ਅਯੁਸ਼ਮਾਨ ਆਰੋਗਿਆ ਕੇਂਦਰ, ਰੰਗੀਲਪੁਰ ‘ਚ ਚੱਲ ਰਹੀਆਂ ਸੇਵਾਵਾਂ ਦੀ ਗੁਣਵੱਤਾ ਤੇ ਮਰੀਜ਼ਾਂ ਨੂੰ ਮਿਲ ਰਹੀ ਸੁਵਿਧਾ ਦਾ ਮੁਲਾਂਕਣ 

ਰੂਪਨਗਰ, 8 ਅਪ੍ਰੈਲ: ਅਯੁਸ਼ਮਾਨ ਆਰੋਗਿਆ ਕੇਂਦਰ, ਰੰਗੀਲਪੁਰ ਦਾ ਰਾਸ਼ਟਰੀ ਅਸੈੱਸਮੈਂਟ ਐਨ.ਕਿਊ.ਏ.ਐਸ (ਨੈਸ਼ਨਲ ਕੁਆਲਿਟੀ ਅਸ਼ੋਰੈਂਸ ਸਟੈਂਡਰਡ) ਦੇ ਤਹਿਤ ਸਿਹਤ ਕੇਂਦਰ ਵਿੱਚ ਚੱਲ ਰਹੀਆਂ ਸੇਵਾਵਾਂ ਦੀ ਗੁਣਵੱਤਾ ਅਤੇ ਮਰੀਜ਼ਾਂ ਨੂੰ ਮਿਲ ਰਹੀ ਸੁਵਿਧਾ ਦਾ ਮੁਲਾਂਕਣ ਵੀਡੀਓ ਕਾਨਫਰੰਸ ਰਾਹੀਂ ਡਾ. ਦ੍ਰਕਸ਼ਤ ਪ੍ਰਸਾਦ ਅਤੇ ਡਾ. ਕਾਲੀਧਾਸਨਰ ਦੀ ਟੀਮ ਵਲੋਂ ਕੀਤਾ ਗਿਆ।

ਇਸ ਮੁਲਾਂਕਣ ਦੌਰਾਨ ਟੀਮ ਨੇ ਸਿਹਤ ਕੇਂਦਰ ਵਿੱਚ ਚੱਲ ਰਹੀਆਂ ਸੇਵਾਵਾਂ ਦੀ ਗੁਣਵੱਤਾ, ਮਰੀਜ਼ਾਂ ਨੂੰ ਮਿਲ ਰਹੀ ਸੁਵਿਧਾ ਜਿਸ ਵਿੱਚ ਟੀਕਾਕਰਨ, ਮਾਤਾ-ਬੱਚਾ ਸੇਵਾਵਾਂ, ਦਵਾਈਆਂ ਦੀ ਉਪਲਬਧਤਾ, ਸਟਾਫ ਦੀ ਹਾਜ਼ਰੀ, ਰਿਕਾਰਡ ਰੱਖਣ ਦੀ ਪ੍ਰਕਿਰਿਆ, ਸਫਾਈ ਦੀ ਹਾਲਤ, ਪਾਣੀ ਅਤੇ ਬਿਜਲੀ ਵਰਗੀਆਂ ਬੁਨਿਆਦੀ ਸਹੂਲਤਾਂ ਦੀ ਜਾਂਚ ਕੀਤੀ।

ਇਸ ਅਸੈੱਸਮੈਂਟ ਦੀ ਤਿਆਰੀ ਲਈ ਕਮਿਊਨਟੀ ਹੈਲਥ ਅਫਸਰ ਨਵਰਿਤ ਕੌਰ, ਹੇਲਥ ਵਰਕਰ ਹਰਪ੍ਰੀਤ ਕੌਰ, ਹੇਲਥ ਵਰਕਰ ਰੁਪਿੰਦਰ ਕੌਰ, ਹੇਲਥ ਵਰਕਰ ਪ੍ਰਿੰਸ ਵਰਮਾ ਅਤੇ ਸਾਰੇ ਆਸ਼ਾ ਵਰਕਰਾਂ ਨੇ ਬਹੁਤ ਹੀ ਮਿਹਨਤ ਅਤੇ ਸਮਰਪਣ ਨਾਲ ਕੰਮ ਕੀਤਾ। ਉਨ੍ਹਾਂ ਦੀ ਕੋਸ਼ਿਸ਼ ਕਾਰਨ ਸਾਰੀ ਟੀਮ ਦੀ ਭੂਮਿਕਾ ਦੀ ਸਰਾਹਣਾ ਹੋਈ।

ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਆਨੰਦ ਘਈ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਡੌਲੀ ਸਿੰਗਲਾ, ਸੈਨਟਰੀ ਇੰਸਪੈਕਟਰ ਵਿਵੇਕ ਕੁਮਾਰ, ਹੈਲਥ ਸੁਪਰਵਾਈਜ਼ਰ ਗੁਰਦਿਆਲ ਕੌਰ ਅਤੇ ਸਿਹਤ ਕਰਮਚਾਰੀ ਬ੍ਰਿਜ ਮੋਹਨ ਵੀ ਮੌਜੂਦ ਰਹੇ ਅਤੇ ਸਟਾਫ ਦਾ ਹੌਸਲਾ ਵਧਾਇਆ।

ਡਾ. ਆਨੰਦ ਘਈ ਨੇ ਕਿਹਾ ਕਿ ਰੰਗੀਲਪੁਰ ਦਾ ਸਿਹਤ ਕੇਂਦਰ ਬਹੁਤ ਵਧੀਆ ਕੰਮ ਕਰ ਰਿਹਾ ਹੈ। ਇਹ ਅਸੈੱਸਮੈਂਟ ਸਿਰਫ ਜਾਂਚ ਨਹੀਂ ਸੀ, ਸਗੋਂ ਇਹ ਸਿੱਖਣ ਅਤੇ ਸੁਧਾਰ ਕਰਨ ਦਾ ਮੌਕਾ ਵੀ ਸੀ। ਉਨ੍ਹਾਂ ਨੇ ਸਟਾਫ ਦੀ ਲਗਨ, ਤਿਆਰੀ ਅਤੇ ਸਮਰਪਣ ਦੀ ਖੁੱਲ੍ਹ ਕੇ ਤਾਰੀਫ਼ ਕੀਤੀ।

ਐਨ.ਕਿਊ.ਏ.ਐਸ ਦੇ ਅਸੈੱਸਮੈਂਟ ਰਾਹੀਂ ਕੇਂਦਰ ਦੀ ਗੁਣਵੱਤਾ ਨੂੰ ਮਾਪਿਆ ਜਾਂਦਾ ਹੈ, ਤਾਂ ਜੋ ਲੋਕਾਂ ਨੂੰ ਮਿਆਰੀ ਤੇ ਵਿਸ਼ਵਾਸਯੋਗ ਸਿਹਤ ਸੇਵਾਵਾਂ ਮਿਲ ਸਕਣ। ਇਹ ਅਸੈੱਸਮੈਂਟ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਚੱਲ ਰਹੀਆਂ ਸੇਵਾਵਾਂ ਦੀ ਨਿਰੰਤਰ ਗੁਣਵੱਤਾ ਨੂੰ ਯਕੀਨੀ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਸੀ।

Leave a Reply

Your email address will not be published. Required fields are marked *