
ਹੁਸ਼ਿਆਰਪੁਰ, 8 ਅਗਸਤ:
ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਅਧੀਨ ਆਉਂਦੇ ਬਲਾਕ ਭੂੰਗਾ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਬਲਾਕ ਭੂੰਗਾ ਵਿੱਚ ਕਿਸਾਨਾਂ ਨੂੰ ਸਬਸਿਡੀ ‘ਤੇ ਆਧੁਨਿਕ ਖੇਤੀ ਮਸ਼ੀਨਾਂ ਦਿੱਤੀਆਂ।
ਇਸ ਪਹਿਲ ਦਾ ਮੁੱਖ ਮਕਸਦ ਕਿਸਾਨਾਂ ਨੂੰ ਖੇਤੀ ਦੇ ਆਧੁਨਿਕ ਤਰੀਕਿਆਂ ਨਾਲ ਜੋੜਨਾ ਅਤੇ ਪਰਾਲੀ ਸਾੜਨ ਦੀ ਸਮੱਸਿਆ ਦਾ ਹੱਲ ਕਰਨਾ ਹੈ। ਇਸ ਪ੍ਰੋਗਰਾਮ ਵਿੱਚ ਕਿਸਾਨਾਂ ਨੂੰ ਮਿਲ ਰਹੀ ਸਹਾਇਤਾ ਨਾਲ ਉਹ ਨਾ ਸਿਰਫ ਆਪਣੀ ਖੇਤੀ ਦੀ ਕਾਰਜਕੁਸ਼ਲਤਾ ਵਧਾ ਸਕਣਗੇ, ਸਗੋਂ ਵਾਤਾਵਰਣ ਨੂੰ ਵੀ ਸੁਰੱਖਿਅਤ ਰੱਖ ਸਕਣਗੇ।
ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਆਧੁਨਿਕ ਖੇਤੀ ਮਸ਼ੀਨਾਂ ਦੀ ਵਰਤੋਂ ਕਰਕੇ ਅਸੀਂ ਨਾ ਸਿਰਫ ਕਿਸਾਨਾਂ ਦੀ ਆਮਦਨ ਵਧਾ ਸਕਦੇ ਹਾਂ, ਸਗੋਂ ਵਾਤਾਵਰਣ ਦੀ ਸੁਰੱਖਿਆ ਵੀ ਕਰ ਸਕਦੇ ਹਾਂ। ਇਹ ਪਹਿਲ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਪ੍ਰੇਰਿਤ ਕਰੇਗੀ, ਜਿਸ ਨਾਲ ਨਾ ਸਿਰਫ ਹਵਾ ਪ੍ਰਦੂਸ਼ਣ ਵਿੱਚ ਕਮੀ ਆਵੇਗੀ, ਸਗੋਂ ਮਿੱਟੀ ਦੀ ਸਿਹਤ ਵੀ ਬਣੀ ਰਹੇਗੀ। ਸਾਨੂੰ ਸਭ ਨੂੰ ਮਿਲ ਕੇ ਇਹ ਸੰਕਲਪ ਲੈਣਾ ਚਾਹੀਦਾ ਹੈ ਕਿ ਅਸੀਂ ਖੇਤੀ ਵਿੱਚ ਨਵੀਨਤਾ ਨੂੰ ਅਪਣਾਈਏ ਅਤੇ ਪਰਾਲੀ ਸਾੜਨ ਤੋਂ ਬਚੀਏ। ਇਹ ਕਦਮ ਸਾਨੂੰ ਭਵਿੱਖ ਲਈ ਇੱਕ ਸਿਹਤਮੰਦ ਅਤੇ ਸਸ਼ਕਤ ਖੇਤੀ ਪ੍ਰਣਾਲੀ ਦੀ ਦਿਸ਼ਾ ਵਿੱਚ ਅੱਗੇ ਵਧਾਏਗਾ।
ਡਾ. ਰਵਜੋਤ ਸਿੰਘ ਨੇ ਕਿਸਾਨਾਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਇਨ੍ਹਾਂ ਮਸ਼ੀਨਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ, ਤਾਂ ਜੋ ਨਾ ਸਿਰਫ ਖੇਤੀ ਉਤਪਾਦਨ ਵਧੇ, ਸਗੋਂ ਵਾਤਾਵਰਣ ਦੀ ਸੁਰੱਖਿਆ ਵੀ ਹੋ ਸਕੇ। ਉਨ੍ਹਾਂ ਕਿਹਾ ਕਿ ਇਹ ਪਹਿਲ ਕਿਸਾਨਾਂ ਲਈ ਇੱਕ ਸਕਾਰਾਤਮਕ ਬਦਲਾਅ ਲਿਆਵੇਗੀ ਅਤੇ ਖੇਤੀ ਖੇਤਰ ਵਿੱਚ ਤਕਨੀਕੀ ਸੁਧਾਰ ਦੇ ਨਾਲ-ਨਾਲ ਪੇਂਡੂ ਅਰਥਵਿਵਸਥਾ ਨੂੰ ਵੀ ਮਜਬੂਤੀ ਪ੍ਰਦਾਨ ਕਰੇਗੀ।
ਪ੍ਰੋਗਰਾਮ ਵਿੱਚ ਕਿਸਾਨਾਂ ਨੂੰ ਵੱਖ-ਵੱਖ ਕਿਸਮ ਦੇ ਖੇਤੀ ਯੰਤਰਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਨੂੰ ਇਨ੍ਹਾਂ ਮਸ਼ੀਨਾਂ ਦੀ ਸਹੀ ਵਰਤੋਂ ਕਰਨ ਦੀ ਦਿਸ਼ਾ ਵਿੱਚ ਸਿਖਲਾਈ ਵੀ ਦਿੱਤੀ ਗਈ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਦੀਪਿੰਦਰ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜਰ ਸਨ।