ਨਸ਼ਾ ਮੁਕਤੀ ਯਾਤਰਾ ਤਹਿਤ ਨਸ਼ਿਆਂ ਦੇ ਖ਼ਾਤਮੇ ਲਈ ਲੋਕਾਂ ਨਾਲ ਕੀਤਾ ਜਾ ਰਿਹਾ ਹੈ ਸਿੱਧਾ ਸੰਵਾਦ : ਚੇਅਰਮੈਨ ਰਮਨ ਬਹਿਲ

ਗੁਰਦਾਸਪੁਰ, 24 ਜੁਲਾਈ (           ) – ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ਾ ਮੁਕਤੀ ਯਾਤਰਾ ਨੂੰ ਅੱਗੇ ਵਧਾਉਂਦੇ ਹੋਏ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਰੱਖਿਆ ਕਮੇਟੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤੇ ਨਸ਼ਿਆਂ ਦੇ ਖ਼ਾਤਮੇ ਹਿਤ ਲੋਕਾਂ ਨਾਲ ਸਿੱਧਾ ਸੰਵਾਦ ਕੀਤਾ ਜਾ ਰਿਹਾ ਹੈ। ਇਸ ਨਾਲ ਸੂਬੇ ਵਿਚੋਂ ਨਸ਼ਿਆਂ ਦਾ ਮੁਕੰਮਲ ਖ਼ਾਤਮਾ ਕਰਨ ਵਿੱਚ ਵੱਡੇ ਪੱਧਰ ਉੱਤੇ ਮਦਦ ਮਿਲ ਰਹੀ ਹੈ।

ਇਹ ਪ੍ਰਗਟਾਵਾ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਬੀਤੀ ਸ਼ਾਮ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਪਿੰਡ ਸਿੱਧਵਾਂ, ਮਾਨ, ਚੋਪੜਾ ਤੇ ਡੱਲਾ ਗੋਰੀਆ ਵਿਖੇ ਨਸ਼ਾ ਮੁਕਤੀ ਯਾਤਰਾ ਤਹਿਤ ਡਿਫੈਂਸ ਕਮੇਟੀਆਂ ਨਾਲ ਕੀਤੀਆਂ ਮੀਟਿੰਗਾਂ ਦੌਰਾਨ ਕੀਤਾ।  ਉਨ੍ਹਾਂ ਕਿਹਾ ਕਿ ਇਹ ਨਸ਼ਾ ਮੁਕਤੀ ਯਾਤਰਾ ਕੋਈ ਸਿਆਸੀ ਯਾਤਰਾ ਨਹੀਂ ਹੈ, ਇਹ ਇੱਕ ਸਮਾਜਿਕ ਸੰਕਲਪ ਹੈ। ਉਹ ਸਮਾਜ ਦੇ ਹਰ ਵਰਗ, ਹਰ ਪੰਚਾਇਤ, ਹਰ ਨੌਜਵਾਨ, ਹਰ ਮਾਤਾ-ਪਿਤਾ ਨੂੰ ਅਪੀਲ ਕਰਦੇ ਹਨ ਕਿ ਇਸ ਅੰਦੋਲਨ ਨਾਲ ਜੁੜਨ।  ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਇਹ ਲੜਾਈ ਸਾਡੀ ਸਭ ਦੀ ਸਾਂਝੀ ਲੜਾਈ ਹੈ।

ਇਸ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਹਾਜ਼ਰੀਨ ਨੂੰ ਨਸ਼ਾ ਮੁਕਤੀ ਦੀ ਸਹੁੰ ਵੀ ਚੁਕਾਈ ਗਈ, ਜਿਸ ਤਹਿਤ ਇਹ ਸੰਕਲਪ ਲਿਆ ਗਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਲੜਾਈ ਹੁਣ ਪਿੰਡ-ਪਿੰਡ ਤੋਂ ਸ਼ੁਰੂ ਹੋ ਚੁੱਕੀ ਹੈ। ਹਰ ਨਾਗਰਿਕ ਆਪਣੇ ਪਿੰਡ ਦਾ ਪਹਿਰੇਦਾਰ ਬਣੇਗਾ ਅਤੇ ਨਸ਼ਿਆਂ ਨੂੰ ਪਿੰਡ ਵਿੱਚ ਵੜਨ ਨਹੀਂ ਦੇਵੇਗਾ। ਹੁਣ ਨਾ ਕੋਈ ਨਸ਼ਾ ਵਿਕੇਗਾ, ਨਾ ਕੋਈ ਤਸਕਰ ਪਿੰਡ ਵਿੱਚ ਵੜੇਗਾ। ਇਸ ਮੌਕੇ ਇਹ ਵੀ ਅਹਿਦ ਲਿਆ ਗਿਆ ਕਿ ਜੋ ਨਸ਼ਿਆਂ ਦੇ ਸ਼ਿਕਾਰ ਹਨ, ਉਨ੍ਹਾਂ ਨੂੰ ਸਮਾਜ ਤੋਂ ਬਾਹਰ ਨਹੀਂ ਕੀਤਾ ਜਾਵੇਗਾ, ਸਗੋਂ ਉਨ੍ਹਾਂ ਨੂੰ ਸਹੀ ਰਾਹ ਵਿਖਾ ਕੇ , ਪੁਨਰਵਾਸ ਲਈ ਉਪਰਾਲੇ ਕੀਤੇ ਜਾਣਗੇ। ਨਸ਼ਾ ਤਸਕਰਾਂ ਨੂੰ ਕਿਸੇ ਤਰ੍ਹਾਂ ਦੀ ਸਰਪ੍ਰਸਤੀ ਨਹੀਂ ਮਿਲੇਗੀ। ਪੂਰੇ ਪਿੰਡ ਦੇ ਨਾਲ ਮਿਲ ਕੇ ਨਸ਼ਾ ਮੁਕਤ ਪੰਜਾਬ ਦਾ ਸੰਕਲਪ ਲਿਆ ਗਿਆ ਹੈ ਅਤੇ ਇਹ ਯਾਤਰਾ ਹੁਣ ਇੱਕ ਜਨ ਅੰਦੋਲਨ ਬਣ ਚੁੱਕੀ ਹੈ ਤੇ ਇਹ ਪੰਜਾਬ ਦੇ ਭਵਿੱਖ ਦੀ ਲੜਾਈ ਹੈ।

ਇਸ ਮੌਕੇ ਉਨ੍ਹਾਂ ਨਾਲ ਮਾਰਕਿਟ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਭਾਰਤ ਭੂਸ਼ਨ ਸ਼ਰਮਾ, ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਹਲਕਾ ਕੋਆਰਡੀਨੇਟਰ ਨੀਰਜ ਸਲਹੋਤਰਾ, ਨਸ਼ਾ ਮੁਕਤੀ ਮੋਰਚਾ ਦੇ ਵਾਈਸ ਕੋਆਰਡੀਨੇਟਰ ਰਣਜੀਤ ਸਿੰਘ ਪਾਹੜਾ, ਸਰਪੰਚ ਰਾਜੇਸ਼ ਕੁਮਾਰ ਭੰਗਵਾਂ, ਮੇਜਰ ਸਿੰਘ ਲੋਧੀਪੁਰ, ਗੁਰਦੀਪ ਸਿੰਘ ਸਰਸਪੁਰ, ਕਸ਼ਮੀਰ ਸਿੰਘ ਬਖਤਪੁਰ, ਪਿੰਡ ਸਿੱਧਵਾਂ ਦੇ ਸਰਪੰਚ ਗੁਰਪ੍ਰੀਤ ਸਿੰਘ, ਸਰਪੰਚ ਮਾਨ ਪੂਰਨ ਸਿੰਘ, ਚੋਪੜਾ ਦੇ ਸਰਪੰਚ ਸਤਨਾਮ ਸਿੰਘ, ਡੱਲਾ ਗੋਰੀਆਂ ਦੇ ਸਰਪੰਚ ਰਣਧੀਰ ਤੋਂ ਇਲਾਕੇ ਦੇ ਹੋਰ ਮੁਹਤਬਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *