ਅੰਮ੍ਰਿਤਸਰ , 30 ਅਗਸਤ 2024 –

ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ ਨੇ ਅੱਜ 44 ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਾਈ ਲਈ 4 ਹਜਾਰ ਰੁਪਏ ਪ੍ਰਤੀ ਮਹੀਨਾ  ਦੀ ਆਰਥਿਕ ਸਹਾਇਤਾ ਦੇਣ ਲਈ ਚੈੱਕਾਂ ਦੀ ਵੰਡ ਕੀਤੀ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਸਿੱਖਿਆ ਲਈ ਹਰ ਬੱਚੇ ਦੀ ਲੋੜ ਅਨੁਸਾਰ ਸਹਾਇਤਾ ਕਰ ਰਹੀ ਹੈ ਅਤੇ ਅੱਜ ਮਿਸ਼ਨ ਵਤਸਲਿਆ ਸਕੀਮ ਅਧੀਨ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਅੰਮ੍ਰਿਤਸਰ ਵੱਲੋ ਲੋੜਵੰਦ ਪਰਿਵਾਰ ਦੇ ਬੱਚਿਆਂ ਨੂੰ ਸਪਾਂਸਰਸ਼ਿਪ ਸਕੀਮ ਅਧੀਨ 4000/- ਰੁਪਏ ਦਾ ਲਾਭ ਪ੍ਰਤੀ ਮਹੀਨਾ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ।  ਉਹਨਾਂ ਦੱਸਿਆ ਕਿ ਵਿਧਵਾ ਔਰਤ, ਤਲਾਕਸ਼ੁਦਾ ਪਰਿਵਾਰਾਂ ਦੇ ਬੱਚੇ, ਯਤੀਮ ਬੱਚੇ ਜੋ ਆਪਣੇ ਰਿਸ਼ਤੇਦਾਰਾਂ ਪਾਸ ਰਹਿ ਰਹੇ ਹੋਣ,  ਜਿਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਕਿਸੇ ਜਾਨਲੇਵਾ ਬਿਮਾਰੀ ਦੇ ਸ਼ਿਕਾਰ ਹਨ, ਜੋ ਪਰਿਵਾਰ ਆਰਥਿਕ ਅਤੇ ਸ਼ਰੀਰਕ ਪੱਖੋ ਆਪਣੇ ਬੱਚਿਆਂ ਦੀ ਦੇਖ ਰੇਖ ਕਰਨ ਤੋ ਅਸਮਰੱਥ ਹਨ , ਨੂੰ ਇਸ ਸਕੀਮ ਅਧੀਨ ਆਰਥਿਕ ਸਹਾਇਤਾ ਦੇਣ ਲਈ ਚੁਣਿਆ ਜਾਂਦਾ ਹੈ । ਉਨਾਂ ਹਦਾਇਤ ਕੀਤੀ ਕਿ ਵੱਧ ਤੋਂ ਵੱਧ ਲੋੜਵੰਦ ਪਰਿਵਾਰਾਂ ਦੇ ਬੱਚੇ ਇਸ ਸਕੀਮ ਨਾਲ ਜੋੜ ਕੇ ਉਹਨਾਂ ਨੂੰ ਆਰਥਿਕ ਲਾਭ ਦਿੱਤਾ ਜਾਵੇ ਤਾਂ ਜੋ ਉਹ ਆਪਣੀ ਪੜ੍ਹਾਈ ਜਾਰੀ ਰੱਖ ਸਕਣ।

ਸ: ਈ ਟੀ ਓ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਮੁੱਖ ਉਦੇਸ਼ ਸਿੱਖਿਆ ਦੇ ਪੱਧਰ ਨੂੰ ਉੱਚਾ ਚੁਕਣਾ ਹੈ। ਉਨਾਂ ਦੱਸਿਆ ਕਿ ਸਾਡੀ ਸਰਕਾਰ ਵਲੋਂ ਸਕੂਲ ਆਫ ਐਮੀਨੈਂਸ ਬਣਾਏ ਜਾ ਰਹੇ ਹਨ। ਜਿਥੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਸਿੱਖਿਆ ਅਤੇ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਸੂਬਾ ਸਿੱਖਿਆ ਦੇ ਖੇਤਰ ਵਿੱਚ ਇਕ ਨੰਬਰ ਤੇ ਹੋਵੇਗਾ। ਸ: ਈਟੀਓ ਵਲੋਂ ਅੱਜ ਲੋੜਵੰਦ ਬੱਚਿਆਂ ਨੂੰ 19.32 ਲੱਖ ਰੁਪਏ ਦੇ ਰਾਸ਼ੀ ਦੇ ਚੈਕ ਵੰਡੇ ਗਏ। ਦੱਸਣਯੋਗ ਹੈ ਕਿ ਇਸ ਰਾਸ਼ੀ ਵਿੱਚ ਕੁੱਝ ਰਾਸ਼ੀ ਪੈਂਡਿੰਗ ਕੇਸਾਂ ਦੀ ਵੀ ਬਕਾਇਆ ਸੀ ਜਿਸਨੂੰ ਕਿ ਅੱਜ ਵੰਡ ਦਿੱਤਾ ਗਿਆ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਜੋ ਬੱਚੇ ਪੀਐਮ ਕੇਅਰ ਸਕੀਮ ਅਧੀਨ ਰਜਿਸਟਰਡ ਹਨ,  ਜੋ ਬੱਚੇ ਜੁਵੇਨਾਈਲ ਜਸਟਿਸ ਐਕਟ 2015 ਅਨੁਸਾਰ ਸੁਰੱਖਿਆ ਅਤੇ ਸੰਭਾਲ ਅਧੀਨ ਆਉਦੇ ਹਨ, ਜਿਵੇ ਕਿ, ਬਾਲ ਮਜਦੂਰੀ ਕਰਦੇ ਬੱਚੇ, ਬਾਲ ਵਿਆਹ ਤੋ ਸ਼ਿਕਾਰ ਬੱਚੇ, ਐਚ ਆਈ ਵੀ ਨਾਲ ਪੀੜਤ ਬੱਚੇ,ਕੁਦਰਤੀ ਆਫਤ ਦੀ ਸ਼ਿਕਾਰ ਬੱਚੇ, ਦੁਰਵਿਵਹਾਰ ਜਾ ਸ਼ੋਸ਼ਣ ਦਾ ਸ਼ਿਕਾਰ ਬੱਚੇ, ਬਾਲ ਭਿੱਖਿਆ ਕਰਦੇ ਬੱਚੇ ਸ਼ਾਮਿਲ ਹਨ, ਪਰ ਸਕੂਲ ਜਾ ਰਹੇ ਹਨ ਉਹ ਜ਼ਰੂਰੀ ਦਸਤਾਵੇਜ ਲੈ ਕੇ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਬਸ਼ਰਤੇ ਕਿ ਇਨਾ ਪਰਿਵਾਰਾਂ ਦੀ ਸਲਾਨਾ ਆਮਦਨ 72,000 (ਪੇਡੂ ਖੇਤਰ ਅਤੇ 96,000 ਸ਼ਹਿਰੀ ਖੇਤਰ) ਤੋ ਵੱਧ ਨਾ  ਹੋਵੇ ।  ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਪਰਿਵਾਰ ਆਪਣਾ ਲੋੜਵੰਦ ਦਸਤਾਵੇਜ ਜਿਵੇ ਕਿ ਬੱਚੇ ਦਾ ਅਧਾਰ ਕਾਰਡ, ਸਕੂਲ ਤੋ ਤਸਦੀਕਸ਼ੁਦਾ ਰਿਪੋਰਟ, ਜਨਮ ਸਰਟੀਫਿਕੇਟ, ਸਰਪੰਚ ਅਤੇ ਕੌਂਸਲਰ ਤੋ ਤਸਦੀਕਸ਼ੁਦਾ ਰਿਪੋਰਟ ਸਮੇਤ ਸਕੀਮ ਦਾ ਲਾਭ ਲੈਣ ਲਈ ਫਾਰਮ ਭਰ ਸਕਦੇ ਹਨ।  ਉਹਨਾਂ ਦੱਸਿਆ ਕਿ ਇਸ ਸਬੰਧੀ ਕਿਸੇ ਵੀ ਸਹਾਇਤਾ ਲਈ ਜਿਲ੍ਹਾ ਬਾਲ ਸਰੁੱਖਿਆ ਯੂਨਿਟ ਦੇ ਦਫਤਰ, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਦੂਸਰੀ ਮੰਜਿਲ ਕਮਰਾ ਨੰ 238 ਵਿਖੇ ਸੰਪਰਕ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਇਸ ਸਕੀਮ ਦਾ ਲਾਭ ਹਰੇਕ ਲੋੜਵੰਦ ਪਰਿਵਾਰ ਤੱਕ ਪਹੁੰਚਾਇਆ ਜਾਵੇਗਾ ਅਤੇ ਲੋਕਾਂ ਨੂੰ ਇਸ ਸਕੀਮ ਪ੍ਰਤੀ ਜਾਗਰੂਕ ਵੀ ਕੀਤਾ ਜਾਵੇਗਾ।

          ਇਸ ਮੌਕੇ ਸਹਾਇਕ ਕਮਿਸ਼ਨਰ ਜਨਰਲ ਸ੍ਰੀਮਤੀ ਗੁਰਸਿਮਰਨ ਕੌਰ, ਸਹਾਇਕ ਕਮਿਸ਼ਨਰ ਮੈਡਮ ਸੋਨਮ, ਜਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਹਰਦੀਪ ਕੌਰ, ਬਾਲ ਭਲਾਈ ਕਮੇਟੀ ਦੇ ਮੈਂਬਰ ਐਡਵੋਕੇਟ ਸ੍ਰੀ ਮਨੋਰੰਜਨ ਸ਼ਰਮਾ, ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ: ਤਰੁਨਜੀਤ ਸਿੰਘ, ਮੈਡਮ ਨੇਹਾ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *