
ਫਾਜ਼ਿਲਕਾ, 2 ਸਤੰਬਰ
ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਵੱਲੋਂ ਕਾਂਵਾਂ ਵਾਲੀ ਬੰਨ ਨੂੰ ਸੁਰੱਖਿਅਤ ਰੱਖਣ ਲਈ ਸਾਰਿਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਬੰਨ ਵਿਚ ਜੇਕਰ ਦਰਾਰ ਆ ਗਈ ਤਾਂ ਇਸ ਨਾਲ ਦਰਜਨਾਂ ਹੋਰ ਪਿੰਡਾਂ ਅਤੇ ਫਾਜ਼ਿਲਕਾ ਸ਼ਹਿਰ ਤੱਕ ਹੜ੍ਹ ਦੇ ਪਾਣੀ ਦੀ ਮਾਰ ਪੈ ਸਕਦੀ ਹੈ। ਇਸ ਲਈ ਇਸ ਨੂੰ ਸੁਰੱਖਿਅਤ ਰੱਖਣਾ ਸਭ ਦੀ ਜਿੰਮੇਵਾਰੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਤਲੁਜ ਦੀ ਕ੍ਰੀਕ ਵਿੱਚ ਵੱਡੀ ਮਾਤਰਾ ਵਿੱਚ ਪਾਣੀ ਆਉਣ ਨਾਲ ਪਹਿਲਾਂ ਹੀ ਕ੍ਰੀਕ ਪਾਰ ਦੇ ਸਰਹੱਦੀ ਪਿੰਡਾਂ ਵਿੱਚ ਹੜ ਵਰਗੇ ਹਾਲਾਤ ਬਣੇ ਹੋਏ ਹਨ। ਐਨਡੀਆਰਐਫ, ਆਰਮੀ, ਅਤੇ ਡੇ੍ਨਜ ਵਿਭਾਗ ਨੇ ਰਿਪੋਰਟ ਕੀਤਾ ਸੀ ਕਿ ਸਤਲੁਜ ਕ੍ਰੀਕ ਦੇ ਪ੍ਰੋਟੈਕਸ਼ਨ ਬੰਨ ਤੇ ਪਾਣੀ ਦਾ ਬਹੁਤ ਦਬਾਓ ਹੈ ਤੇ ਇਸ ਬੰਨ ਦੇ ਨਾਲ 90 ਹਜਾਰ ਕਿਉਸਿਕ ਪਾਣੀ ਵਗ ਰਿਹਾ ਹੈ। ਇਸ ਬੰਨ ਨੂੰ ਲਗਾਤਾਰ ਮਜਬੂਤ ਕਰਦੇ ਰਹਿਣ ਲਈ ਵਿਭਾਗ ਨੂੰ ਇੱਥੇ ਨਾਲੋਂ ਨਾਲ ਨਵੀਂ ਮਿੱਟੀ ਪਹੁੰਚਾਉਣੀ ਪੈ ਰਹੀ ਹੈ। ਇਸ ਵਿਚ ਕੁਝ ਥਾਂਵਾਂ ਤੇ ਸੀਪੇਜ ਹੋ ਰਹੀ ਹੈ ਅਤੇ ਇਸਨੂੰ ਲਗਤਾਰ ਮਜਬੂਤ ਕੀਤਾ ਜਾ ਰਿਹਾ ਹੈ। ਪਰ ਦੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੇ ਲੋਕ ਬਿਨਾਂ ਕਿਸੇ ਕੰਮ ਤੋਂ ਸਤਲੁਜ ਦੀ ਕ੍ਰੀਕ ਦੇ ਕਾਵਾਂ ਵਾਲੀ ਅਤੇ ਦੂਜੇ ਬੰਨਾਂ ਤੇ ਪਹੁੰਚ ਰਹੇ ਹਨ। ਅਜਿਹੇ ਲੋਕਾਂ ਦੇ ਉੱਥੇ ਇਕੱਠੇ ਹੋਣ ਅਤੇ ਇਹਨਾਂ ਦੇ ਵਾਹਨ ਸੜਕ ਤੇ ਖੜੇ ਹੋਣ ਕਾਰਨ ਸਤਲੁਜ ਬੰਨ ਤੱਕ ਹੋਰ ਮਿੱਟੀ ਭੇਜਣ ਵਿੱਚ ਦਿੱਕਤ ਆ ਰਹੀ ਹੈ ।
ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਅਤੇ ਐਸਐਸਪੀ ਗੁਰਮੀਤ ਸਿੰਘ ਨੇ ਹੋਰ ਕਿਹਾ ਕਿ ਕਾਂਵਾਂ ਵਾਲੀ ਪੱਤਣ ਤੱਕ ਇਕੋ ਹੀ ਸੜਕ ਜਾਂਦੀ ਹੈ ਅਤੇ ਇਸ ਸੜਕ ਤੇ ਜਿਆਦਾ ਟ੍ਰੈਫਿਕ ਹੋਣ ਨਾਲ ਬੰਨ ਤੱਕ ਮਿੱਟੀ, ਜੇਸੀਬੀ ਆਦਿ ਭੇਜਣ ਵਿਚ ਦਿੱਕਤ ਆਉਂਦੀ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਵਿਰਾਸਤ ਰਹੀ ਹੈ ਕਿ ਅਸੀਂ ਮੁਸਕਿਲ ਘੜੀ ਵਿਚ ਅਸੀਂ ਇਕ ਦੁਜੇ ਦੇ ਮਦਦ ਲਈ ਹਮੇਸ਼ਾ ਤਿਆਰ ਰਹਿੰਦੇ ਹਾਂ। ਅਸੀਂ ਲੰਗਰ ਲੈਕੇ ਆ ਰਹੀ ਸੰਗਤ ਦੀ ਇਸ ਭਾਵਨਾ ਦਾ ਸਤਿਕਾਰ ਕਰਦੇ ਹਾਂ ਪਰ ਕਾਂਵਾਂ ਵਾਲੀ ਸੜਕ ਤੇ ਜੇਕਰ ਇੱਕਠ ਵੱਧ ਗਿਆ ਤਾਂ ਮਿੱਟੀ ਭੇਜਣ ਵਿਚ ਦਿੱਕਤ ਆਵੇਗੀ ਅਤੇ ਇਸ ਨਾਲ ਹੋਰ ਹਜਾਰਾਂ ਲੋਕ ਵੱਡੇ ਹੜ੍ਹ ਦੀ ਮਾਰ ਹੇਠ ਆ ਸਕਦੇ ਹਨ ਅਤੇ ਪਾਣੀ ਹੋਰ ਹਜਾਰਾਂ ਏਕੜ ਵਿਚ ਤਬਾਹੀ ਲਿਆ ਸਕਦਾ ਹੈ। ਇਸੇ ਲਈ ਪ੍ਰਸ਼ਾਸਨ ਵੱਲੋਂ ਲੰਗਰ ਲਗਾਉਣ ਵਾਲੀਆਂ ਸੰਸਥਾਵਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਬੰਨ ਤੋਂ ਪਹਿਲਾਂ ਇਸ ਤਰਾਂ ਦੇ ਸਥਾਨ ਤੇ ਲੰਗਰ ਲਗਾਉਣ ਜਿਸ ਨਾਲ ਬੰਨ ਤੱਕ ਭਾਰੀ ਮਸ਼ੀਨਾਂ ਅਤੇ ਮਿੱਟੀ ਦੀ ਸਪਲਾਈ ਪ੍ਰਭਾਵਿਤ ਨਾ ਹੋਵੇ। ਪ੍ਸ਼ਾਸਨ ਦਾ ਉਦੇਸ਼ ਕਿਸੇ ਦੀਆਂ ਭਾਵਨਾਂਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸਗੋਂ ਇਸਦਾ ਉਦੇਸ਼ ਹੜ੍ਹ ਦੇ ਪਾਣੀ ਨੂੰ ਨਵੇਂ ਇਲਾਕਿਆਂ ਵਿਚ ਜਾਣ ਤੋਂ ਰੋਕਣਾ ਹੈ ਅਤੇ ਇਸ ਨੇਕ ਕਾਰਜ ਵਿਚ ਸਭ ਨੂੰ ਸਹਿਯੋਗ ਕਰਨਾ ਚਾਹੀਦਾ ਹੈ।
ਇਸੇ ਤਰਾਂ ਰਾਹਤ ਕਾਰਜਾਂ ਵਿੱਚ ਲੱਗੀਆਂ ਕਿਸ਼ਤੀਆਂ ਨੂੰ ਵੀ ਆਪਣੀ ਰਫਤਾਰ ਹੌਲੀ ਕਰਨ ਲਈ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਕਹਿ ਦਿੱਤਾ ਗਿਆ ਹੈ ਤਾਂ ਕਿ ਇਹਨਾਂ ਦੀਆਂ ਛੱਲਾਂ ਨਾਲ ਬੰਨ ਨੂੰ ਨੁਕਸਾਨ ਨਾ ਪਹੁੰਚੇ।