ਅਜਨਾਲਾ, 28 ਜੂਨ()- ਅੱਜ ਅਜਨਾਲਾ ਸ਼ਹਿਰ ਦੇ ਬਹੁਪੱਖੀ ਵਿਕਾਸ ਲਈ ਸੱਕੀ ਨਾਲੇ ਨੇੜੇ 6.25 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ 4 ਲੱਖ ਲੀਟਰ ਗੰਦੇ ਪਾਣੀ ਨੂੰ ਸਾਫ ਕਰਨ ਦੀ ਸਮਰੱੱਥਾ ਵਾਲੇ ਸੀਵਰੇਜ ਪਲਾਂਟ ਨਾਲ ਸ਼ਹਿਰ ਦੀਆਂ ਵੱਖ ਵੱਖ ਵਾਰਡਾਂ ‘ਚ ਗੰਦੇ ਪਾਣੀ ਦੇ ਨਿਕਾਸ ਦੀਆਂ ਸੀਵਰ ਪਾਈਪਾਂ ਵਿਛਾਉਣ ਅਤੇ ਨਗਰ ਪੰਚਾਇਤ ਦਫਤਰ ਤੋਂ ਅੰਮ੍ਰਿਤਸਰ- ਅਜਨਾਲਾ ਮੁੱਖ ਸੜਕ ਮੰਦਰ ਸਾਈ ਧਾਮ ਤੱਕ ਬਾਈਪਾਸ ਸੜਕ ਨੂੰ ਨਵਿਆਉਣ ਲਈ ਇਨ੍ਹਾਂ ਦੋਹਾਂ ਵਿਕਾਸ ਕਾਰਜਾਂ ਦੇ 1.30 ਕਰੋੜ ਰੁਪਏ ਦੀ ਲਾਗਤ ਵਾਲੇ ਨੀਂਹ ਪੱਥਰ ਰੱਖਦਿਆਂ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਪੰਜਾਬ ਸ: ਕੁਲਦੀਪ ਸਿੰਘ ਧਾਲੀਵਾਲ ਨੇ ਐਲਾਨ ਕੀਤਾ ਕਿ ਅਜਨਾਲਾ ਸ਼ਹਿਰ ਦੇ ਯੋਜਨਾਬੱਧ ਸੁੰਦਰੀਕਰਨ ਲਈ ਮੰਜੂਰ ਕਰਵਾਈ ਗਈ 9 ਕਰੋੜ ਰੁਪਏ ਦੀ ਰਾਸ਼ੀ ਨਾਲ ਅਜਨਾਲਾ ਸ਼ਹਿਰ ਦੀ ਤੇਜ਼ ਦੌੜਦੀ ਵਿਕਾਸ ਧਾਰਾ ਨੇ ਅੰਮ੍ਰਿਤਸਰ ਜ਼ਿਲੇ੍ ਦੇ ਨੀਮ ਸ਼ਹਿਰਾਂ ‘ਚੋਂ ਆਪਣੀ ਜ਼ਬਰਦਸਤ ਸ਼ਾਖ ਬਣਾਈ ਹੈ ਅਤੇ ਮੰਜੂਰ ਹੋਈ ਐਂਤਕੀ 9 ਕਰੋੜ ਰੁਪਏ ਦੀ ਰਾਸ਼ੀ ਨਾਲ ਅਜਨਾਲਾ ਸ਼ਹਿਰ ਦੇ ਵਿਕਾਸ ਕਾਰਜ ਲਗਭਗ ਮੁਕੰਮਲ ਹੋ ਜਾਣਗੇ ਅਤੇ ਅਜਨਾਲਾ ਹੁਣ ਵਿਕਾਸ ਦੀ ਮੁੱਖ ਧਾਰਾ ਨਾਲ ਜੁੜ ਗਿਆ ਹੈ, ਜਦੋਂਕਿ ਸਾਬਕਾ ਕਾਂਗਰਸ ਤੇ ਅਕਾਲੀ -ਭਾਜਪਾ ਸਰਕਾਰਾਂ ਵਲੋਂ ਅਜਨਾਲਾ ਸ਼ਹਿਰ ਨੂੰ ਬਹੁਪੱਖੀ ਵਿਕਾਸ ਪੱਖੋਂ ਬੁਰੀ ਤਰਾਂ ਅਣਗੌਲਿਆਂ ਕਰਕੇ ਵਿਕਾਸ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟਿਆ ਹੋਇਆ ਸੀ।ਕੈਬਨਿਟ ਮੰਤਰੀ ਸ: ਧਾਲੀਵਾਲ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਾਣਕਾਰੀ ਦਿੱਤੀ ਕਿ ਮੰਜੂਰ ਕਰਵਾਈ 9 ਕਰੋੜ ਰੁਪਏ ਦੀ ਰਾਸ਼ੀ ‘ਚੋਂ 3 ਕਰੋੜ ਰੁਪਏ ਦੀ ਪਹਿਲੀ ਜਾਰੀ ਹੋਈ ਕਿਸ਼ਤ ‘ਚੋਂ ਅੱਜ 1.30 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣ ਤੋਂ ਇਲਾਵਾ ਅਜਨਾਲਾ ਸ਼ਹਿਰ ਦੇ ਸ਼ਮਸ਼ਾਨਘਾਟਾਂ ਨੂੰ ਵੀ ਸੁੰਦਰੀਕਰਨ ਦੀ ਕਤਾਰ ‘ਚ ਖੜਾ ਕਰਨ ਤੋਂ ਇਲਾਵਾ ਕਾਨਵੈਂਟ ਸਕੂਲ ਤੋਂ ਗੁਰਦੁਆਰਾ ਕਲਗੀਧਰ ਸਾਹਿਬ ਤੱਕ ਲੰਿਕ ਰੋਡ ਦੇ ਨਿਰਮਾਣ ਸਮੇਤ ਹੋਰ ਵਾਰਡਾਂ ਦੀਆਂ ਗਲੀਆਂ ਦੇ ਵਿਕਾਸ ਕਾਰਜ ਮੁਕੰਮਲ ਕੀਤੇ ਜਾਣਗੇ। ਮੰਤਰੀ ਸ: ਧਾਲੀਵਾਲ ਨੇ ਇਹ ਵੀ ਪ੍ਰਗਟਾਵਾ ਕੀਤਾ ਕਿ ਅਜਨਾਲਾ ਸ਼ਹਿਰ ‘ਚ ਯੋਜਨਾਬੱਧ ਢੰਗ ਨਾਲ ਗਤੀਸ਼ੀਲ ਚਲਾਏ ਗਏ ਵਿਕਾਸ ਕਾਰਜਾਂ ਤਹਿਤ ਅਜਨਾਲਾ ਸ਼ਹਿਰ ਦੇ ਘੇਰੇ ‘ਚ ਪੈਂਦੇ ਘਰਾਂ ਨੂੰ 100 ਫ਼ੀਸਦ ਸ਼ੁੱਧ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਇਕ ਹੋਰ 6.53 ਕਰੋੜ ਰੁਪਏ ਦੀ ਲਾਗਤ ਨਾਲ ਸ਼ੁੱਧ ਪੀਣ ਵਾਲੇ ਪਾਣੀ ਦਾ ਨਵਾਂ ਪ੍ਰੋਜੈਕਟ ਨਵ ਨਿਰਮਾਣ ਅਧੀਨ ਹੈ। ਜਦੋਂਕਿ ਅਜਨਾਲਾ ਸ਼ਹਿਰ ਦੇ ਬਜ਼ਾਰਾਂ ‘ਚ ਟ੍ਰੈਫਿਕ ਵਿਵਸਥਾ ਦੀ ਬਹਾਲੀ ਤੇ ਨਜ਼ਰ ਰੱਖਣ ਅਤੇ ਅਪਰਾਧਿਕ ਤੱਤਾਂ ਨੂੰ ਕੈਮਰਿਆਂ ‘ਚ ਕੈਦ ਕਰਨ ਲਈ 75 ਲੱਖ ਰੁਪਏ ਦੀ ਲਾਗਤ ਨਾਲ ਸੀਸੀਟੀਵੀ ਕੈਮਰੇ ਲਗਾਉਣ ਲਈ ਬਕਾਇਦਾ ਟੈਂਡਰ ਜਾਰੀ ਹੋ ਚੁੱਕੇ ਹਨ। ਅਤੇ ਸ਼ਹਿਰ ਦੇ ਬਜ਼ਾਰਾਂ ਨੂੰ ਸਟਰੀਟ ਲਾਈਟਾਂ ਨਾਲ ਚਮਕ ਦਮਕ ਬਣਾਉਣ ਹਿੱਤ 70 ਲੱਖ ਰੁਪਏ ਦੀ ਲਾਗਤ ਨਾਲ ਸਟਰੀਟ ਲਾਈਟਾਂ ਲਗਾਉਣ ਦਾ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ। ਕੈਬਨਿਟ ਮੰਤਰੀ ਸ: ਧਾਲੀਵਾਲ ਨੇ ਦਾਅਵਾ ਕੀਤਾ ਕਿ ਹਲਕਾ ਅਜਨਾਲਾ ਦੇ ਸ਼ਹਿਰੀ ਤੇ ਪੇਂਡੂ ਵਿਕਾਸ ਕਾਰਜਾਂ ‘ਚ ਸਾਬਕਾ ਸਰਕਾਰਾਂ ਵਲੋਂ ਪਾਇਆ ਪਾੜਾ ਖਤਮ ਕਰਨ ਲਈ ਉਚਿਤ ਕਦਮ ਚੁੱਕੇ ਗਏ ਹਨ। ਜਿਸ ਤਹਿਤ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਕੋਲੋਂ ਗ੍ਰਾਂਟਾ ਦੇ ਖੁੱਲੇ੍ਹ ਗੱਫੇ ਜਾਰੀ ਕਰਵਾ ਕੇ ਪੇਂਡੂ, ਸ਼ਹਿਰੀ ਤੇ ਸਰਹੱਦੀ ਖੇਤਰ ‘ਚ ਸੜਕਾਂ ਦੇ ਜ਼ਾਲ ਵਿਛਾਉਣ ਤੋਂ ਇਲਾਵਾ ਹੋਰ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾ ਜਾਰੀ ਕਰਵਾਈਆਂ ਜਾ ਰਹੀਆਂ ਹਨ, ਤਾਂ ਜੋ ਇਸ ਸਰਹੱਦੀ ਹਲਕੇ ਦੇ ਮੱਥੇ ਤੇ ਸਾਬਕਾ ਸਰਕਾਰਾਂ ਦੀ ਨਾਕੁਸ ਕਾਰਗੁਜਾਰੀ ਨਾਲ ਲੱਗੇ ਪਿਛੜੇਪਣ ਦੇ ਧੱਬੇ ਨੂੰ ਧੋਇਆ ਜਾ ਸਕੇ, ਜਿਸ ਵਿੱਚ ਸੂਬਾ ਮਾਨ ਸਰਕਾਰ ਕਾਫੀ ਹੱਦ ਤੱਕ ਸਫਲ ਰਹੀ ਹੈ। ਇਸ ਮੌਕੇ ਤੇ ਖੁਸ਼ਪਾਲ ਸਿੰਘ ਧਾਲੀਵਾਲ, ਓਐਸਡੀ ਗੁਰਜੰਟ ਸਿੰਘ, ਨਗਰ ਪੰਚਾਇਤ ਪ੍ਰਧਾਨ ਭੱਟੀ ਜਸਪਾਲ ਸਿੰਘ ਢਿਲੋਂ, ਸ਼ਹਿਰੀ ਪ੍ਰਧਾਨ ਅਮਿਤ ਔਲ, ਬਲਾਕ ਪ੍ਰਧਾਨ ਦਵਿੰਦਰ ਸਿੰਘ ਸੋਨੂੰ , ਸਾਬਕਾ ਕੌਂਸਲਰ ਇੰਦਰਪਾਲ ਸਿੰਘ ਸ਼ਾਹ,ਬੱਬੂ ਮਹਾਜਨ, ਕਾਬਲ ਸਿੰਘ ਸ਼ਾਹਪੁਰ, ਗੀਤਾ ਗਿੱਲ ਜ਼ਿਲਾ ਸੈਕਟਰੀ, ਰਮੇਸ਼ ਮਹਾਜਨ, ਵਪਾਰ ਮੰਡਲ ਹਰਪ੍ਰੀਤ ਸੋਹਲ, ਯੁੱਧ ਵੀਰ ਸਿੰਘ, ਬਲਜਿੰਦਰ ਸਿੰਘ ਮਾਹਲ,ਸ਼ਿਵ ਚਾਹਲ, ਅਮਿਤ ਪੁਰੀ, ਸੁਖਦਿਆਲ ਸਿੰਘ,ਅਜੇ ਸ਼ਰਮਾ,ਰਿੰਕੂ ਸ਼ਾਹ, ਕੌਂਸਲਰ ਗੁਰਦੇਵ ਗੁਲਾਬ, ਕੌਂਸਲਰ ਅਵਿਨਾਸ਼ ਮਸੀਹ,ਸ਼ਮਸ਼ੇਰ ਸਿੰਘ,ਰਸ਼ਪਾਲ ਸਿੰਘ,ਸੁਨੀਲ ਗਿੱਲ,ਅਜਮੇਰ ਸਿੰਘ,ਬੀਰ ਸਿੰਘ,ਦਿਲਬਾਗ ਘੁਲ਼ੀ,ਕਾਰਜ ਸਿੰਘ,ਪੰਕਜ ਹਾਂਡਾ, ਆਦਿ ਮੌਜੂਦ ਸਨ।