ਜ਼ਿਲ੍ਹਾ ਮੰਡੀ ਅਫ਼ਸਰ ਵੱਲੋਂ ਮਕਸੂਦਾਂ ਸਬਜ਼ੀ ਮੰਡੀ ਦਾ ਦੌਰਾ, ਸਫਾਈ ਪ੍ਰਬੰਧਾਂ ਦਾ ਲਿਆ ਜਾਇਜ਼ਾ

ਜਲੰਧਰ, 26 ਅਪ੍ਰੈਲ : ਜ਼ਿਲ੍ਹਾ ਮੰਡੀ ਅਫ਼ਸਰ ਅਰਵਿੰਦਰ ਸਿੰਘ ਵੱਲੋਂ ਅੱਜ ਸਕੱਤਰ ਮਾਰਕੀਟ ਕਮੇਟੀ ਦੇ ਨਾਲ ਸਥਾਨਕ ਮਕਸੂਦਾਂ ਸਬਜ਼ੀ ਮੰਡੀ ਦਾ ਦੌਰਾ ਕੀਤਾ ਗਿਆ। ਦੌਰੇ ਦੌਰਾਨ ਉਨ੍ਹਾਂ ਮੰਡੀ ਵਿੱਚ ਸਫਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ।

     ਜ਼ਿਲ੍ਹਾ ਮੰਡੀ ਅਫ਼ਸਰ ਨੇ ਸਕੱਤਰ ਮਾਰਕੀਟ ਕਮੇਟੀ ਨੂੰ ਹਦਾਇਤ ਕੀਤੀ ਕਿ ਮੰਡੀ ਵਿੱਚ ਸਫਾਈ ਪ੍ਰਬੰਧ ਯਕੀਨੀ ਬਣਾਏ ਜਾਣ ਅਤੇ ਨਿਯਮਤ ਤੌਰ ’ਤੇ ਸਫਾਈ ਕਰਵਾਈ ਜਾਵੇ, ਤਾਂ ਜੋ ਆਉਣ ਵਾਲੇ ਬਰਸਾਤ ਦੇ ਮੌਸਮ ਦੇ ਮੱਦੇਨਜ਼ਰ ਮੱਖੀ ਅਤੇ ਮੱਛਰ ਦੇ ਪ੍ਰਕੋਪ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਬਜ਼ੀ ਮੰਡੀ ਦੀ ਨਿਯਮਿਤ ਢੰਗ ਨਾਲ ਸਫਾਈ ਹੋਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਫਾਈ ਪੱਖੋਂ ਮਕਸੂਦਾਂ ਮੰਡੀ ਨੂੰ ਨਮੂਨੇ ਦੀ ਮੰਡੀ ਬਣਾਉਣ ਵਾਸਤੇ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਢਿਲਮੱਠ ਦੀ ਨੀਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

    ਜ਼ਿਲ੍ਹਾ ਮੰਡੀ ਅਫ਼ਸਰ ਨੇ ਮੰਡੀ ਵਿੱਚ ਰੇਹੜੀ ਲਗਾਉਣ ਵਾਲੇ ਵਿਅਕਤੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਕੂੜਾ ਇਧਰ-ਉਧਰ ਨਾ ਸੁੱਟਣ ਅਤੇ ਮੰਡੀ ਦੀ ਸਫਾਈ ਬਣਾਈ ਰੱਖਣ ਵਿੱਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਸਬੰਧਿਤ ਮੁਲਾਜ਼ਮਾਂ ਨੂੰ ਸਫਾਈ ਦੇ ਕੰਮ ਦੀ ਨਿਗਰਾਨੀ ਰੱਖਣ ਦੇ ਨਿਰਦੇਸ਼ ਵੀ ਦਿੱਤੇ, ਤਾਂ ਜੋ ਮੰਡੀ ਵਿਖੇ ਸਾਫ-ਸੁਥਰਾ ਮਾਹੌਲ ਯਕੀਨੀ ਬਣਾਇਆ ਜਾ ਸਕੇ।

     ਇਸ ਮੌਕੇ ਸਕੱਤਰ ਮਾਰਕੀਟ ਕਮੇਟੀ ਨੇ ਭਰੋਸਾ ਦਿਵਾਇਆ ਕਿ ਮੰਡੀ ਵਿੱਚ ਸਫਾਈ ਵਿਵਸਥਾ ਰੋਜ਼ਾਨਾ ਯਕੀਨੀ ਬਣਾਈ ਜਾਵੇਗੀ।

Leave a Reply

Your email address will not be published. Required fields are marked *