ਖਡੂਰ ਸਾਹਿਬ, 21ਮਈ : ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਅਤੇ ਮੁੱਖ ਖੇਤੀਬਾੜੀ ਅਫਸਰ ਡਾ. ਤੇਜਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੁਆਰਾ ਝੋਨੇ ਦੀ ਸਿੱਧੀ ਬਿਜਾਈ, ਖ਼ਾਦਾਂ ਦੀ ਸੁਚੱਜੀ ਵਰਤੋ, ਫਲਦਾਰ ਬੂਟਿਆਂ, ਸਬਜ਼ੀਆਂ ਅਤੇ ਵਿਭਾਗੀ ਸਕੀਮਾਂ ਸਬੰਧੀ ਜਾਗਰੂਕ ਕਰਨ ਹਿੱਤ ਆਤਮਾ ਸਕੀਮ ਤਹਿਤ ਖਡੂਰ ਸਾਹਿਬ ਵਿਖੇ ਕਿਸਾਨ ਗੋਸ਼ਠੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬਲਾਕ ਖੇਤੀਬਾੜੀ ਅਫਸਰ ਡਾ. ਭੁਪਿੰਦਰ ਸਿੰਘ, ਡਾ. ਯਾਦਵਿੰਦਰ ਸਿੰਘ ਬੀ.ਟੀ.ਐਮ , ਡਾ. ਰੁਪਿੰਦਰਜੀਤ ਸਿੰਘ ਏ.ਈ.ਓ, ਡਾ. ਗੁਰਪ੍ਰੀਤ ਸਿੰਘ ਏ.ਈ.ਓ ਅਤੇ ਪੀ.ਏ.ਯੂ ਲੁਧਿਆਣਾ ਦੇ ਤਰਨ ਤਾਰਨ ਸਥਿਤ ਜ਼ਿਲ੍ਹਾ ਪ੍ਰਸਾਰ ਮਾਹਿਰ ਡਾ. ਪਰਵਿੰਦਰ ਸਿੰਘ, ਡਾ. ਪਰਮਿੰਦਰ ਸਿੰਘ ਸੰਧੂ, ਡਾ. ਪਰਮਿੰਦਰ ਕੌਰ ਅਤੇ ਡਾ. ਸਵਰੀਤ ਖਹਿਰਾ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਰਵਾਇਤੀ ਤਕਨੀਕ ਨਾਲੋਂ ਸੌਖੀ, ਸਸਤੀ ਹੈ ਅਤੇ ਇਸ ਨਾਲ ਵਾਧੂ ਪਾਣੀ ਜ਼ਮੀਨ ਵਿੱਚ ਰਿਚਾਰਜ ਹੋ ਜਾਂਦਾ ਹੈ। ਇਸ ਤਕਨੀਕ ਤੋਂ ਵਧੀਆ ਨਤੀਜੇ ਲੈਣ ਲਈ ਪ੍ਰਮਾਣਿਤ 8 ਤੋਂ 10 ਕਿਲੋ ਬੀਜ ਨੂੰ ਪੋਟਾਸ਼ੀਅਮ ਨਾਈਟਰੇਟ ਅਤੇ ਸਪਰਿੰਟ ਨਾਲ ਸੋਧ ਲੈਣਾ ਚਾਹੀਦਾ ਹੈ। ਬੀਜ ਨੂੰ ਇਕ ਇੰਚ ਡੂੰਘਾ ਬੀਜਣਾ ਚਾਹੀਦਾ ਹੈ। ਨਦੀਨਾਂ ਦੀ ਸੁਚੱਜੀ ਰੋਕਥਾਮ ਲਈ ਸੁੱਕੀ ਬਿਜਾਈ ਉਪਰੰਤ ਖੇਤ ਨੂੰ ਸਿੰਚਾਈ ਕਰਕੇ ਇਕ-ਦੋ ਦਿਨ ਬਾਅਦ ਵੱਤਰ ਆਉਣ ‘ਤੇ ਨਦੀਨਾਸ਼ਕ ਦਾ ਛਿੜਕਾਅ ਕਰਨਾ ਚਾਹੀਦਾ ਹੈ ਜਦਕਿ ਤਰ ਵੱਤਰ ਬਿਜਾਈ ਦੇ ਵਿੱਚ ਨਾਲ ਦੀ ਨਾਲ ਹੀ ਨਦੀਨ ਨਾਸ਼ਕ ਦਾ ਛਿੜਕਾਅ ਲਾਹੇਵੰਦ ਰਹਿੰਦਾ ਹੈ।
ਖ਼ਾਦਾਂ ਦੀ ਵਰਤੋਂ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਖਾਦਾਂ ਦੀ ਵਰਤੋਂ ਮਿੱਟੀ ਪਰਖ ਅਨੁਸਾਰ ਕਰਨੀ ਚਾਹੀਦੀ ਹੈ। ਉਨ੍ਹਾਂ ਜਾਣਕਾਰੀ ਸਾਂਝੀ ਕੀਤੀ ਕਿ ਰਵਾਇਤੀ ਝੋਨੇ ਵਿੱਚ 90 ਕਿਲੋ ਯੂਰੀਆ ਤਿੰਨ ਬਰਾਬਰ ਕਿਸ਼ਤਾਂ ਵਿੱਚ ਝੋਨੇ ਦੀ ਲਵਾਈ ਤੋਂ 7 ਦਿਨ , 21 ਦਿਨ ਅਤੇ 42 ਦਿਨ ਜਦ ਕਿ ਝੋਨੇ ਦੀ ਸਿੱਧੀ ਬਿਜਾਈ ਵੇਲੇ 130 ਕਿਲੋ ਯੂਰੀਆ ਬਿਜਾਈ ਤੋਂ ਚੌਥੇ, ਛੇਵੇਂ ਅਤੇ ਨੌਵੇਂ ਹਫਤੇ ਤਿੰਨ ਬਰਾਬਰ ਕਿਸ਼ਤਾਂ ਵਿੱਚ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਖੇਤ ਵਿੱਚ ਸੱਠੀ ਮੂੰਗੀ, ਮਾਂਹ ਜਾਂ ਜੰਤਰ ਝੋਨੇ, ਬਾਸਮਤੀ ਦੀ ਲਵਾਈ ਤੋਂ ਇਕ-ਦੋ ਦਿਨ ਪਹਿਲਾਂ ਵਾਹ ਦਿੱਤਾ ਜਾਵੇ ਤਾਂ ਕ੍ਰਮਵਾਰ 35 ਅਤੇ 55 ਕਿਲੋ ਯੂਰੀਆ ਦੀ ਘੱਟ ਲੋੜ ਪੈਂਦੀ ਹੈ।
ਇਸ ਮੌਕੇ ਜਾਣਕਾਰੀ ਦਿੱਤੀ ਗਈ ਕਿ ਫ਼ਸਲੀ ਵਿਭਿੰਨਤਾ ਤਹਿਤ ਰਜਿਸਟਰਡ ਕਿਸਾਨ ਸਾਉਣੀ ਦੀ ਮੱਕੀ ਦੀ ਝੋਨੇ ਦੀ ਥਾਂ ‘ਤੇ ਬਿਜਾਈ ਕਰਦੇ ਹਨ ਉਨ੍ਹਾਂ ਨੂੰ ਸਰਕਾਰ ਵੱਲੋਂ 7000 ਪ੍ਰਤੀ ਏਕੜ ਦੇਣ ਦੀ ਵਿਵਸਥਾ ਕੀਤੀ ਗਈ ਹੈ। ਇਸ ਦੌਰਾਨ ਸਿਮਰਨ ਸਿੰਘ ਖੇਤੀ ਉਪ ਨਿਰੀਖਕ, ਅਵਤਾਰ ਸਿੰਘ, ਸਤਨਾਮ ਸਿੰਘ ਖੇਤੀ ਉਪ ਨਿਰੀਖਕ, ਗੁਰਪ੍ਰਤਾਪ ਸਿੰਘ ਬੇਲਦਾਰ, ਕਮਲਜੀਤ ਕੌਰ ਖੇਤੀ ਸਹਾਇਕ ਪ੍ਰਬੰਧਕ ਅਤੇ ਇਲਾਕੇ ਦੇ ਕਿਸਾਨਾਂ ਨੇ ਸਹਿਯੋਗ ਅਤੇ ਤਕਨੀਕੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਸਿੱਧੀ ਬਿਜਾਈ ਕਰ ਰਹੇ ਕਿਸਾਨਾਂ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਵਿਭਾਗ ਦੁਆਰਾ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ।
