ਗੁਰੂਹਰਸਹਾਏ /ਫ਼ਿਰੋਜ਼ਪੁਰ, 5 ਜੁਲਾਈ :

ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਗੁਰੂਹਰਸਹਾਏ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਭਾਰਤ-ਪਾਕਿਸਤਾਨ ਅੰਤਰ-ਰਾਸ਼ਟਰੀ ਬਾਰਡਰ ਤੋਂ ਪਾਰ ਗਏ ਪਿੰਡ ਖੈਰੇ ਕੇ ਉਤਾੜ ਦੇ ਨੌਜਵਾਨ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਗਈ। 

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਗੁਰੂਹਰਸਹਾਏ ਉਦੇਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਨੌਜਵਾਨ ਅਮ੍ਰਿਤਪਾਲ ਸਿੰਘ, ਜੋ ਕਿ 21 ਜੂਨ ਨੂੰ ਭਾਰਤ-ਪਾਕਿਸਤਾਨ ਸਰਹੱਦ ‘ਤੇ ਲੱਗੀ ਕੰਡਿਆਲੀ ਤਾਰ ਤੋਂ ਪਾਰ ਪੈਂਦੀ ਆਪਣੀ ਜ਼ਮੀਨ ਵਿੱਚ ਹਰ ਰੋਜ਼ ਦੀ ਤਰ੍ਹਾਂ ਖੇਤੀ ਕਰਨ ਲਈ ਗਿਆ ਸੀ। ਪਰੰਤੂ, ਉਹ ਆਪਣੇ ਘਰ ਵਾਪਸ ਨਹੀਂ ਪਰਤਿਆ। ਜਿਸ ‘ਤੇ ਪਰਿਵਾਰਕ ਮੈਂਬਰਾਂ ਵੱਲੋਂ ਜ਼ਮੀਨ ਦੇ ਨਾਲ ਲੱਗਦੀ ਬੀ.ਐਸ.ਐਫ. ਦੀ ਚੌਂਕੀ ਰਾਣਾ ਵਿਖੇ ਪਹੁੰਚ ਕੀਤੀ ਗਈ। ਇਸ ਉਪਰੰਤ ਬੀ.ਐਸ.ਐਫ. ਵੱਲੋਂ ਪੜਤਾਲ ਕਰਨ ਉਪਰੰਤ ਸਪੱਸ਼ਟ ਕੀਤਾ ਗਿਆ ਕਿ ਉਨ੍ਹਾਂ ਦਾ ਲੜਕਾ ਅੰਮ੍ਰਿਤਪਾਲ ਸਿੰਘ ਵਾਪਸ ਨਹੀਂ ਆਇਆ। ਬੀ.ਐਸ.ਐਫ. ਵੱਲੋਂ ਪਾਕਿਸਤਾਨ ਰੇਂਜਰਜ਼ ਨਾਲ 3-4 ਵਾਰ ਮੀਟਿੰਗ ਕਰਨ ਉਪਰੰਤ ਪਾਕਿਸਤਾਨ ਰੇਂਜਰਜ਼ ਵੱਲੋਂ ਵੀ 27 ਜੂਨ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਅਮ੍ਰਿਤਪਾਲ ਸਿੰਘ ਨਜ਼ਦੀਕ ਲਗਦੀ ਪਾਕਿਸਤਾਨ ਦੀ ਪੁਲਿਸ ਦੀ ਹਿਰਾਸਤ ਵਿੱਚ ਹੈ। 

ਐਸ.ਡੀ.ਐਮ. ਨੇ ਪਰਿਵਾਰਿਕ ਮੈਂਬਰਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਵਾਪਸ ਲੈ ਕੇ ਆਉਣ ਸਬੰਧੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਨੂੰ ਲਿਖਿਆ ਜਾਵੇਗਾ ਅਤੇ ਪੰਜਾਬ ਸਰਕਾਰ ਰਾਹੀਂ ਮਾਨਯੋਗ ਵਿਦੇਸ਼ ਮੰਤਰੀ / ਭਾਰਤ ਸਰਕਾਰ ਨਾਲ ਗੱਲਬਾਤ ਕੀਤੀ ਜਾਵੇਗੀ ਤਾਂ ਜੋ ਨੌਜਵਾਨ ਨੂੰ ਛੇਤੀ ਤੋਂ ਛੇਤੀ ਵਾਪਸ ਭਾਰਤ ਲਿਆਂਦਾ ਜਾ ਸਕੇ।

ਇਸ ਮੌਕੇ ਬੀਰਕਰਨ ਸਿੰਘ ਢਿੱਲੋਂ ਤਹਿਸੀਲਦਾਰ ਗੁਰੂਹਰਸਾਏ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਹਾਜ਼ਰ ਸਨ।

****

Leave a Reply

Your email address will not be published. Required fields are marked *