ਗੁਰਦਾਸਪੁਰ, 27 ਜੁਲਾਈ (       ) – ਸਾਲ 2025-26 ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਦਲਵਿੰਦਰਜੀਤ ਸਿੰਘ ਦੀ ਅਗਵਾਈ ਹੇਠ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ ਤੇ ਲਿਆਉਣ ਦੇ ਮਿਥੇ ਟੀਚੇ ਦੀ ਪੂਰਤੀ ਲਈ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਬਹੁਤ ਸਾਰੇ ਕਿਸਾਨਾਂ ਵੱਲੋਂ ਵੀ ਅਜਿਹੇ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਨਾਲ ਝੋਨੇ ਦੀ ਪਰਾਲੀ ਨੂੰ ਖੇਤ ਵਿਚ ਸੰਭਾਲਣ ਦੀ ਕਿਸਾਨਾਂ ਅੰਦਰ ਰੁਚੀ ਵਧ ਰਹੀ ਹੈ। ਅਜਿਹੇ ਕਿਸਾਨਾਂ ਵਿੱਚ  ਪਿੰਡ ਸਹਾਰੀ ਦਾ ਰਹਿਣਵਾਲਾ ਅਗਾਂਹਵਧੂ ਕਿਸਾਨ ਸ਼੍ਰੀ ਪਲਵਿੰਦਰ ਸਿੰਘ  ਹੈ ਜੋ ਪਿਛਲੇ 10 ਸਾਲਾਂ ਤੋ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਵਾਹ ਕੇ ਹੈਪੀ ਸੀਡਰ,ਸਰਫ਼ੇਸ ਸੀਡਰ  ਨਾਲ ਕਣਕ ਦੀ ਬਿਜਾਈ ਕਰ ਰਿਹਾ ਹੈ।

ਇਸ ਦੇ ਨਾਲ ਹੀ ਜ਼ਿਲ੍ਹਾ ਗੁਰਦਾਸਪੁਰ ਵਿਚ ਸੰਦ ਬੈਂਕ ਵਿਚ ਮੌਜੂਦ ਮਸ਼ੀਨਰੀ ਦੀ ਸੁਚੱਜੀ ਵਰਤੋਂ ਕਰਕੇ ਹੋਰਨਾਂ ਕਿਸਾਨਾਂ ਦੀ ਕਣਕ ਦੀ ਬਿਜਾਈ ਕਰ ਰਿਹਾ ਹੈ। ਪਲਵਿੰਦਰ ਸਿੰਘ, ਯੰਗ ਇੰਨੋਵੇਟਿਵ ਕਿਸਾਨ ਸਮੂਹ ਦਾ ਖਜ਼ਾਨਚੀ ਵੀ ਹੈ, ਵਰਣਨਯੋਗ ਹੈ ਕਿ ਇਸ ਸਮੂਹ ਦੇ ਮੈਂਬਰ ਬਹੁਤ ਹੀ ਅਗਾਂਹਵਧੂ ਸੋਚ ਦੇ ਧਾਰਨੀ ਹਨ ਜੋ ਆਪੋ ਆਪਣੇ ਇਲਾਕੇ ਵਿਚ ਕਿਸਾਨਾਂ ਨੁੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਕੰਮ ਕਰਦੇ ਹਨ।

ਪਲਵਿੰਦਰ ਸਿੰਘ ਨੇ ਜ਼ਿਲ੍ਹਾ ਗੁਰਦਾਸਪੁਰ ਵਿਚ ਝੋਨੇ ਦੀ ਸਿੱਧੀ ਬਿਜਾਈ ਨੁੰ ਉਤਸ਼ਾਹਿਤ ਕਰਨ ਵਿਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਕਿਉਂਕਿ ਪਲਵਿੰਦਰ ਸਿੰਘ 2012 ਤੋਂ ਸਿੱਧੀ ਬਿਜਾਈ ਵਾਲੀ ਡਰਿੱਲ ਖਰੀਦ ਕੇ ਆਪਣੀ ਹੀ ਨਹੀਂ ਸਗੋਂ ਦੂਰ ਦੁਰਾਡੇ ਪਿੰਡਾਂ ਵਿਚ ਪਹੁੰਚ ਕਿਸਾਨਾਂ ਨੁੰ ਸਿੱਧੀ ਬਿਜਾਈ ਲਈ ਪ੍ਰੇਰਿਤ ਵੀ ਕਰਦਾ ਹੈ ਅਤੇ ਕਿਰਾਏ `ਤੇ ਝੋਨੇ ਦੀ ਬਿਜਾਈ ਵੀ ਕਰਦਾ ਹੈ ਜਿਸ ਨਾਲ ਵਾਤਾਵਰਨ ਵਿਚ ਵਿਜਰਜ਼ਤ ਹੋਣ ਵਾਲੀ ਮੀਥੇਨ ਗੈਸ ਘੱਟਦੀ ਹੈ, ਇਸ ਤਰਾਂ ਇਹ ਕਿਸਾਨ ਦੂਸਰੇ ਕਿਸਾਨਾਂ ਲਈ ਇੱਕ  ਮਿਸਾਲ ਬਣ ਕੇ ਕਿਸਾਨਾਂ ਲਈ ਚਾਨਣ ਮੁਨਾਰੇ ਵਜੋਂ ਸਮਾਜ ਵਿਚ ਵਿਚਰ ਰਿਹਾ ਹੈ। ਪਲਵਿੰਦਰ ਸਿੰਘ ਵਲੋਂ ਵਾਤਾਵਰਨ ਦੀ ਸ਼ੁੱਧਤਾ ਬਰਕਰਾਰ ਰੱਖਣ ਵਿਚ ਪਾਏ ਜਾ ਰਹੇ ਯੋਗਦਾਨ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵਲੋਂ ਰਾਜ ਪੱਧਰੀ ਪੁਰਸਕਾਰ ਦੇ ਕੇ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਮੇਂ ਸਮੇਂ ਤੇ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।

ਪਲਵਿੰਦਰ ਸਿੰਘ ਨੇ ਦੱਸਿਆ ਕਿ 2017-18 ਦੌਰਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਕੋਲੋਂ ਸਬਸਿਡੀ ਤੇ ਖੇਤੀ ਮਸ਼ਿਨਰੀ ਲਈ ਕੇ ਖੇਤੀ ਮਸ਼ੀਨਰੀ  ਬੈਂਕ ਸਥਾਪਿਤ ਕੀਤਾ ਜਿਸ ਵਿਚ ਹੈਪੀ ਸੀਡਰ, ਮਲਚਰ, ਬੀਜ਼ ਡਰਿੱਲ, ਉਲਟਾਵਾਂ ਹੱਲ ਅਤੇ ਕੁਝ ਸੰਦ ਖਰੀਦੇ ਗਏ, ਜਿਨ੍ਹਾਂ ਦੀ ਸਮੇਂ-ਸਮੇਂ ਤੇ ਮੁਰੰਮਤ ਕਰਵਾ ਲਈ ਜਾਂਦੀ ਹੈ। ਪਹਿਲੇ ਸਾਲ ਕੁਝ ਕੁ ਰਕਬੇ ਵਿੱਚ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਕੇ ਤਜ਼ਰਬਾ ਕੀਤਾ ਜੋ ਬਹੁਤ ਹੀ ਕਾਮਯਾਬ ਰਿਹਾ। ਪਿੰਡ ਦੇ ਆਮ ਕਿਸਾਨਾਂ ਵੱਲੋਂ ਪਹਿਲਾਂ ਮੈਨੂੰ ਨਿਰਉਤਸ਼ਾਹਿਤ ਕੀਤਾ ਗਿਆ ਪ੍ਰੰਤੂ ਸਮਾਂ ਬੀਤਣ ਦੇ ਨਾਲ ਉਹ ਵੀ ਹੈਪੀ ਸੀਡਰ ਦੀ ਮਹੱਤਤਾ ਸਮਝ ਗਏ।

ਪਲਵਿੰਦਰ ਸਿੰਘ ਨੇ ਦੱਸਿਆ ਕਿ  ਕੰਬਾਈਨ ਹਾਸਵੈਸਟਰ ਨਾਲ ਝੋਨੇ ਦੀ ਕਟਾਈ ਕਰਾਉਣ ਉਪਰੰਤ ਰੀਪਰ ਨਾਲ ਸਾਰੀ ਪਰਾਲੀ ਖੇਤ ਵਿਚ ਇਕਸਾਰ ਖਿਲਾਰ ਦਿੱਤੀ ਜਾਂਦੀ ਹੈ ਅਤੇ ਹੈਪੀ ਸੀਡਰ ਨਾਲ 40 ਕਿਲੋ ਕਣਕ ਦਾ ਬੀਜ ਵਰਤ ਕੇ ਬਿਜਾਈ ਕਰ ਦਿੱਤੀ ਜਾਂਦੀ ਹੈ। ਉਨਾਂ ਦੱਸਿਆ ਕਿ ਫ਼ਸਲ ਦੇ ਸ਼ਰੁਆਤੀ ਵਾਧੇ ਸਮੇਂ ਖੇਤ ਵਿਚ ਫ਼ਸਲ ਦੇ ਮੁੱਢ ਅਤੇ ਕਰਚੇ ਹੋਣ ਕਾਰਨ ਫ਼ਸਲ ਵਧੀਆ ਨਹੀਂ ਲਗਦੀ ਪ੍ਰੰਤੂ ਪਹਿਲੇ ਪਾਣੀ ਤੋਂ ਬਾਅਦ ਮੁੱਢ ਅਤੇ ਕਰਚੇ ਹੌਲੀ-ਹੌਲੀ ਗਲ ਕੇ ਖੇਤ ਵਿਚ ਖਤਮ ਹੋ ਜਾਂਦੇ ਹਨ ਅਤੇ ਫ਼ਸਲ ਬਹੁਤ ਵਧੀਆ ਦਿਸਣ ਲੱਗ ਜਾਂਦੀ ਹੈ।ਉਨਾਂ ਦੱਸਿਆ ਕਿ ਉਸ ਦੇ ਖੇਤਾਂ ਵਿਚ ਗੁਲਾਬੀ ਸੁੰਡੀ ਦੀ ਕਦੇ ਸਮੱਸਿਆ ਨਹੀਂ ਆਈ ਅਤੇ ਉਹ ਹਮੇਸ਼ਾਂ ਬੀਜ ਦੀ ਕੀਟ ਨਾਸ਼ਕ ਨਾਲ ਸੋਧ ਕੇ ਬੀਜਦਾ ਹੈ। ਉਨਾਂ ਦੱਸਿਆ ਕਿ ਹਰ ਸਾਲ ਕਣਕ ਦੀ ਪੈਦਾਵਾਰ 21 ਤੋਂ 24 ਕੁਇੰਟਲ ਪ੍ਰਤੀ ਏਕੜ ਮਿਲ ਜਾਂਦੀ ਹੈ ਅਤੇ ਬਿਜਾਈ ਤੇ ਖਰਚਾ ਘੱਟ ਹੋਣ ਕਾਰਨ ਸ਼ੁੱਧ ਆਮਦਨ ਵਿੱਚ ਵਾਧਾ ਹੁੰਦਾ ਹੈ।

ਉਨਾਂ ਦੱਸਿਆ ਕਿ ਝੋਨੇ ਦੀ ਪਰਾਲੀ ਖੇਤਾਂ ਵਿੱਚ ਰੱਖ ਕੇ ਕਣਕ ਦੀ ਬਿਜਾਈ ਕਰਨ ਨਾਲ ਮਿੱਟੀ ਦੀ ਸਿਹਤ ਵਿੱਚ ਚੋਖਾ ਸੁਧਾਰ ਹੋਇਆ ਹੈ। ਮਿੱਟੀ ਪਰਖ ਕਰਵਾਉਣ ਤੇ ਪਤਾ ਲੱਗਾ ਕਿ ਖੇਤਾਂ ਦੀ ਮਿੱਟੀ ਦਾ ਜੈਵਿਕ ਮਾਦਾ ਵਧਣ ਦੇ ਨਾਲ ਨਾਲ ਫਾਸਫੋਰਸ ਤੱਤ ਵੀ ਵਧਿਆ ਹੈ। ਉਨ੍ਹਾਂ ਦਸਿਆ ਕਿ ਜੈਵਿਕ ਮਾਦਾ ਅਤੇ ਫਾਸਫੋਰਸ ਖੁਰਾਕੀ ਤੱਤ ਵਧਣ ਨਾਲ ਖਾਦਾਂ ਦੀ ਖਪਤ ਬਹੁਤ ਘਟ ਗਈ ਹੈ ਅਤੇ ਝੋਨੇ ਦੀ ਫ਼ਸਲ ਨੂੰ ਡੇਢ ਬੋਰੀ ਯੂਰੀਆ ਪ੍ਰਤੀ ਏਕੜ ਵਰਤੀ ਹੈ ਅਤੇ ਡੀ ਏ ਪੀ ਖਾਦ ਦੀ ਵਰਤੋਂ ਨਹੀਂ ਕੀਤੀ ਗਈ। ਇਸ ਤਰਾਂ ਵਾਤਾਵਰਨ ਸ਼ੁੱਧ ਹੋਣ ਦੇ ਨਾਲ ਨਾਲ ਮਿੱਟੀ ਦੀ ਸਿਹਤ ਵਿੱਚ ਵੀ ਸੁਧਾਰ ਹੋਇਆ ਹੈ ਜਿਸ ਨਾਲ ਖੇਤੀ ਲਾਗਤ ਖਰਚੇ ਘੱਟ ਕਰਨ ਵਿੱਚ ਮਦਦ ਮਿਲੀ ਹੈ। ਪਲਵਿੰਦਰ ਦਸਦਾ ਹੈ ਕਿ ਝੋਨੇ ਦੀ ਪਰਾਲੀ ਕਿਸਾਨਾਂ ਲਈ ਬੋਝ ਨਹੀਂ ਸਗੋਂ ਕੁਦਰਤੀ ਖੁਰਾਕੀ ਤੱਤਾਂ ਦਾ ਖਜਾਨਾ ਹੈ ਜਿਸ ਦੀ ਹਰੇਕ ਕਿਸਾਨ ਨੁੰ ਸੰਭਾਲ ਕਰਨੀ ਚਾਹੀਦੀ ਹੈ ਅਤੇ ਪਰਾਲੀ ਨੁੰ ਅੱਗ ਨਹੀਂ ਲਗਾਉਣੀ ਚਾਹੀਦੀ।ਉਨਾਂ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਪੀ ਏ ਯੂ ਦੇ ਖੇਤੀ ਮਾਹਿਰਾਂ ਨਾਲ ਲਗਾਤਾਰ ਸੰਪਰਕ ਵਿਚ ਰਹਿਦਾ ਹੈ ਅਤੇ ਉਨਾਂ ਵਲੋਂ ਦਿੱਤੀ ਸਲਾਹ ਅਨੁਸਾਰ ਹੀ ਫ਼ਸਲਾਂ ਦੀ ਸੰਭਾਲ ਕਰਦਾ ਹੈ।

ਪਲਵਿੰਦਰ ਸਿੰਘ ਨੇ ਦੱਸਿਆ ਕਿ ਪਰਾਲੀ ਨੁੰ ਖੇਤ ਵਿਚ ਸੰਭਾਲਣ ਨਾਲ ਮਿੱਟੀ ਦੀ ਸਿਹਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ,ਜਿਸ ਕਾਰਨ ਫ਼ਸਲ ਉੱਪਰ ਕੀੜਿਆਂ ਅਤੇ ਬਿਮਾਰੀਆਂ ਦਾ ਹਮਲਾ ਅਤੇ ਖਾਦਾਂ ਦੀ ਖਪਤ ਵਿਚ ਕਮੀ ਆਉਣ ਕਾਰਨ ਸ਼ੁੱਧ ਆਮਦਨ ਵਿੱਚ ਵਾਧਾ ਹੋਇਆ ਹੈ ਅਤੇ  ਉਸ ਨੂੰ ਇਸ ਗੱਲ ਦਾ ਮਾਣ ਹੈ ਕਿ ਉਹ ਕੁਦਰਤੀ ਸਾਧਨਾਂ ਨੂੰ ਬਚਾਉਣ ਅਤੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋ ਬਚਾਉਣ ਲਈ ਕੰਮ ਕਰ ਰਿਹਾ ਹੈ।ਪਲਵਿੰਦਰ ਸਿੰਘ ਨੇ ਦੱਸਿਆ ਕਿ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਨਾਲ ਬੀਜ ਦਾ ਜੰਮ ਬਹੁਤ ਵਧੀਆ ਹੁੰਦਾ ਹੈ ਕਿਉਂਕਿ ਪਰਾਲੀ ਖੇਤ ਵਿੱਚ ਰਹਿਣ ਕਾਰਨ ਮਿੱਟੀ ਵਿੱਚ ਨਮੀ ਬਣੀ ਰਹਿੰਦੀ ਹੈ ਜਦ ਸੁਪਰ ਸੀਡਰ ਨਾਲ ਕਈ ਵਾਰ ਨਮੀ ਘਟਣ ਕਾਰਨ ਕਣਕ ਦੇ ਬੀਜ ਜੰਮ ਘੱਟ ਜਾਂਦਾ ਹੈ।

ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰ ਸਿੰਘ ਨੇ ਪਲਵਿੰਦਰ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਝੋਨੇ ਦੀ ਪਰਾਲੀ ਸਮੱਸਿਆ ਨਹੀਂ ਸਗੋਂ ਫ਼ਸਲਾਂ ਲਈ ਲੋੜੀਂਦੇ ਖੁਰਾਕੀ ਤੱਤਾਂ ਦਾ ਕੁਦਰਤੀ ਖਜਾਨਾ ਹੈ ਜਿਸ ਨੂੰ ਸਾੜਨ ਦੀ ਬਿਜਾਏ ਖੇਤ ਦੀ ਮਿੱਟੀ ਨੂੰ ਵਾਪਸ ਕਰਨਾ ਚਾਹੀਦਾ। ਉਨਾਂ ਕਿਹਾ ਕਿ ਪਲਵਿੰਦਰ ਸਿੰਘ ਵਾਤਾਵਰਨ ਨੁੰ ਸ਼ੁੱਧ ਰੱਖਣ ਵਿਚ ਬਣਦਾ ਯੋਗਦਾਨ ਪਾ ਰਿਹਾ ਹੈ। ਉਨਾਂ ਦੱਸਿਆ ਕਿ ਅਜਿਹੇ ਕਿਸਾਨਾਂ ਨੁੰ ਵਿਸ਼ੇਸ਼ ਤੌਰ ਤੇ ਤਿਆਰ ਕੀਤੇ ਸਰਟੀਫਿਕੇਟ ਦਿੱਤੇ ਜਾਣਗੇ ਜਿਸ ਨਾਲ ਅਜਿਹੇ ਕਿਸਾਨਾਂ ਦੇ  ਸਰਕਾਰੀ ਦਫਤਰਾਂ ਵਿਚ ਕੰਮ ਪਹਿਲ ਦੇ ਅਧਾਰ `ਤੇ ਕੀਤੇ ਜਾਣਗੇ।

Leave a Reply

Your email address will not be published. Required fields are marked *