ਲਹਿਰਾ, 19 ਜੁਲਾਈ
ਵਿਧਾਨ ਸਭਾ ਹਲਕਾ ਲਹਿਰਾ ਦੇ ਪਿੰਡ ਅੜਕਵਾਸ, ਕੋਟੜਾ ਲਹਿਲ, ਗੋਬਿੰਦਪੁਰ ਪਾਪੜਾ ਅਤੇ ਚੂੜਲ ਖੁਰਦ ਵਿਖੇ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਪੱਕੇ ਹੱਲ ਲਈ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਕਰੀਬ 03 ਕਰੋੜ 73 ਲੱਖ ਦੀ ਲਾਗਤ ਵਾਲੀਆਂ ਜਲ ਸਪਲਾਈ ਸਕੀਮਾਂ ਦੇ ਨੀਂਹ ਪੱਥਰ ਰੱਖੇ, ਜਿਨ੍ਹਾਂ ਵਿੱਚ ਪਿੰਡ ਅੜਕਵਾਸ ਵਿਖੇ ਕਰੀਬ 01 ਕਰੋੜ 14 ਲੱਖ 50 ਹਜ਼ਾਰ, ਕੋਟੜਾ ਲਹਿਲ ਵਿਖੇ 95.23 ਲੱਖ, ਗੋਬਿੰਦਪੁਰ ਪਾਪੜਾ ਵਿਖੇ 01 ਕਰੋੜ 08 ਲੱਖ 88 ਹਜ਼ਾਰ ਰੁਪਏ ਅਤੇ ਚੂੜਲ ਖੁਰਦ ਵਿਖੇ 54.59 ਲੱਖ ਰੁਪਏ ਦੇ ਪ੍ਰੋਜੈਕਟ ਸ਼ਾਮਲ ਹਨ।
ਇਹਨਾਂ ਸਕੀਮਾਂ ਤਹਿਤ ਇਹਨਾਂ ਪਿੰਡਾਂ ਵਿੱਚ ਟਿਊਬਵੈੱਲ, ਟੈਂਕੀ, ਵਾਟਰ ਸਪਲਾਈ ਕੁਨੈਕਸ਼ਨ, ਸੋਲਰ ਪੈਨਲ ਤੇ ਹੋਰ ਲੋੜੀਂਦਾ ਸਾਜੋ ਸਾਮਾਨ ਸਰਕਾਰ ਵੱਲੋਂ ਲਾਇਆ ਜਾਵੇਗਾ ਅਤੇ ਕਲੋਰੀਨ ਪਾ ਕੇ ਹੀ ਪਾਣੀ ਲੋਕਾਂ ਤਕ ਸਪਲਾਈ ਕੀਤਾ ਜਾਵੇਗਾ। ਲੋਕਾਂ ਨੂੰ ਪੂਰਾ ਸ਼ੁੱਧ ਪਾਣੀ ਮਿਲੇਗਾ ਤੇ ਇਸ ਨਾਲ ਉਹ ਬਿਮਾਰੀਆਂ ਤੋਂ ਵੀ ਬਚੇ ਰਹਿਣਗੇ। ਇਹਨਾਂ ਪ੍ਰੋਜੈਕਟਾਂ ਦੀ ਮੰਗ ਇਹਨਾਂ ਪਿੰਡ ਵਾਸੀਆਂ ਵੱਲੋਂ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ ਤੇ ਅੱਜ ਇਥੋਂ ਦੇ ਲੋਕਾਂ ਦੀ ਚਿਰਕੋਣੀ ਮੰਗ ਪੂਰੀ ਹੋਣ ਜਾ ਰਹੀ ਹੈ।
ਨੀਂਹ ਪੱਥਰ ਰੱਖਣ ਸਬੰਧੀ ਰੱਖੇ ਸਮਾਗਮਾਂ ਦੌਰਾਨ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹੈ ਤੇ ਮੁਸ਼ਕਲਾਂ ਦੇ ਹੱਲ ਸਬੰਧੀ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਇਸੇ ਲੜੀ ਤਹਿਤ ਇਹ ਪ੍ਰੋਜੈਕਟ ਲਿਆਂਦੇ ਗਏ ਹਨ, ਜਿਨ੍ਹਾਂ ਨੂੰ ਕਿ ਸਮਾਂਬੱਧ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ ਤੇ ਪ੍ਰੋਜੈਕਟਾਂ ਦੇ ਮਿਆਰ ਬਾਬਤ ਕੋਈ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਕੈਬਨਿਟ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਿਰਮਾਣ ਕਾਰਜਾਂ ਦੀ ਖੁਦ ਨਿਗਰਾਨੀ ਕਰਨ ਅਤੇ ਜੇਕਰ ਕਿਤੇ ਕੋਈ ਤਰੁਟੀ ਲਗਦੀ ਹੈ ਤਾਂ ਫੌਰੀ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ। ਉਹਨਾਂ ਨੇ ਭਰੋਸਾ ਦਿਵਾਇਆ ਕਿ ਇਹ ਪ੍ਰੋਜੈਕਟ ਤੈਅ ਸਮੇਂ ਵਿੱਚ ਪੂਰੇ ਕਰ ਕੇ ਲੋਕ ਅਰਪਿਤ ਕੀਤੇ ਜਾਣਗੇ।
ਇਸ ਮੌਕੇ ਕੈਬਨਿਟ ਮੰਤਰੀ ਨੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਤੇ ਉਹਨਾਂ ਵਿਚੋਂ ਕਈ ਮੌਕੇ ਉੱਤੇ ਹੀ ਹੱਲ ਕੀਤੀਆਂ ਤੇ ਬਾਕੀਆਂ ਸਬੰਧੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।
ਇਸ ਮੌਕੇ ਪੀ.ਏ. ਰਾਕੇਸ਼ ਕੁਮਾਰ ਗੁਪਤਾ,
ਐਕਸੀਅਨ ਹਨੀ ਗੁਪਤਾ, ਐੱਸ.ਡੀ.ਓ. ਜਤਿੰਦਰ ਸਿੰਘ, ਜੇ.ਈ. ਨਿਪੁਨ ਗੋਇਲ, ਗੋਰਖਾ ਸਿੰਘ ਸਰਪੰਚ ਪਿੰਡ ਕੋਟੜਾ ਲਹਿਲ, ਅਮਨਦੀਪ ਸਿੰਘ, ਹਰਜੀਤ ਸਿੰਘ, ਬੌਬੀ ਸਿੰਘ, ਅਮਿਤ ਗੋਇਲ, ਅਜੈਬ ਸਿੰਘ ਪਿੰਡ ਚੂੜਲ ਖੁਰਦ, ਭਗਵੰਤ ਸਿੰਘ ਪਿੰਡ ਅੜਕਵਾਸ, ਗੋਬਿੰਦ ਸਿੰਘ, ਪਰਗਟ ਸਿੰਘ,
ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ, ਪਤਵੰਤੇ ਅਤੇ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।