ਸੰਗਰੂਰ, 19 ਅਕਤੂਬਰ- ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਜ਼ਿਲ੍ਹਾ ਹਸਪਤਾਲ ਸੰਗਰੂਰ ਅਤੇ ਪਟਿਆਲਾ ਦੇ ਹਸਪਤਾਲ ਵਿੱਚ ਪੁੱਜ ਕੇ
ਪਿੰਡ ਅਲੀਸ਼ੇਰ ਵਿਖੇ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਵਿਅਕਤੀਆਂ ਦਾ ਹਾਲ ਜਾਣਿਆ ਅਤੇ ਹਾਦਸੇ ਵਿੱਚ ਹੋਈ ਅੱਠ ਵਿਅਕਤੀਆਂ ਦੀ ਮੌਤ ’ਤੇ ਡੂੰਘੇ ਦੁੱਖ ਅਤੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰਾਂ ਨਾਲ ਦਿਲੀ ਹਮਦਰਦੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿੱਚ ਕੀਮਤੀ ਜਾਨਾਂ ਦਾ ਚਲੇ ਜਾਣਾ ਬੇਹੱਦ ਦੁਖਦਾਈ ਹੈ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਪਿਆ ਇਹ ਘਾਟਾ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਜ਼ਖ਼ਮੀਆਂ ਦਾ ਇਲਾਜ ਸਿਵਲ ਹਸਪਤਾਲ, ਸੰਗਰੂਰ ਅਤੇ ਸਰਕਾਰੀ ਰਜਿੰਦਰਾ ਹਸਪਤਾਲ, ਪਟਿਆਲਾ ਵਿਖੇ ਚੱਲ ਰਿਹਾ ਹੈ। ਸ਼੍ਰੀ ਗੋਇਲ ਨੇ ਕਿਹਾ ਕਿ ਉਨ੍ਹਾਂ ਨੇ ਡਾਕਟਰਾਂ ਅਤੇ ਮਰੀਜ਼ਾਂ ਨਾਲ ਵਿਸਥਾਰ ਵਿੱਚ ਗੱਲਬਾਤ ਕੀਤੀ ਹੈ ਤੇ ਹਸਪਤਾਲਾਂ ਵਿੱਚ ਦਾਖ਼ਲ ਸਾਰੇ ਜ਼ਖ਼ਮੀਆਂ ਦੀ ਹਾਲਤ ਫ਼ਿਲਹਾਲ ਸਥਿਰ ਹੈ ਅਤੇ ਡਾਕਟਰੀ ਟੀਮਾਂ ਵੱਲੋਂ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ।
ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਖ਼ਮੀਆਂ ਦੇ ਇਲਾਜ ਵਿੱਚ ਕਿਸੇ ਵੀ ਕਿਸਮ ਦੀ ਕਮੀ ਨਾ ਆਉਣ ਦੇਣ ਦੀਆਂ ਹਦਾਇਤਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਨੂੰ ਲੋੜੀਂਦੀਆਂ ਦਵਾਈਆਂ, ਜਾਂਚ ਅਤੇ ਹੋਰ ਡਾਕਟਰੀ ਸਹੂਲਤਾਂ ਸਮੇਂ ਸਿਰ ਮੁਹੱਈਆ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸਿਹਤ ਦੀ ਨਿਰੰਤਰ ਨਿਗਰਾਨੀ ਯਕੀਨੀ ਬਣਾਈ ਜਾਵੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਆਪਣੇ ਪਿਆਰਿਆਂ ਨੂੰ ਗੁਆਉਣ ਵਾਲੇ ਪਰਿਵਾਰਾਂ ਦੀ ਪੀੜ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੈ ਅਤੇ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਨੂੰ ਸਹਾਰਾ ਦੇਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੀੜਤ ਪਰਿਵਾਰਾਂ ਨਾਲ ਪੂਰੀ ਮਜ਼ਬੂਤੀ ਨਾਲ ਖੜ੍ਹੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ ਅਤੇ ਜ਼ਖ਼ਮੀਆਂ ਦਾ ਮੁਫ਼ਤ ਤੇ ਬਿਹਤਰ ਇਲਾਜ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਉਣ ਲਈ ਸਰਕਾਰ ਵਚਨਬੱਧ ਹੈ।
ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਇਸ ਹਾਦਸੇ ਕਾਰਨ ਸਮੁੱਚੇ ਲਹਿਰਾ ਹਲਕੇ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਉਨ੍ਹਾਂ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰ ਰਹੇ ਇਲਾਕਾ ਵਾਸੀਆਂ ਦੀ ਭਾਵਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜਿਹੇ ਔਖੇ ਸਮੇਂ ਵਿੱਚ ਆਪਸੀ ਸਹਿਯੋਗ ਅਤੇ ਹਮਦਰਦੀ ਪ੍ਰਭਾਵਿਤ ਪਰਿਵਾਰਾਂ ਲਈ ਵੱਡਾ ਸਹਾਰਾ ਬਣਦੇ ਹਨ।
ਉਨ੍ਹਾਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਦੁਖੀ ਪਰਿਵਾਰਾਂ ਨੂੰ ਇਹ ਅਸਹਿ ਭਾਣਾ ਮੰਨਣ ਦਾ ਬਲ ਬਖ਼ਸ਼ਣ। ਉਨ੍ਹਾਂ ਜ਼ਖ਼ਮੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਵੀ ਕਾਮਨਾ ਕੀਤੀ।

Leave a Reply