
ਫਰੀਦਕੋਟ 19 ਅਗਸਤ ()ਖਰੀਫ ਸੀਜਨ 2025-26 ਦੌਰਾਨ ਜਿਲ੍ਹੇ ਦੇ 68 ਖਰੀਦ ਕੇਂਦਰਾਂ ਵਿੱਚ ਕੀਤੇ ਜਾਣ ਵਾਲੇ ਪ੍ਰਬੰਧਾਂ ਸਬੰਧੀ ਜਾਣਕਾਰੀ ਲੈਣ ਲਈ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਖਰੀਦ ਏਜੰਸੀਆਂ, ਆੜ੍ਹਤੀਆਂ, ਰਾਈਸ ਮਿਲਰਜ ਦੇ ਪ੍ਰਧਾਨਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਹਾਜ਼ਰ ਹੋਏ ਨੁੰਮਾਇਦਿਆਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਆਉਣ ਵਾਲੀਆਂ ਮੁਸ਼ਕਿਲਾਂ, ਜਿੰਨਾਂ ਵਿੱਚ ਮੁੱਖ ਤੌਰ ਤੇ ਅਨਾਜ ਵਿੱਚ ਜਿਆਦਾ ਨਮੀ ਦੀ ਮਾਤਰਾ ਦਾ ਹੋਣਾ ਹੈ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਜਿਨਸ ਵਿੱਚ ਨਮੀ ਜ਼ਿਆਦਾ ਹੋਣ ਕਾਰਨ ਉਸਨੂੰ ਸੁਕਾਉਣ ਲਈ ਜਗ੍ਹਾ ਦੀ ਲੋੜ ਪੈਂਦੀ ਹੈ। ਜਿਸ ਕਾਰਨ ਹੋਰ ਝੋਨਾ ਲਾਉਣ ਦੀ ਜਗ੍ਹਾ ਨਹੀਂ ਰਹਿੰਦੀ ਹੈ ਅਤੇ ਮੰਡੀ ਵਿੱਚ ਗਲੱਟ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਇਸ ਤੋਂ ਇਲਾਵਾ ਟਰੱਕਾਂ ਅਤੇ ਟਰਾਲੀਆਂ ਦੇ ਆਉਣ ਜਾਣ ਲਈ ਵੀ ਜਗ੍ਹਾਂ ਦੀ ਦਿੱਕਤ ਆ ਜਾਂਦੀ ਹੈ।
ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਜਿਲ੍ਹੇ ਵਿੱਚ ਝੋਨੇ ਦੀ ਖਰੀਦ ਲਈ ਕੁੱਲ 68 ਖਰੀਦ ਕੇਂਦਰ ਸਥਾਪਤ ਕੀਤੇ ਗਏ ਹਨ। ਜਿੰਨਾ ਵਿੱਚ ਮਾਰਕਿਟ ਕਮੇਟੀ ਫਰੀਦਕੋਟ ਵਿੱਚ 16, ਮਾਰਕਿਟ ਕਮੇਟੀ ਕੋਟਕਪੂਰਾ ਵਿੱਚ 16, ਮਾਰਕਿਟ ਕਮੇਟੀ ਜੈਤੋ ਵਿੱਚ 22 ਅਤੇ ਮਾਰਕਿਟ ਕਮੇਟੀ ਸਾਦਿਕ ਵਿੱਚ 14 ਕੇਂਦਰ ਬਣਾਏ ਗਏ ਹਨ। ਉਨ੍ਹਾਂ ਸਮੂਹ ਐਸੋਸੀਏਸ਼ਨਾਂ ਦੇ ਨੁੰਮਾਇਦਿਆਂ ਨੂੰ ਹਦਾਇਤ ਕੀਤੀ ਕਿ ਉਹ ਕਿਸਾਨਾਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਉਨ੍ਹਾਂ ਨੂੰ ਸੁੱਕਾ ਝੋਨਾ ਮੰਡੀਆਂ ਵਿੱਚ ਲੈ ਕੇ ਆਉਣ ਲਈ ਪ੍ਰੇਰਿਤ ਕਰਨ ਤਾਂ ਜੋ ਸੁੱਕੇ ਝੋਨੇ ਦੀ ਖਰੀਦ ਉਪਰੰਤ ਇਸ ਦੀ ਲਿਫਟਿੰਗ ਹੋ ਸਕੇ। ਉਨ੍ਹਾਂ ਕਿਹਾ ਕਿ ਵੱਖ ਵੱਖ ਪਿੰਡਾਂ ਵਿੱਚ ਧਾਰਮਿਕ ਸਥਾਨਾਂ ਦੇ ਸਪੀਕਰ ਰਾਹੀਂ ਵੀ ਕਿਸਾਨਾਂ ਨੂੰ ਸੁੱਕੇ ਝੋਨੇ ਦੀ ਮਹੱਤਤਾ ਬਾਰੇ ਦੱਸਿਆ ਜਾਵੇ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਕਟਾਈ ਲਈ ਰਾਤ ਨੂੰ ਹੈਰਵੈਸਟ ਕੰਬਾਈਨ ਦੀ ਵਰਤੋਂ ਨਾ ਕਰਨ ਅਤੇ ਸਹੀਂ ਨਮੀ ਵਾਲਾ ਝੋਨਾ ਹੀ ਮੰਡੀਆਂ ਵਿੱਚ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਫਸਲ ਵੇਚਣ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਝੋਨੇ ਦੀ ਕਟਾਈ ਦਿਨ ਵੇਲੇ ਹੀ ਕਰਨ ਤਾਂ ਜੋ ਨਮੀ ਦੀ ਮਾਤਰਾ ਵੱਧ ਨਾ ਹੋਵੇ।
ਇਸ ਮੌਕੇ ਜਿਲ੍ਹਾ ਖੁਰਾਕ ਤੇ ਸਪਾਈ ਕੰਟਰੋਲਰ ਸ. ਗੁਰਜੀਤ ਸਿੰਘ, ਜਿਲ੍ਹਾ ਮੈਨੇਜਰ ਮਾਰਕਫੈਡ ਸ੍ਰੀਮਤੀ ਸੁਖਵਿੰਦਰ ਕੌਰ, ਮੈਨੇਜਰ ਕਮਰਸ਼ੀਅਲ ਐਫ.ਸੀ.ਆਈ ਸ੍ਰੀ ਅਰਵਿੰਦਰਪਾਲ ਸਿੰਘ, ਜਿਲ੍ਹਾ ਪ੍ਰਬੰਧਕ ਵੇਅਰ ਹਾਉਣ ਸ੍ਰੀ ਐਸ.ਐਸ. ਗੋਦਾਰਾ, ਜਿਲ੍ਹਾ ਮੰਡੀ ਅਫਸਰ ਸ੍ਰੀ ਮਨੀਸ਼ ਕੁਮਾਰ, ਸ੍ਰੀ ਗੁਰਚਰਨਪਾਲ ਖੁਰਾਕ ਸਪਲਾਈ ਅਫਸਰ, ਅਮਨਦੀਪ ਗਰੋਵਰ, ਹਰਪ੍ਰੀਤ ਧਾਲੀਵਾਲ ਤੋਂ ਇਲਾਵਾ ਹੋਰ ਹਾਜ਼ਰ ਸਨ।