ਚੰਡੀਗੜ੍ਹ, 1 ਮਈ:

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਸ਼ੁੱਧਤਾ ਨੂੰ ਬਿਹਤਰ ਬਣਾਉਣ ਅਤੇ ਨਾਗਰਿਕਾਂ ਲਈ ਵੋਟਿੰਗ ਪ੍ਰਕਿਰਿਆ ਨੂੰ ਵਧੇਰੇ ਸੁਵਿਧਾਜਨਕ ਬਣਾਉਣ ਦੇ ਉਦੇਸ਼ ਨਾਲ ਨਵੀਆਂ ਪਹਿਲਕਦਮੀਆਂ ਸ਼ੁਰੂ ਕੀਤੀਆਂ ਗਈਆਂ ਹਨ। ਇਹ ਪਹਿਲਕਦਮੀਆਂ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵੱਲੋਂ ਇਸ ਸਾਲ ਮਾਰਚ ਵਿੱਚ ਚੋਣ ਕਮਿਸ਼ਨਰ ਡਾ. ਸੁਖਬੀਰ ਸਿੰਘ ਸੰਧੂ ਅਤੇ ਡਾ. ਵਿਵੇਕ ਜੋਸ਼ੀ ਦੀ ਮੌਜੂਦਗੀ ਵਿੱਚ ਮੁੱਖ ਚੋਣ ਅਧਿਕਾਰੀਆਂ (ਸੀ.ਈ.ਓ.) ਦੀ ਕਾਨਫਰੰਸ ਦੌਰਾਨ ਵਿਚਾਰ ਕੀਤੇ ਉਪਰਾਲਿਆਂ ਦੇ ਅਨੁਸਾਰ ਹਨ।

ਕਮਿਸ਼ਨ ਵੱਲੋਂ ਹੁਣ ਰਜਿਸਟ੍ਰੇਸ਼ਨ ਆਫ਼ ਇਲੈਕਟਰਜ਼ ਰੂਲਜ਼, 1960 ਦੇ ਨਿਯਮ 9 ਅਤੇ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਐਕਟ, 1969 (2023 ਵਿੱਚ ਕੀਤੀ ਸੋਧੇ ਮੁਤਾਬਕ) ਦੀ ਧਾਰਾ 3(5)(ਬੀ) ਅਨੁਸਾਰ, ਭਾਰਤ ਦੇ ਰਜਿਸਟਰਾਰ ਜਨਰਲ ਤੋਂ ਇਲੈਕਟ੍ਰਾਨਿਕ ਤੌਰ ‘ਤੇ ਮੌਤ ਰਜਿਸਟ੍ਰੇਸ਼ਨ ਸਬੰਧੀ ਡੇਟਾ ਪ੍ਰਾਪਤ ਕੀਤਾ ਜਾਵੇਗਾ। ਇਸ ਨਾਲ ਚੋਣ ਰਜਿਸਟ੍ਰੇਸ਼ਨ ਅਫ਼ਸਰ (ਈ.ਆਰ.ਓ) ਰਜਿਸਟਰਡ ਮੌਤਾਂ ਬਾਰੇ ਸਮੇਂ ਸਿਰ ਜਾਣਕਾਰੀ ਪ੍ਰਾਪਤ ਕਰ ਸਕਣਗੇ ਅਤੇ ਬੂਥ ਲੈਵਲ ਅਫ਼ਸਰ (ਬੀ.ਐਲ.ਓ) ਫਾਰਮ 7 ਤਹਿਤ ਰਸਮੀ ਬੇਨਤੀ ਦੀ ਉਡੀਕ ਕੀਤੇ ਬਿਨਾਂ, ਫੀਲਡ ਵਿਜ਼ਿਟ ਰਾਹੀਂ ਜਾਣਕਾਰੀ ਦੀ ਮੁੜ ਪੁਸ਼ਟੀ ਕਰਨ ਦੇ ਯੋਗ ਹੋ ਜਾਣਗੇ।

ਵੋਟਰ ਸੂਚਨਾ ਸਲਿੱਪ (ਵੀ.ਆਈ.ਐਸ.) ਨੂੰ ਹੋਰ ਵੋਟਰ-ਪੱਖੀ ਬਣਾਉਣ ਲਈ, ਕਮਿਸ਼ਨ ਨੇ ਇਸਦੇ ਡਿਜ਼ਾਈਨ ਵਿੱਚ ਸੋਧ ਕਰਨ ਦਾ ਫੈਸਲਾ ਕੀਤਾ ਹੈ। ਵੋਟਰ ਦਾ ਸੀਰੀਅਲ ਨੰਬਰ ਅਤੇ ਭਾਗ ਨੰਬਰ ਹੁਣ ਵਧੇਰੇ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤਾ ਜਾਵੇਗਾ ਅਤੇ ਅੱਖਰਾਂ ਦੇ ਆਕਾਰ ਵਿੱਚ ਵਾਧਾ ਕੀਤਾ ਜਾਵੇਗਾ ਜਿਸ ਨਾਲ ਵੋਟਰ ਆਸਾਨੀ ਨਾਲ ਆਪਣੇ ਪੋਲਿੰਗ ਸਟੇਸ਼ਨ ਦੀ ਪਛਾਣ ਕਰ ਸਕਣਗੇ ਅਤੇ ਪੋਲਿੰਗ ਅਧਿਕਾਰੀ ਵੋਟਰ ਸੂਚੀ ਵਿੱਚ ਵੋਟਰਾਂ ਦੇ ਨਾਮ ਕੁਸ਼ਲਤਾ ਨਾਲ ਲੱਭ ਸਕਣਗੇ।

ਕਮਿਸ਼ਨ ਨੇ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਲੋਕ ਪ੍ਰਤੀਨਿਧਤਾ ਐਕਟ, 1950 ਦੀ ਧਾਰਾ 13ਬੀ(2) ਤਹਿਤ ਈ.ਆਰ.ਓਜ਼ ਵੱਲੋਂ ਨਿਯੁਕਤ ਕੀਤੇ ਗਏ ਸਾਰੇ ਬੀ.ਐਲ.ਓਜ਼ ਨੂੰ ਮਿਆਰੀ ਫੋਟੋ ਪਛਾਣ ਪੱਤਰ ਜਾਰੀ ਕੀਤੇ ਜਾਣ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਨਾਗਰਿਕ ਵੋਟਰ ਤਸਦੀਕ ਅਤੇ ਰਜਿਸਟ੍ਰੇਸ਼ਨ ਮੁਹਿੰਮ ਦੌਰਾਨ ਬੀ.ਐਲ.ਓਜ਼ ਦੀ ਪਛਾਣ ਕਰ ਸਕਣ ਅਤੇ ਉਨ੍ਹਾਂ ਨਾਲ ਵਿਸ਼ਵਾਸ ਨਾਲ ਗੱਲਬਾਤ ਕਰ ਸਕਣ। ਚੋਣ ਨਾਲ ਸਬੰਧਤ ਡਿਊਟੀਆਂ ਨਿਭਾਉਣ ਸਮੇਂ ਵੋਟਰਾਂ ਅਤੇ ਚੋਣ ਕਮਿਸ਼ਨ ਵਿਚਕਾਰ ਪਹਿਲੇ ਇੰਟਰਫੇਸ ਦੇ ਰੂਪ ਵਿੱਚ, ਇਹ ਮਹੱਤਵਪੂਰਨ ਹੈ ਕਿ ਘਰ-ਘਰ ਦੌਰੇ ਕਰਦੇ ਸਮੇਂ ਲੋਕਾਂ ਵੱਲੋਂ ਬੀ.ਐਲ.ਓਜ਼ ਦੀ ਆਸਾਨੀ ਨਾਲ ਪਛਾਣ ਕੀਤੀ ਜਾ ਸਕੇ।
—-

Leave a Reply

Your email address will not be published. Required fields are marked *