
ਬਟਾਲਾ, 27 ਅਗਸਤ ( ) ਅੱਜ ਜਦੋਂ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਬਹਿਰਾਮਪੁਰ ਵਿਖੇ ਹੜ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰ ਰਹੇ ਸਨ ਤਾਂ ਮੁੱਖ ਮੰਤਰੀ ਪੰਜਾਬ ਨੂੰ ਸੂਬੇ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਸ਼ੈਰੀ ਕਲਸੀ ਦੇ ਨਾਲ ਬਹਿਰਾਮਪੁਰ ਦੇ ਪੰਚ-ਸਰਪੰਚ ਮਿਲੇ ਤੇ ਸਾਰੀ ਸਥਿਤੀ ਤੋਂ ਜਾਣੂੰ ਕਰਵਾਇਆ। ਮੁੱਖ ਮੰਤਰੀ ਪੰਜਾਬ ਨੇ ਤੁਰੰਤ ਹੜ ਪ੍ਰਭਾਵਿਤ ਪਿੰਡਾਂ ਵਿੱਚ ਰਾਹਤ ਸਮੱਗਰੀ ਵੰਡਣ ਲਈ ਆਪਣਾ ਹੈਲੀਕਾਪਟਰ ਤਾਇਨਾਤ ਕੀਤਾ ਤਾਂ ਜੋ ਪੀੜਤਾਂ ਨੂੰ ਤੁਰੰਤ ਰਾਹਤ ਸਮੱਗਰੀ ਵੰਡਣ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਇਸ ਮੌਕੇ ਜੋਬਨ ਰੰਧਾਵਾ, ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਅਤੇ ਜਿਲ੍ਹਾ ਪ੍ਰਧਾਨ ਆਪ ਪਾਰਟੀ, ਚੇਅਰਮੈਨ ਰਾਜੀਵ ਸ਼ਰਮਾ, ਚੇਅਰਮੈਨ ਬਲਜੀਤ ਸਿੰਘ ਦੀਨਾਨਗਰ, ਮੁੱਖਦੇਵ ਸਿੰਘ ਆਲੋਵਾਲ ਜ਼ਿਲ੍ਹਾ ਮੀਡੀਆ ਇੰਚਾਰਜ ਆਪ ਪਾਰਟੀ ਅਤੇ ਪਾਰਟੀ ਦੇ ਆਗੂ ਤੇ ਵਲੰਟੀਅਰ ਮੌਜੂਦ ਸਨ।
ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਵਲੋਂ ਰਾਵੀ ਦਰਿਆ ਨਾਲ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ ਹੈ। ਉਨ੍ਹਾਂ ਵਲੋਂ ਅਧਿਕਾਰੀਆਂ ਨੂੰ ਪ੍ਰਭਾਵਿਤ ਪਿੰਡਾਂ ਵਿੱਚ ਨਿਰਵਿਘਨ ਰਾਹਤ ਸਮੱਗਰੀ ਵੰਡਣ ਲਈ ਕਿਹਾ ਹੈ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਸਰਕਾਰ ਕਿਸਾਨਾਂ ਤੇ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ।
ਉਨ੍ਹਾਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ’ਤੇ ਪ੍ਰਸਾਸ਼ਨ ਪੂਰੀ ਤਰ੍ਹਾਂ ਹਰ ਸਥਿਤੀ ਤੇ ਨਜ਼ਰ ਰੱਖ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਨਾਲ ਖੇਤਾਂ ਅਤੇ ਦਰਿਆ ਨੇੜਲੇ ਪਿੰਡਾਂ ਵਿੱਚ ਪਾਣੀ ਵੜਿਆ ਹੈ।
ਵਿਧਾਇਕ ਸ਼ੈਰੀ ਕਲਸੀ ਨੇ ਬਹਿਰਾਮਪੁਰ ਵਿਖੇ ਦੌਰਾ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਦਰਿਆ ਨਾਲ ਲੱਗਦੇ ਖੇਤਰਾਂ ਵਿੱਚ ਜਾਣ ਤੋਂ ਗੁਰੇਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲਗਾਤਾਰ ਬਾਰਿਸ਼ ਆਉਣ ਨਾਲ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਹੈ ਅਤੇ ਹੇਠਲੇ ਇਲਾਕਿਆਂ ਦੇ ਖੇਤਾਂ ਵਿੱਚ ਵੀ ਕਾਫੀ ਮਾਤਰਾ ਵਿੱਚ ਪਾਣੀ ਆ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਪ੍ਰਸਾਸ਼ਨ ਵੱਲੋਂ ਪਸ਼ੂਆਂ ਦੇ ਲਈ ਹਰੇ ਚਾਰੇ ਦਾ ਪ੍ਰਬੰਧ ਕੀਤਾ ਗਿਆ ਹੈ, ਰਾਹਤ ਕੈਂਪ ਬਣਾਏ ਗਏ ਹਨ ਅਤੇ ਪ੍ਰਭਾਵਿਤ ਲੋਕਾਂ ਤੱਕ ਪਹੁੰਚ ਕੀਤੀ ਗਈ ਹੈ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਫੀਲਡ ਵਿੱਚ ਹਨ।