‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਤਹਿਤ ਮਾਲੇਰਕੋਟਲਾ ਪੁਲਿਸ ਵੱਲੋਂ ਤਿੰਨ ਹਥਿਆਰਬੰਦ ਹਿਸਟਰੀਸ਼ੀਟਰ ਗ੍ਰਿਫ਼ਤਾਰ

ਮਲੇਰਕੋਟਲਾ 04 ਸਤੰਬਰ: ਗੈਂਗਸਟਰਾਂ, ਨਾਜਾਇਜ਼ ਹਥਿਆਰਾਂ ਅਤੇ ਸੰਗਠਿਤ ਅਪਰਾਧ ਵਿਰੁੱਧ ਚਲਾਈ ਜਾ ਰਹੀ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਤਹਿਤ ਮਲੇਰਕੋਟਲਾ ਪੁਲਿਸ ਨੇ ਤਿੰਨ ਹਥਿਆਰਬੰਦ ਹਿਸਟਰੀਸ਼ੀਟਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਦੇਸੀ .32 ਬੋਰ ਪਿਸਤੌਲ ਅਤੇ 6 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਸਈਦ ਸਹਿਮੂਨ ਉਰਫ਼ ਮੂਨ, ਪੁੱਤਰ ਮੁਹੰਮਦ ਮੇਹਰਾਜ, ਵਾਸੀ ਗਰੀਬ ਨਗਰੀ, ਈਦਗਾਹ ਰੋਡ, ਮਲੇਰਕੋਟਲਾ; ਮੁਹੰਮਦ ਸਮੀਰ ਉਰਫ਼ ਸਾਜੀ, ਪੁੱਤਰ ਮੁਹੰਮਦ ਸਕੀਲ, ਵਾਸੀ ਈਦਗਾਹ ਫਾਟਕ ਨੇੜੇ, ਇਮਾਮਗੜ੍ਹ ਰੋਡ, ਮਲੇਰਕੋਟਲਾ; ਅਤੇ ਮੁਹੰਮਦ ਅਵੈਸ ਉਰਫ਼ ਬੰਸਰੀ ਵਾਲਾ, ਪੁੱਤਰ ਅੱਬਾਸ, ਵਾਸੀ ਮੁਹੱਲਾ ਚੁਹੱਟਾ, ਮਲੇਰਕੋਟਲਾ ਵਜੋਂ ਹੋਈ ਹੈ।

ਐੱਸ.ਐੱਸ.ਪੀ. ਮਲੇਰਕੋਟਲਾ  ਹਰਕਮਲਪ੍ਰੀਤ ਸਿੰਘ ਖੱਖ, ਪੀ.ਪੀ.ਐੱਸ. ਨੇ ਦੱਸਿਆ ਕਿ ਪੁਲਿਸ ਟੀਮ ਨੇ ਭਰੋਸੇਯੋਗ ਸੂਚਨਾ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ। ਆਪ੍ਰੇਸ਼ਨ ਦੀ ਯੋਜਨਾ ਸ੍ਰੀ ਰਾਮਨਦੀਪ ਸਿੰਘ ਭੁੱਲਰ, ਪੀ.ਪੀ.ਐੱਸ., ਐੱਸ.ਪੀ. (ਇਨਵੈਸਟੀਗੇਸ਼ਨ) ਅਤੇ ਸ੍ਰੀ ਦੀਪਵਿੰਦਰਪਾਲ ਸਿੰਘ, ਪੀ.ਪੀ.ਐੱਸ., ਡੀ.ਐੱਸ.ਪੀ. (ਇਨਵੈਸਟੀਗੇਸ਼ਨ), ਮਲੇਰਕੋਟਲਾ ਦੀ ਅਗਵਾਈ ਹੇਠ ਬਣਾਈ ਗਈ ਅਤੇ ਇੰਸਪੈਕਟਰ ਹਰਜਿੰਦਰ ਸਿੰਘ, ਇੰਚਾਰਜ ਸੀ.ਆਈ.ਏ. ਸਟਾਫ਼ ਮਹੋਰਾਣਾ, ਸਮੇਤ ਏ.ਐੱਸ.ਆਈ. ਲਖਵਿੰਦਰ ਸਿੰਘ ਦੀ ਪੁਲਿਸ ਟੀਮ ਵੱਲੋਂ ਅਮਲ ਵਿੱਚ ਲਿਆਂਦੀ ਗਈ।

ਲੁਧਿਆਣਾ ਬਾਈਪਾਸ ਨੇੜੇ ਵਾਹਨਾਂ ਦੀ ਚੈਕਿੰਗ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਪਹਿਲਾਂ ਦਰਜ ਇੱਕ ਫਾਇਰਿੰਗ ਮਾਮਲੇ ਵਿੱਚ ਲੋੜੀਂਦੇ ਤਿੰਨੋਂ ਮੁਲਜ਼ਮ ਨੇੜਲੇ ਬਿਜਲੀ ਗਰਿੱਡ ਕੋਲ ਲੁਕੇ ਹੋਏ ਹਨ। ਪੁਲਿਸ ਟੀਮ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਤਿੰਨਾਂ ਨੂੰ ਕਾਬੂ ਕਰ ਲਿਆ।

ਤਲਾਸ਼ੀ ਦੌਰਾਨ ਸਈਦ ਸਹਿਮੂਨ ਉਰਫ਼ ਮੂਨ ਪਾਸੋਂ ਇੱਕ .32 ਬੋਰ ਦੇਸੀ ਪਿਸਤੌਲ ਅਤੇ 2 ਜਿੰਦਾ ਕਾਰਤੂਸ, ਮੁਹੰਮਦ ਸਮੀਰ ਉਰਫ਼ ਸਾਜੀ ਪਾਸੋਂ ਇੱਕ .32 ਬੋਰ ਦੇਸੀ ਪਿਸਤੌਲ ਅਤੇ 2 ਜਿੰਦਾ ਕਾਰਤੂਸ, ਜਦਕਿ ਮੁਹੰਮਦ ਅਵੈਸ ਉਰਫ਼ ਬੰਸਰੀ ਵਾਲਾ ਪਾਸੋਂ 2 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ।

ਇਸ ਸਬੰਧੀ ਐੱਫ.ਆਈ.ਆਰ. ਨੰਬਰ 235 ਤਹਿਤ ਧਾਰਾ 25/54/59 ਆਰਮਜ਼ ਐਕਟ ਅਤੇ ਧਾਰਾ 112 ਬੀ.ਐੱਨ.ਐੱਸ. ਅਧੀਨ ਥਾਣਾ ਸਿਟੀ-2, ਮਲੇਰਕੋਟਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਪੁਲਿਸ ਰਿਮਾਂਡ ਲਿਆ ਗਿਆ ਅਤੇ ਬਾਅਦ ਵਿੱਚ ਕੇਂਦਰੀ ਜੇਲ੍ਹ, ਪਟਿਆਲਾ ਭੇਜ ਦਿੱਤਾ ਗਿਆ।

ਐੱਸ.ਐੱਸ.ਪੀ. ਖੱਖ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਦਾ ਨਾਜਾਇਜ਼ ਹਥਿਆਰ ਰੱਖਣ ਅਤੇ ਫਾਇਰਿੰਗ ਨਾਲ ਸਬੰਧਤ ਮਾਮਲਿਆਂ ਵਿੱਚ ਪਿਛੋਕੜ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਤਹਿਤ ਗੈਂਗਸਟਰਾਂ, ਨਾਜਾਇਜ਼ ਹਥਿਆਰਾਂ ਅਤੇ ਸੰਗਠਿਤ ਅਪਰਾਧ ਵਿਰੁੱਧ ਪੁਲਿਸ ਦੀ ਕਾਰਵਾਈ ਲਗਾਤਾਰ ਜਾਰੀ ਰਹੇਗੀ।


Posted

in

,

by

Comments

Leave a Reply

Your email address will not be published. Required fields are marked *