ਡੀਜੀਪੀ ਗੌਰਵ ਯਾਦਵ ਵੱਲੋਂ ਬਟਾਲਾ ਵਿੱਚ ਸ਼ਹੀਦ ਏ.ਐਸ.ਆਈ. ਜੋਗਾ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ, ਡੂੰਘਾ ਦੁੱਖ ਪ੍ਰਗਟਾਇਆ

ਚੰਡੀਗੜ੍ਹ/ਬਟਾਲਾ, 30 ਮਈ: ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਸ਼ਹੀਦ ਸਹਾਇਕ ਸਬ-ਇੰਸਪੈਕਟਰ (ਏਐਸਆਈ) ਜੋਗਾ ਸਿੰਘ ਦੇ ਘਰ ਪਿੰਡ ਘਣੀਏ ਕੇ ਬਾਂਗਰ, ਬਟਾਲਾ ਵਿਖੇ ਜਾ ਕੇ ਬਹਾਦਰ ਮੁਲਾਜ਼ਮ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ।

ਡੀਜੀਪੀ ਨੇ ਕਿਹਾ, “ਏ.ਐਸ.ਆਈ. ਜੋਗਾ ਸਿੰਘ ਨੇ ਆਪਣੀ ਹਿੰਮਤ, ਸਮਰਪਣ ਅਤੇ ਨਿਰਸਵਾਰਥ ਸੇਵਾ ਰਾਹੀਂ ਪੰਜਾਬ ਪੁਲਿਸ ਦੀਆਂ ਸਰਬਉੱਚ ਪਰੰਪਰਾਵਾਂ ਨੂੰ ਕਾਇਮ ਰੱਖਦਿਆਂ ਡਿਊਟੀ ਦੌਰਾਨ ਮਹਾਨ ਕੁਰਬਾਨੀ ਦਿੱਤੀ। ਉਨ੍ਹਾਂ ਦੀ ਕੁਰਬਾਨੀ ਨੂੰ ਹਮੇਸ਼ਾ ਮਾਣ ਅਤੇ ਸਨਮਾਨ ਨਾਲ ਯਾਦ ਕੀਤਾ ਜਾਵੇਗਾ।”

ਏ.ਐਸ.ਆਈ. ਜੋਗਾ ਸਿੰਘ (54) ਜੋ ਕਿ 1989 ਵਿੱਚ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਭਰਤੀ ਹੋਏ ਸਨ ਅਤੇ ਮੌਜੂਦਾ ਸਮੇਂ ਵਿੱਚ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੇ ਟ੍ਰੈਫਿਕ ਸਟਾਫ਼ ਵਿੱਚ ਤਾਇਨਾਤ ਸਨ, ਨੇ 24 ਮਈ, 2026 ਨੂੰ ਡਿਊਟੀ ਦੌਰਾਨ ਆਪਣੀ ਜਾਨ ਗੁਆ ਦਿੱਤੀ ਸੀ। ਉਹ ਆਪਣੇ ਪਿੱਛੇ ਮਾਂ, ਪਤਨੀ, ਪੁੱਤਰ ਅਤੇ ਧੀ ਛੱਡ ਗਏ ਹਨ।

ਡੀਜੀਪੀ ਗੌਰਵ ਯਾਦਵ ਨੇ ਏ.ਐਸ.ਆਈ. ਜੋਗਾ ਸਿੰਘ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਪੁਲਿਸ ਇਸ ਔਖੀ ਘੜੀ ਵਿੱਚ ਉਨ੍ਹਾਂ ਦੇ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਘਿਨਾਉਣੇ ਅਪਰਾਧ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ।

ਡੀਜੀਪੀ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਏ.ਐਸ.ਆਈ. ਜੋਗਾ ਸਿੰਘ ਦੇ ਪਰਿਵਾਰ ਦੀ ਸਹਾਇਤਾ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਅਤੇ ਭਲਾਈ ਲਾਭ ਪ੍ਰਦਾਨ ਕਰੇਗੀ।


Posted

in

by

Comments

Leave a Reply

Your email address will not be published. Required fields are marked *