ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਕੀਰਤਪੁਰ ਸਾਹਿਬ ਵਿੱਚ ਵੀ ਹੋਣਗੇ ਵੱਡੇ ਸਮਾਗਮ- ਹਰਜੋਤ ਸਿੰਘ ਬੈਂਸ

ਕੀਰਤਪੁਰ ਸਾਹਿਬ 28 ਜੁਲਾਈ ()

ਹਿੰਦ ਦੀ ਚਾਦਰ ਨੋਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਸਾਨੀ ਸ਼ਹਾਦਤ ਦੀ 350 ਸਾਲਾ ਸ਼ਤਾਬਦੀ ਪੰਜਾਬ ਸਰਕਾਰ ਵੱਲੋਂ 19 ਨਵੰਬਰ ਤੋਂ 25 ਨਵੰਬਰ  ਤੱਕ ਬਹੁਤ ਹੀ ਵੱਡੇ ਪੱਧਰ ਤੇ ਮਨਾਈ ਜਾਵੇਗੀ, ਜਿਸ ਦੇ ਸਬੰਧ ਵਿੱਚ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਖੇ ਵੀ ਵੱਡੇ ਸਮਾਗਮ ਕਰਵਾਏ ਜਾਣਗੇ।

     ਇਸ ਗੱਲ ਦਾ ਪ੍ਰਗਟਾਵਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਰਤਪੁਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹ ਇੱਥੇ ਆਪ ਪਾਰਟੀ ਵਰਕਰਾਂ ਨਾਲ ਸ਼ਹੀਦੀ ਸਮਾਗਮਾਂ ਸਬੰਧੀ ਮੀਟਿੰਗ ਕਰਨ ਲਈ ਆਏ ਹੋਏ ਸਨ। ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਮਾਤਾ ਜੀ ਦੇ ਨਾਮ ਤੇ ਚੱਕ ਨਾਨਕੀ ਸ਼ਹਿਰ ਵਸਾਇਆ ਸੀ ਜੋ ਕਿ ਬਾਅਦ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੋਇਆ। ਉਹਨਾਂ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕੀਰਤਪੁਰ ਸਾਹਿਬ ਨਗਰੀ ਨਾਲ ਨੇੜੇ ਦਾ ਰਿਸ਼ਤਾ ਰਿਹਾ ਹੈ।

     ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 19 ਨਵੰਬਰ ਤੋਂ 25 ਨਵੰਬਰ ਤੱਕ ਕਰਵਾਏ ਜਾਣ ਵਾਲੇ ਸ਼ਹੀਦੀ ਸਮਾਗਮਾਂ ਦੇ ਸਬੰਧ ਵਿੱਚ ਕੀਰਤਪੁਰ ਸਾਹਿਬ ਵਿਖੇ ਵੀ ਸਮਾਗਮ ਕਰਵਾਇਆ ਜਾਵੇਗਾ, ਜਿਸ ਦੀ ਮਿਤੀ ਆਉਣ ਵਾਲੇ ਦਿਨਾਂ ਵਿੱਚ ਨਿਰਧਾਰਤ ਕਰ ਦਿੱਤੀ ਜਾਵੇਗੀ। ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰਵਾਏ ਜਾਣ ਵਾਲੇ ਸ਼ਹੀਦੀ ਸਮਾਗਮਾਂ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਅਨੁਸਾਰ ਉਹ ਕੀਰਤਪੁਰ ਸਾਹਿਬ ਵਿਖੇ ਹੋਣ ਵਾਲੇ ਕੰਮਾਂ ਬਾਰੇ ਜਾਣਕਾਰੀ ਲੈਣ ਲਈ ਆਏ ਹੋਏ ਹਨ। ਇਸ ਸਬੰਧੀ ਅੱਜ ਉਨਾਂ ਨੇ ਕੀਰਤਪੁਰ ਸਾਹਿਬ ਦੇ ਆਪ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਕੇ ਹਰੇਕ ਮੁਹੱਲੇ, ਗਲੀ ਆਦਿ ਵਿੱਚ ਹੋਣ ਵਾਲੇ ਵੱਖ-ਵੱਖ ਵਿਕਾਸ ਦੇ ਕੰਮਾਂ ਦੀ ਜਾਣਕਾਰੀ ਮੰਗੀ ਹੈ, ਤਾਂ ਜੋ 350 ਸਾਲਾ ਸ਼ਹੀਦੀ ਸਮਾਗਮਾਂ ਤੋਂ ਪਹਿਲਾਂ ਪਹਿਲਾਂ ਇਹ ਕੰਮ ਕਰਵਾਏ ਜਾ ਸਕਣ।

       ਕੀਰਤਪੁਰ ਸਾਹਿਬ ਦੇ ਵਿਕਾਸ ਕਾਰਜਾਂ ਬਾਰੇ ਗੱਲ ਕਰਦੇ ਹੋਏ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਧਾਰਮਿਕ ਨਗਰੀ ਕੀਰਤਪੁਰ ਸਾਹਿਬ ਦਾ ਸਰਵਪੱਖੀ ਵਿਕਾਸ ਕਰਵਾਉਣ ਲਈ ਉਹ ਬਚਨਵੱਧ ਹਨ।ਉਹਨਾਂ ਕਿਹਾ ਕਿ ਇਸ ਇਲਾਕੇ ਵਿੱਚ ਇੱਕ ਸਰਕਾਰੀ ਕਾਲਜ ਖੋਲਣ ਦੀ ਤਜਵੀਜ਼ ਹੈ ਜਿੱਥੇ ਇਲਾਕੇ ਦੇ ਲੜਕੇ ਅਤੇ ਲੜਕੀਆਂ ਉੱਚ ਸਿੱਖਿਆ ਪ੍ਰਾਪਤ ਕਰ ਸਕਣਗੇ। ਉਹਨਾਂ ਦੱਸਿਆ ਕਿ ਕਾਲਜ ਬਣਾਉਣ ਲਈ ਢੁਕਵੀਂ ਜਗ੍ਹਾ ਦੀ ਤਲਾਸ਼ ਕੀਤੀ ਜਾ ਰਹੀ।

     ਸ.ਬੈਂਸ ਨੇ ਕਿਹਾ ਕਿ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਅਸਤਘਾਟ ਨੂੰ ਜਾਂਦੇ ਗੰਦੇ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਸੀਵਰੇਜ ਟ੍ਰੀਟਮੈਂਟ ਪਲਾਟ ਬਣਾਉਣ ਦਾ ਕੰਮ ਚੱਲ ਰਿਹਾ ਹੈ ਜੋ ਕਿ ਜਲਦ ਮੁਕੰਮਲ ਹੋ ਜਾਵੇਗਾ। ਇਸ ਤੋਂ ਇਲਾਵਾ ਪਤਾਲਪੁਰੀ ਸਾਹਿਬ ਚੌਂਕ ਦਾ ਸੁੰਦਰੀਕਰਨ ਕਰਵਾਇਆ ਗਿਆ ਹੈ। ਉਹਨਾਂ ਦੱਸਿਆ ਕਿ 12 ਕਰੋੜ ਦੀ ਲਾਗਤ ਨਾਲ ਸਕੂਲ ਆਫ ਐਮੀਨੈਂਸ ਕੀਰਤਪੁਰ ਸਾਹਿਬ ਦੀ ਨਵੀਂ ਇਮਾਰਤ ਅਤੇ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਹੈ। ਜਦਕਿ 2.50 ਕਰੋੜ ਰੁਪਏ ਦੀ ਲਾਗਤ ਨਾਲ ਮੁਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਦੀ ਨਵੀਂ ਇਮਾਰਤ ਅਤੇ ਰੈਨੋਵੇਸ਼ਨ ਦਾ ਕੰਮ ਜਲਦ ਪੂਰਾ ਹੋਣ ਵਾਲਾ ਹੈ, ਜਿਸ ਦੀ ਇਮਾਰਤ ਨੂੰ ਆਉਣ ਵਾਲੇ ਮਹੀਨਿਆਂ ਵਿੱਚ ਲੋਕ ਅਰਪਿਤ ਕਰ ਦਿੱਤਾ ਜਾਵੇਗਾ।

         ਉਨਾਂ ਕੀਰਤਪੁਰ ਸਾਹਿਬ ਦੀ ਸਬਜ਼ੀ ਮੰਡੀ ਬਾਰੇ ਬੋਲਦੇ ਹੋਏ ਕਿਹਾ ਕਿ ਸੜਕ ਉੱਪਰ ਚੱਲਦੀ ਸਬਜ਼ੀ ਮੰਡੀ ਨੂੰ ਦੂਸਰੀ ਥਾਂ ਸ਼ਿਫਟ ਕਰਨ ਲਈ ਥਾਂ ਦੀ ਚੋਣ ਕੀਤੀ ਜਾ ਚੁੱਕੀ ਹੈ। ਸਿਰਫ ਜੰਗਲਾਤ ਵਿਭਾਗ ਦੀ ਐਨਓਸੀ ਆਉਣੀ ਬਾਕੀ ਹੈ ਜਿਸ ਦੇ ਆਉਣ ਤੋਂ ਬਾਅਦ ਦੂਸਰੀ ਥਾਂ ਤੇ ਮੰਡੀ ਸ਼ਿਫਟ ਹੋ ਜਾਵੇਗੀ। ਕੀਰਤਪੁਰ ਸਾਹਿਬ ਵਿਖੇ ਬੱਸ ਅੱਡਾ ਬਣਾਉਣ ਬਾਰੇ ਗੱਲ ਕਰਦੇ ਹੋਏ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਾਡੇ ਵੱਲੋਂ ਬੱਸ ਅੱਡਾ ਬਣਾਉਣ ਲਈ ਵੱਖ ਵੱਖ ਥਾਵਾਂ ਦੇਖੀਆਂ ਗਈਆਂ ਸਨ, ਜਿਨਾਂ ਵਿੱਚੋਂ ਇੱਕ ਥਾਂ ਦੀ ਚੋਣ ਕਰਕੇ ਬੱਸ ਅੱਡਾ ਬਣਾਉਣ ਦੀ ਅਗਲੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।

        ਇਸ ਮੌਕੇ ਕੁਲਵਿੰਦਰ ਕੌਸ਼ਲ, ਸਰਬਜੀਤ ਸਿੰਘ ਭਟੋਲੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਕੁਲਵੰਤ ਸਿੰਘ ਬਲਾਕ ਪ੍ਰਧਾਨ, ਜਸਵੀਰ ਸਿੰਘ ਰਾਣਾ ਬਲਾਕ ਪ੍ਰਧਾਨ, ਗਫੂਰ ਮੁਹੰਮਦ ਜਨਰਲ ਸਕੱਤਰ ਘੱਟ ਗਿਣਤੀ ਸੈਲ, ਗਗਨ ਭਾਰਜ, ਗੁਰਪ੍ਰੀਤ ਸਿੰਘ ਅਰੋੜਾ, ਪ੍ਰਕਾਸ਼ ਕੌਰ ਮਹਿਲਾ ਮੰਡਲ ਪ੍ਰਧਾਨ, ਰਜਿੰਦਰ ਸੈਣੀ, ਯੂਨਿਸ ਖਾਨ, ਚੰਦਰਮੋਹਣ, ਜਰਨੈਲ ਸਿੰਘ ਭਗਵਾਲਾ, ਜੈਪਾਲ ਸਿੰਘ ਭਗਵਾਲਾ, ਕੁਲਬੀਰ ਸਿੰਘ ਕਲਿਆਣਪੁਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *