ਪੰਜਾਬ ‘ਚ ਪੈ ਰਹੀ ਕੜਾਕੇ ਦੀ ਠੰਡ ਅਤੇ ਧੁੰਦ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਅਹਿਮ ਫੈਸਲਾ ਲਿਆ ਹੈ। ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਪਹਿਲੀ ਜਮਾਤ ਤੋਂ ਦੱਸਵੀਂ ਜਮਾਤ ਤੱਕ ਦੀਆਂ ਛੁੱਟੀਆਂ ਕਰ ਦਿੱਤੀਆਂ ਹਨ। ਹੁਣ ਪੰਜਾਬ ਦੇ ਸਾਰੇ ਸਕੂਲ 14 ਜਨਵਰੀ ਤੱਕ ਬੰਦ ਰਹਿਣਗੇ ਅਤੇ 15 ਜਨਵਰੀ ਤੋਂ ਖੁੱਲ੍ਹਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ਰਾਬ ਮੌਸਮ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਨਾਲ ਬੱਚਿਆਂ ਦੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਜਾਣ ਵਾਲੇ ਵਿਦਿਆਰਥੀਆਂ ਦੇ ਵਡੇਰੇ ਹਿੱਤਾਂ ਲਈ ਇਹ ਹੁਕਮ ਜ਼ਰੂਰੀ ਹੈ ਅਤੇ ਸਕੂਲ 14 ਜਨਵਰੀ ਤੱਕ ਬੰਦ ਰਹਿਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਸਮਾਜ ਦੇ ਹਰੇਕ ਵਰਗ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਅੰਮ੍ਰਿਤਸਰ ਵਿਚ ਸਰਕਾਰੀ ਸਕੂਲ ਦੇ ਵਿਦਿਆਰਥੀ ਦੀ ਠੰਡ ਕਾਰਨ ਮੌਤ ਹੋ ਗਈ ਸੀ। ਵਿਦਿਆਰਥੀ ਨੂੰ ਠੰਡ ਕਾਰਨ ਬੁਖਾਰ ਆਇਆ ਸੀ। ਡਾਕਟਰਾਂ ਮੁਤਾਬਕ ਵਿਦਿਆਰਥੀ ਦੇ ਦਿਮਾਗ ਵਿਚ ਬੁਖਾਰ ਕਾਰਨ ਸੋਜਿਸ ਹੋ ਗਈ ਸੀ। ਉਹ ਦੋ ਭੈਣਾਂ ਦੀ ਇਕਲੌਤਾ ਭਰਾ ਸੀ। ਵਿਦਿਆਰਥੀ ਦੀ ਪਛਾਣ ਪ੍ਰਦੀਪ ਸਿੰਘ ਵਾਸੀ ਅਜਨਾਲਾ ਦੇ ਪਿੰਡ ਵਰੀਆਂ ਵਜੋਂ ਹੋਈ ਹੈ। 7 ਸਾਲ ਦੇ ਪ੍ਰਦੀਪ ਕੁਮਾਰ ਨੂੰ 31 ਦਸੰਬਰ ਨੂੰ ਬੁਖਾਰ ਚੜ੍ਹ ਗਿਆਸੀ ਜਿਸ ਦੇ ਬਾਅਦ ਉਸਨੂੰ ਅਜਨਾਲਾ ਹਸਪਤਾਲ ਲਿਜਾਇਆ ਗਿਆ ਪਰ ਉਥੋਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। 3 ਦਿਨ ਤੱਕ ਵੱਖ-ਵੱਖ ਹਸਪਤਾਲਾਂ ਵਿਚ ਜਾਣ ਤੋਂ ਬਾਅਦ ਪਰਿਵਾਰ ਬੱਚੇ ਨੂੰ ਘਰ ਵਾਪਸ ਲੈ ਆਇਆ। ਇਸ ਦੌਰਾਨ ਬੱਚੇ ਦੀ ਮੌਤ ਹੋ ਗਈ।
