ਲੰਬੀ/ਸ੍ਰੀ ਮਕਤਸਰ ਸਾਹਿਬ, 8 ਜੁਲਾਈ:

ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਲੰਬੀ ਹਲਕੇ ‘ਚ 6.44 ਕਰੋੜ ਦੀ ਲਾਗਤ ਨਾਲ ਹੋਣ ਵਾਲੀ ਵੱਖ-ਵੱਖ ਸੜਕਾਂ ਦੀ ਅਪਗ੍ਰੇਡੇਸ਼ਨ ਦੇ ਨੀਂਹ ਪੱਥਰ ਰੱਖੇ। ਇਸ ਮੌਕੇ ਕੈਬਨਿਟ ਮੰਤਰੀ ਖੁੱਡੀਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਸੂਬੇ ਦੇ ਹਰ ਪਿੰਡ, ਕਸਬੇ ਅਤੇ ਸ਼ਹਿਰ ਦੇ ਨਿਵਾਸੀਆਂ ਦੀਆਂ ਜ਼ਰੂਰਤਾਂ ਤੋਂ ਭਲੀ ਭਾਂਤ ਜਾਣੂ ਹੈ ਅਤੇ ਸਰਕਾਰ ਬਣਾਉਣ ਦੇ ਪਹਿਲੇ ਦਿਨ ਤੋਂ ਸੂਬੇ ਦੇ ਹਰ ਹਿੱਸੇ ਵਿੱਚ ਵਿਕਾਸ ਕਾਰਜ ਪੂਰੇ ਪਾਰਦਰਸ਼ੀ ਢੰਗ ਨਾਲ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਲੰਬੀ ਅਧੀਨ ਆਉਂਦੇ ਹਰ ਖੇਤਰ ਦੀ ਦਿੱਖ ਨੂੰ ਸੰਵਾਰਨ ਅਤੇ ਇਥੇ ਵਸਦੇ ਨਾਗਰਿਕਾਂ ਦੀ ਹਰ ਜ਼ਰੂਰਤ ਨੂੰ ਤਰਜੀਹ ਦੇ ਆਧਾਰ ’ਤੇ ਪੂਰਾ ਕੀਤਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਪਿੰਡਾਂ ਨੂੰ ਆਪਸ ਵਿੱਚ ਜੋੜਨ ਵਾਲੀਆਂ ਸੜਕਾਂ ਨੂੰ ਲੋਕਾਂ ਦੀਆਂ ਜ਼ਰੂਰਤਾਂ ਦੇ ਅਨੁਕੂਲ ਬਣਾਇਆ ਜਾ ਰਿਹਾ ਹੈ।

ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਖੁੱਡੀਆਂ ਤੋਂ ਮੇਨ ਰੋਡ (ਐਪਲ ਸਕੂਲ) ਵਾਇਆ ਢਾਣੀ ਪਾਣੀਪਤ ਵਾਲਿਆਂ ਦੀ ਵਾਲੀ ਸੜਕ ਜਿਸਦੀ ਲੰਬਾਈ 3.15 ਕਿਲੋਮੀਟਰ ਹੈ ਨੂੰ 1 ਕਰੋੜ 18 ਲੱਖ ਰੁਪਏ ਨਾਲ ਤਿਆਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਲੰਬੀ ਤੋਂ ਖੁੱਡੀਆਂ ਮਹਾਂ ਸਿੰਘ ਸੜਕ ਜਿਸਦੀ ਲੰਬਾਈ 3.20 ਕਿਲੋਮੀਟਰ ਹੈ ਦਾ 1 ਕਰੋੜ 67 ਲੱਖ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਹਿਣਾ ਖੇੜਾ ਤੋਂ ਟੀ.ਆਰ.-01 ਤੋਂ ਐਨ.ਐਚ. 09 ਤੱਕ 4.71 ਲੰਬਾਈ ਵਾਲੀ ਸੜਕ 2 ਕਰੋੜ 02 ਲੱਖ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕੀਤੀ ਜਾਵੇਗੀ ਅਤੇ ਗੁਰੂਸਰ ਯੋਧਾ ਤੋਂ ਸ਼ਾਮ ਖੇੜਾ ਤੱਕ 2.54 ਕਿਲੋਮੀਟਰ ਲੰਬੀ ਸੜਕ ਦਾ 1 ਕਰੋੜ 23 ਲੱਖ ਰੁਪਏ ਨਾਲ ਨਵੀਨੀਕਰਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸ਼ਾਮ ਖੇੜਾ ਤੋਂ ਬਲੋਚ ਕੇਰਾਂ ਰੋਡ ਤੋਂ ਢਾਣੀ ਜਰਮਨ ਸਿੰਘ/ਉਦੈਪਾਲ ਸਿੰਘ ਸੜਕ ਜਿਸਦੀ ਲੰਬਾਈ 1.09 ਕਿਲੋਮੀਟਰ ਹੈ ਨੂੰ 34 ਲੱਖ ਰੁਪਏ ਦੀ ਲਾਗਤ ਨਵੇਂ ਸਿਰੇ ਤੋਂ ਤਿਆਰ ਕੀਤਾ ਜਾਵੇਗਾ।

ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਨਿਰਧਾਰਿਤ ਪ੍ਰੋਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਨ ਤਾਂ ਜੋ ਲੋਕਾਂ ਨੂੰ ਸੜਕਾਂ ਨਾਲ ਸੰਬੰਧਿਤ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰ ਵਿਕਾਸ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਮੌਕੇ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਲੋਕਾਂ ਦੇ ਪੈਸੇ ਦੀ ਪੂਰੇ ਸਹੀ ਢੰਗ ਨਾਲ ਵਰਤਿਆ ਜਾਵੇ ਅਤੇ ਕਿਸੇ ਵੀ ਪੱਧਰ ‘ਤੇ ਕਿਸੇ ਵੀ ਤਰ੍ਹਾਂ ਦੀ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਂਦਾ।

ਇਸ ਮੌਕੇ ਰਛਪਾਲ ਸਿੰਘ ਚੇਅਰਮੈਨ, ਕੈਬਨਿਟ ਮੰਤਰੀ ਦੇ ਨਿੱਜੀ ਸਹਾਇਕ ਗੁਰਬਾਜ ਸਿੰਘ ਖੁੱਡੀਆਂ, ਮੰਡੀ ਬੋਰਡ ਤੋਂ ਵੀਨਸ ਗਰਗ, ਰੁਪਿੰਦਰ ਸਿੰਘ ਸਿੱਧੂ ਸਰਪੰਚ ਖੁੱਡੀਆਂ ਗੁਲਾਬ ਸਿੰਘ, ਹਰਮੇਲ ਸਿੰਘ ਸਰਪੰਚ ਖੁੱਡੀਆਂ ਮਹਾਂ ਸਿੰਘ, ਤੋਜੀ ਲੰਬੀ, ਸ਼ਿਵਰਾਜ ਸਿੰਘ ਲੰਬੀ, ਦਿਲਪ੍ਰੀਤ ਸਿੰਘ, ਸੁਖਵਿੰਦਰ ਸਿੰਘ ਗੁਰੂਸਰ, ਰਛਪਾਲ ਸਿੰਘ ਸਰਪੰਚ ਗੁਰੂਸਰ, ਕਾਰਜ ਸਿੰਘ ਗੜੀਆ, ਕਰਨਬੀਰ ਸਿੰਘ ਸਰਾਵਾਂ, ਦਰੋਗਾ ਸਿੰਘ, ਗੋਗੀ ਜੈਦ, ਸੁਖਦੀਪ ਸਿੰਘ ਸ਼ਾਮਖੇੜਾ, ਰਾਜ ਭੀਟੀ ਵਾਲਾ, ਸਰਪੰਚ ਕਾਲਾ ਸਿੰਘ ਭੀਟੀ ਵਾਲਾ, ਸੰਗਤ ਸਿੰਘ ਸ਼ਾਮ ਖੇੜਾ, ਰਾਜਾ ਮਾਹੂਆਣਾ, ਜੋਧਾ ਲੰਬੀ, ਗੁਰਸੇਵਕ ਲੰਬੀ, ਗੁਰਦਾਸ ਲੰਬੀ, ਜਰਮਲ ਸਰਪੰਚ ਢਾਣੀ ਬਰਕੀ, ਗੁਰਦਿਆਲ ਸਿੰਘ ਤੋਂ ਇਲਾਵਾ ਸੰਬੰਧਿਤ ਵੱਖ-ਵੱਖ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਦੇ ਸਰਪੰਚ, ਪੰਚ ਅਤੇ ਹੋਰ ਮੋਹਤਬਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *