹਰ ਤਰਾਂ ਦੀਆਂ ਸੇਵਾਵਾਂ ਸੇਵਾ ਕੇਂਦਰਾਂ ਵਿੱਚ ਮਿਲਣ ਵਾਲੀਆਂ ਨਾਗਰਿਕ ਸੇਵਾਵਾਂ ਦੀ ਗਿਣਤੀ 450 ਹੋ ਗਈ ਹੈ ਅਤੇ ਰੋਜ਼ਾਨਾ 150 ਲੋਕ ਸੇਵਾਵਾਂ ਹਾਸਲ ਕਰਨ ਲਈ ਇਨ੍ਹਾਂ ਕੇਂਦਰਾਂ ਵਿਚ ਆਉਂਦੇ ਹਨ। ਪੰਜਾਬ ਦੇ ਲੋਕ ਇਕ ਛੱਤ ਥੱਲੇ ਸਾਰੀਆਂ ਸੇਵਾਵਾਂ ਹਾਸਲ ਕਰਨ ਦੇ ਯੋਗ ਹੋਏ ਹਨ। ਸੂਬੇ ਵਿੱਚ ਸੇਵਾ ਕੇਂਦਰਾਂ ਵਿੱਚ 6 ਨਵੀਆਂ ਸੇਵਾਵਾਂ ਸ਼ਾਮਲ ਕੀਤੀਆਂ ਗਈਆਂ। ਇਹਨਾਂ ਵਿੱਚ ਡਿਜਿਟਲ ਫ਼ਰਦ , ਫ਼ਰਦ ਬਦਰ , ਇੰਤਕਾਲ , ਰਪਟ ਅਤੇ ਸਬਸਕ੍ਰਿਪਸ਼ਨ ਸੁਰੂ ਹੋਈਆਂ ਹਨ। ਇਸ ਨਾਲ ਦੂਰ ਦਰਾਂਡੇ ਪਿੰਡਾ ਵਿੱਚ ਰਹਿ ਰਹੇ ਲੋਕਾਂ ਨੂੰ ਜਿਲ੍ਹਾਂ ਅਤੇ ਉਪ ਮੰਡਲ ਦਫਤਰਾਂ ਵਿੱਚ ਜਾਉਣ ਆਉਣ ਨਾਲ ਸਮੇਂ ਅਤੇ ਪੈਸੇ ਦੇ ਖਰਚ ਤੋਂ ਕਾਫੀ ਰਾਹਤ ਮਿਲੀ ਹੈ।
ਉਪ ਮੰਡਲ ਮੈਜਿਸਟ੍ਰੇਟ ਨੇ ਦੱਸਿਆ ਕਿ ਅੱਜ ਜਦੋਂ ਸੇਵਾ ਕੇਂਦਰ ਦਾ ਦੌਰਾ ਕੀਤਾ ਗਿਆ ਤਾਂ ਚਾਰ ਵਿਚ 3 ਕਾਊਟਰ ਕਾਰਜਸ਼ੀਲ ਸਨ, ਇੱਕ ਕਾਊਟਰ ਦਾ ਕੰਪਿਊਟਰ ਖਰਾਬ ਪਾਇਆ ਗਿਆ , ਜਿਸ ਲਈ ਲੋੜੀਦੀ ਕਾਰਵਾਈ ਕਰਨ ਬਾਰੇ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਲਿਖ ਦਿੱਤਾ ਹੈ। ਇਸ ਤੋ ਇਲਾਵਾ ਫਰਨੀਚਰ ਦੀ ਘਾਟ ਕਾਰਨ ਸੁਵਿਧਾ ਲੈਣ ਲਈ ਪਹੁੰਚੇ ਲੋਕਾਂ ਦੇ ਬੈਠਣ ਲਈ ਹੋਰ ਢੁਕਵੇ ਪ੍ਰਬੰਧ ਕਰਨ ਲਈ ਵੀ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਐਸ.ਡੀ.ਐਮ ਨੇ ਕਿਹਾ ਕਿ ਸਬੰਧਿਤ ਏਜੰਸੀ ਨੂੰ ਹਦਾਇਤ ਕੀਤੀ ਗਈ ਹੈ ਕਿ ਆਮ ਲੋਕਾਂ ਨੂੰ ਕਿਸੇ ਤਰਾਂ ਦੀ ਖੱਜਲ ਖੁਆਰੀ ਨਾ ਹੋਵੇ, ਜੇਕਰ ਅਜਿਹੀ ਸ਼ਿਕਾਇਤ ਮਿਲਦੀ ਹੈ ਤਾਂ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਐਸਡੀਐਮ ਨੇ ਦੱਸਿਆ ਕਿ ਸੇਵਾਵਾਂ ਲੈਣ ਲਈ ਪਹੁੰਚੇ ਲੋਕਾਂ ਨੇ ਸਰਕਾਰ ਦੇ ਉਪਰਾਲਿਆ ਦੀ ਸ਼ਲਾਘਾ ਕੀਤੀ ਹੈ।