ਫਾਜ਼ਿਲਕਾ 17 ਦਸੰਬਰ
1971 ਦੀ ਭਾਰਤ ਪਾਕ ਜੰਗ ਵਿੱਚ ਆਪਣੀ ਸ਼ਹਾਦਤ ਦੇ ਕੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਮਹਾਨ ਸ਼ੂਰ ਵੀਰਾ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਆਖਿਆ ਹੈ ਕਿ ਸਾਨੂੰ ਆਪਣੀ ਸੈਨਾ ਤੇ ਮਾਣ ਹੈ । ਉਹ ਅੱਜ ਇੱਥੇ ਕੌਮਾਂਤਰੀ ਸਰਹੱਦ ਨੇੜੇ ਆਸਫ ਵਾਲਾ ਵਿਖੇ ਬਣੀ ਸ਼ਹੀਦਾਂ ਦੀ ਸਮਾਧੀ ਜੰਗੀ ਯਾਦਗਾਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਸਨ।
ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸ਼ਹੀਦਾਂ ਦੀ ਸਮਾਧੀ ਕਮੇਟੀ ਵੱਲੋਂ ਕਰਵਾਏ ਸਮਾਗਮ ਵਿੱਚ ਬੋਲਦਿਆਂ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਸਮਾਰਕ ਸਾਡੇ ਲਈ ਪਵਿੱਤਰ ਸਥਾਨ ਹੈ ਅਤੇ ਪੂਰਾ ਦੇਸ਼ ਇਸ ਸਮਾਰਕ ਨੂੰ ਨਮਨ ਕਰਦਾ ਹੈ, ਜਿੱਥੇ 1971 ਦੀ ਲੜਾਈ ਵਿੱਚ ਦੇਸ਼ ਲਈ ਸ਼ਹੀਦ ਹੋਣ ਵਾਲੇ ਜਵਾਨਾਂ ਦੀ ਯਾਦਗਾਰ ਬਣਾਈ ਗਈ ਹੈ। ਉਨਾਂ ਨੇ ਕਿਹਾ ਕਿ ਆਜ਼ਾਦੀ ਲੈਣ ਅਤੇ ਉਸਦੀ ਰਾਖੀ ਕਰਨ ਲਈ ਆਪਾਂ ਕੁਰਬਾਨ ਕਰਨ ਵਾਲਿਆਂ ਨੂੰ ਅਸੀਂ ਅੱਜ ਦੇ ਦਿਨ ਸਿਜਦਾ ਕਰਦੇ ਹਾਂ । ਉਹਨਾਂ ਨੇ ਫਾਜ਼ਿਲਕਾ ਦੇ ਲੋਕਾਂ ਦੀ ਵੀ ਜ਼ੋਰਦਾਰ ਸ਼ਲਾਘਾ ਕੀਤੀ ਜੋ ਹਮੇਸ਼ਾ ਫੌਜ ਨਾਲ ਮਿਲ ਜੁਲ ਕੇ ਇਸ ਸਮਾਰਕ ਦੀ ਦੇਖਰੇਖ ਕਰਦੇ ਹਨ। ਜਿਕਰ ਯੋਗ ਹੈ ਕਿ 1971 ਦੀ ਜੰਗ ਵਿੱਚ ਫਾਜਿਲਕਾ ਸੈਕਟਰ ਵਿੱਚ ਦੇਸ਼ ਦੀ ਰਾਖੀ ਕਰਦੇ ਹੋਏ ਸ਼ਹੀਦ ਹੋਏ ਜਵਾਨਾਂ ਦੀ ਯਾਦ ਵਿੱਚ ਫਾਜ਼ਿਲਕਾ ਵਿਖੇ ਇੱਕ ਜੰਗੀ ਯਾਦਗਾਰ ਬਣਾਈ ਗਈ ਹੈ ਜਿੱਥੇ ਹਰ ਸਾਲ ਅੱਜ ਦੇ ਦਿਨ ਸਮਾਗਮ ਕੀਤਾ ਜਾਂਦਾ ਹੈ।
ਇਸ ਮੌਕੇ ਕੈਬਨਿਟ ਮੰਤਰੀ ਨੇ ਇਸ ਜੰਗੀ ਯਾਦਗਾਰ ਦੇ ਲਈ 15 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ। ਇਸ ਤੋਂ ਪਹਿਲਾਂ ਉਨਾਂ ਨੇ ਇੱਥੇ ਵਿਕਟਰੀ ਟਾਵਰ ਦੇ ਨਾਲ ਸ਼ਹੀਦਾਂ ਦੇ ਸਨਮਾਨ ਵਿੱਚ ਤਿਆਰ ਕੀਤੀ ਇੱਕ ਦੀਵਾਰ ਦਾ ਉਦਘਾਟਨ ਵੀ ਕੀਤਾ ਅਤੇ 1971 ਦੇ ਜੰਗ ਵਿੱਚ ਭਾਗ ਲੈਣ ਵਾਲੇ ਸਾਬਕਾ ਸੈਨਾਨੀਆਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਵੀ ਕੀਤੀ।
ਇਸ ਮੌਕੇ ਉਨਾਂ ਦੇ ਨਾਲ ਉਨਾਂ ਦੀ ਧਰਮ ਪਤਨੀ ਸਬੀਨਾ ਅਰੋੜਾ, ਫਾਜਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ, ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ, ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ, ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ, ਐਸਐਸ ਪੀ ਵਰਿੰਦਰ ਸਿੰਘ ਬਰਾੜ, ਐਸਡੀਐਮ ਕੰਵਰਜੀਤ ਸਿੰਘ ਮਾਨ ਵੀ ਹਾਜ਼ਰ ਸਨ।
ਇੱਥੇ ਪਹੁੰਚਣ ਤੇ ਸ਼ਹੀਦਾਂ ਦੀ ਸਮਾਧੀ ਕਮੇਟੀ ਦੇ ਚੇਅਰਮੈਨ ਸ੍ਰੀ ਸੰਦੀਪ ਗਿਲਹੋਤਰਾ ਨੇ ਉਨਾਂ ਨੂੰ ਜੀਆਇਆਂ ਨੂੰ ਕਿਹਾ ਅਤੇ ਇਸ ਮੌਕੇ ਉਹਨਾਂ ਦੇ ਨਾਲ ਕਮੇਟੀ ਦੇ ਬਾਕੀ ਅਹੁਦੇਦਾਰ ਸ਼ਸ਼ੀ ਕਾਂਤ, ਪ੍ਰਫੁੱਲ ਨਾਗਪਾਲ, ਅਸ਼ੀਸ਼ ਪੁਪਣੇਜਾ, ਰਵੀ ਨਾਗਪਾਲ
ਵੀ ਹਾਜ਼ਰ ਸਨ। ਇਸ ਮੌਕੇ ਮਾਨਯੋਗ ਜਿਲਾ ਤੇ ਸੈਸ਼ਨ ਜੱਜ ਅਵਤਾਰ ਸਿੰਘ ਜੀ ਨੇ ਵੀ 1971 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ1971 ਦੀ ਜੰਗ ਵਿੱਚ ਭਾਗ ਲੈਣ ਵਾਲੇ ਕਰਨਲ ਐਮਐਸ ਗਿੱਲ, ਮੇਜਰ ਜਨਰਲ ਐਨਆਰ ਜਾਖੜ, ਬ੍ਰਿਗੇਡੀਅਰ ਸੁਸ਼ੀਲ ਚਾਂਦਵਾਣੀ, ਕਰਨਲ ਚੰਦਰਕਾਂਤ ਸ਼ਰਮਾ ਵੀ ਹਾਜ਼ਰ ਸਨ।
ਇਸ ਮੌਕੇ ਜ਼ਿਲ੍ਹੇ ਵਿੱਚ ਹੋਏ ਭਾਸ਼ਣ ਮੁਕਾਬਲੇ ਵਿੱਚੋਂ ਪਹਿਲਾ ਇਨਾਮ ਹਾਸਲ ਕਰਨ ਵਾਲੀ ਇਸ਼ਿਤਾ ਠੁਕਰਾਲ ਨੇ ਆਪਣਾ ਜੋਸ਼ੀਲਾ ਭਾਸ਼ਣ ਵੀ ਪੇਸ਼ ਕੀਤਾ ਅਤੇ ਰਿਟਾਇਰਡ ਡਿਪਟੀ ਡਾਇਰੈਕਟਰ ਲੋਕ ਸੰਪਰਕ ਉਮਾ ਸ਼ਰਮਾ ਨੇ ਸਵਾਗਤੀ ਭਾਸ਼ਣ ਪੇਸ਼ ਕੀਤਾ । ਸਰਵ ਹਿੱਤਕਾਰੀ ਵਿੱਦਿਆ ਮੰਦਰ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੀ ਇੱਕ ਸਕਿਟ ਵੰਦੇ ਮਾਤਰਮ ਪੇਸ਼ ਕੀਤੀ ।
ਇਸ ਮੌਕੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ 1971 ਦੇ ਯੁੱਧ ਵਿੱਚ ਆਪਣੇ ਸੁਹਾਗ ਦੇਸ਼ ਲਈ ਨਿਓਛਾਵਰ ਕਰਨ ਵਾਲੀਆਂ ਵੀਰ ਨਾਰੀਆਂ ਜਿਨਾਂ ਵਿੱਚ ਨਿਰਮਲਾ ਦੇਵੀ, ਕਮਲਾ ਦੇਵੀ, ਰੁਕਮਣੀ ਦੇਵੀ, ਛੋਟੀ ਦੇਵੀ, ਸੁਮਨ ਗੌਰੀ ਰਜਤ ਅਤੇ ਫੂਲ ਬੰਤੀ ਦੇ ਨਾਮ ਸ਼ਾਮਿਲ ਹਨ ਉਹਨਾਂ ਨੂੰ ਸਨਮਾਨਿਤ ਵੀ ਕੀਤਾ।