ਮਾਨਸਾ, 30 ਅਪ੍ਰੈਲ :
ਸਫਾਈ ਸੇਵਕਾਂ ਦਾ ਕੰਮ ਬਹੁਤ ਹੀ ਜ਼ਿਆਦਾ ਮੁਸ਼ਿਕਲ ਹੁੰਦਾ ਹੈ ਅਤੇ ਸਫਾਈ ਕਰਮਚਾਰੀ ਸਾਰੇ ਆਪਣੇ-ਆਪਣੇ ਇਲਾਕੇ ਵਿੱਚ ਸਫਾਈ ਦਾ ਪੂਰਾ ਧਿਆਨ ਰੱਖਦੇ ਹਨ, ਜ਼ਿਨ੍ਹਾਂ ਕਾਰਨ ਅਸੀਂ ਸਾਰੇ ਸਾਫ਼-ਸੁਥਰੇ ਵਾਤਾਵਰਣ ਵਿੱਚ ਵਿਚਰਦੇ ਹਾਂ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਚੇਅਰਮੈਨ ਸਫ਼ਾਈ ਕਰਮਚਾਰੀ ਕਮਿਸ਼ਨ ਸ਼੍ਰੀ ਚੰਦਨ ਗਰੇਵਾਲ ਨੇ ਅੱਜ ਸਫਾਈ ਸੇਵਕਾਂ, ਸੀਵਰਮੈਨਾਂ ਅਤੇ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸਫ਼ਾਈ ਸੇਵਕਾਂ ਨਾਲ ਕਿਸੇ ਵੀ ਕਿਸਮ ਦੀ ਵਧੀਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਆਕਾਸ਼ ਬਾਂਸਲ ਵੀ ਮੌਜੂਦ ਸਨ।
ਚੇਅਰਮੈਨ ਨੇ ਹਦਾਇਤ ਕਰਦਿਆਂ ਕਿਹਾ ਕਿ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਦੀ ਤਨਖਾਹ ਸਮੇਂ ਸਿਰ ਦੇਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਫਾਈ ਕਰਮਚਾਰੀਆਂ ਨੂੰ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਪਹਿਲ ਦੇ ਅਧਾਰ ਤੇ ਉਨ੍ਹਾਂ ਦਾ ਹੱਲ ਕਰਵਾਇਆ ਜਾਵੇ। ਉਨ੍ਹਾਂ ਸਖ਼ਤੀ ਨਾਲ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਸਫ਼ਾਈ ਸੇਵਕਾਂ ਨੂੰ ਜਾਤ ਅਧਾਰਤ ਟਿੱਪਣੀ ਕਰਦਾ ਹੈ ਤਾਂ ਉਸ ਉਪਰ ਐਸ.ਸੀ./ਐਸ.ਟੀ. ਐਕਟ ਅਨੁਸਾਰ ਸਖ਼ਤ ਕਾਰਵਾਈ ਕਰਵਾਈ ਜਾਵੇਗੀ।
ਚੇਅਰਮੈਨ ਸ਼੍ਰੀ ਚੰਦਨ ਗਰੇਵਾਲ ਨੇ ਸਫਾਈ ਸੇਵਕਾਂ ਨੂੰ ਕੰਮ ਪ੍ਰਤੀ ਪ੍ਰੇਰਿਤ ਕਰਦਿਆਂ ਕਿਹਾ ਕਿ ਆਪਣੇ ਕੰਮ ਪ੍ਰਤੀ ਪੂਰੀ ਲਗਨ ਅਤੇ ਇਮਾਨਦਾਰੀ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਕੰਮ ਪ੍ਰਤੀ ਇਮਾਨਦਾਰ ਸਫ਼ਾਈ ਸੇਵਕ ਨਾਲ ਕਮਿਸ਼ਨ ਹਰ ਵੇਲੇ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਕੰਮ ਪ੍ਰਤੀ ਸਾਡੀ ਨੀਤੀ ਅਤੇ ਨੀਅਤ ਸਾਫ਼ ਹੋਣੀ ਚਾਹੀਦੀ ਹੈ ਇਸ ਨਾਲ ਨਤੀਜੇ ਹਮੇਸ਼ਾ ਸਾਰਥਕ ਆਉਂਦੇ ਹਨ। ਇਸ ਮੌਕੇ ਚੇਅਰਮੈਨ ਨੇ ਮੌਜੂਦ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਦੀਆਂ ਮੁਸ਼ਿਕਲਾਂ ਨੂੰ ਬਹੁਤ ਹੀ ਧਿਆਨ ਨਾਲ ਸੁਣਿਆ ਅਤੇ ਅਧਿਕਾਰੀਆਂ ਨੂੰ ਹਰ ਸੰਭਲ ਹੱਲ ਕਰਨ ਲਈ ਨਿਰਦੇਸ਼ ਦਿੱਤੇ।
ਇਸ ਮੌਕੇ ਡੀ.ਐਸ.ਪੀ. ਸ਼੍ਰੀ ਬੂਟਾ ਸਿੰਘ ਗਿੱਲ, ਸੂਬਾ ਪ੍ਰਧਾਨ ਸ਼੍ਰੀ ਧੁਲੀਆ ਰਾਮ, ਸੂਬਾ ਮੀਤ ਪ੍ਰਧਾਨ ਸਫ਼ਾਈ ਸੇਵਕ ਯੁਨੀਅਨ ਪੰਜਾਬ ਸ਼੍ਰੀ ਸੰਜੀਵ ਕੁਮਾਰ ਰੱਤੀ, ਪ੍ਰਧਾਨ ਸਫ਼ਾਈ ਸੇਵਕ ਯੁਨੀਅਨ ਪੰਜਾਬ ਬਠਿੰਡਾ ਰਿਜ਼ਨ ਸ਼੍ਰੀ ਪ੍ਰਵੀਨ ਕੁਮਾਰ, ਜ਼ਿਲ੍ਹਾ ਪ੍ਰਧਾਨ ਸ਼੍ਰੀ ਵਿਜੈ ਕੁਮਾਰ ਤੋਂ ਇਲਾਵਾ ਸਮੂਹ ਕਾਰਜ ਸਾਧਕ ਅਫ਼ਸਰ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਸਫਾਈ ਸੇਵਕ ਤੇ ਸੀਵਰਮੈਨ ਮੌਜੂਦ ਸਨ।