ਫਾਜਿ਼ਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਲਾਧੂਕਾ ਵਿਚ ਥਾਣਾ ਬਣਾਉਣ ਅਤੇ ਨੂਰ ਸ਼ਾਹ ਕੋਲ ਸਤਲੁਜ ਤੇ ਪੁਲ ਬਣਾਉਣ ਦਾ ਮੁੱਦਾ ਚੁੱਕਿਆ ਵਿਧਾਨ ਸਭਾ ਵਿਚ

ਫਾਜਿ਼ਲਕਾ, 7 ਮਾਰਚ

                ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਅੱਜ ਵਿਧਾਨ ਸਭਾ ਵਿਚ ਆਪਣੇ ਇਲਾਕੇ ਦੀਆਂ ਮੰਗਾਂ ਜੋਰਦਾਰ ਢੰਗ ਨਾਲ ਉਠਾਉਂਦਿਆਂ ਕਿਹਾ ਕਿ ਉਨ੍ਹਾਂ ਦਾ ਹਲਕਾ ਕੌਮਾਂਤਰੀ ਸਰਹੱਦ ਤੇ ਪੈਂਦਾ ਹੈ ਅਤੇ ਦੁਸ਼ਮਣ ਦੇਸ਼ ਵੱਲੋਂ ਕੌਮਾਂਤਰੀ ਸਰਹੱਦ ਦੇ ਪਾਰੋਂ ਤਸਕਰੀ ਰਾਹੀਂ ਨਸ਼ੇ ਆਦਿ ਭੇਜੇ ਜਾਂਦੇ ਹਨ ਅਤੇ ਡ੍ਰੋਨ ਗਤੀਵਿਧੀਆ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਇਸ ਸਰਹੱਦੀ ਇਲਾਕੇ ਨੂੰ ਸਦਰ ਥਾਣਾ ਫਾਜਿ਼ਲਕਾ ਕਵਰ ਕਰਦਾ ਹੈ। ਅਜਿਹੇ ਵਿਚ ਜਰੂਰਤ ਹੈ ਕਿ ਮੰਡੀ ਲਾਧੂਕਾ ਦੀ ਪੁਲਿਸ ਚੌਕੀ ਨੂੰ ਥਾਣੇ ਵਜੋਂ ਅਪਗ੍ਰੇਡ ਕੀਤਾ ਜਾ ਜਾਵੇ ਤਾਂ ਜੋ ਸਰਹੱਦੀ ਖੇਤਰ ਵਿਚ ਦੇਸ਼ ਵਿਰੋਧੀ ਤਾਰਤਾਂ ਖਿਲਾਫ ਸਖ਼ਤ ਚੌਕਸੀ ਕੀਤੀ ਜਾ ਸਕੇ। ਉਨ੍ਹਾਂ ਨੇ ਇਸੇ ਤਰਾਂ ਸਰਹੱਦੀ ਪਿੰਡਾਂ ਦੀ ਗੱਲ ਕਰਦਿਆਂ ਆਖਿਆ ਕਿ ਸਰਹੱਦ ਦੇ ਨਾਲ ਸਤਲੁਜ ਦੀ ਕਰੀਕ ਨਿਕਲਦੀ ਹੈ ਜਿਸ ਕਾਰਨ ਇੰਨ੍ਹਾਂ ਪਿੰਡਾਂ ਦਾ ਆਉਣ ਜਾਣ ਔਖਾ ਹੈ ਅਤੇ ਕਰੀਕ ਤੇ ਪੁਲਾਂ ਦੀ ਘਾਟ ਹੈ। ਇਸ ਲਈ ਪਿੰਡ ਨੂਰ ਸ਼ਾਹ ਕੋਲ ਪੁਲ ਬਣਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਨਵਾਂ ਪੁਲ ਬਣਨ ਨਾਲ ਨਾ ਕੇਵਲ ਲੋਕਾਂ ਨੂੰ ਆਉਣ ਜਾਣ ਵਿਚ ਸੌਖ ਹੋਵੇਗੀ ਸਗੋਂ ਇੲ ਦੇਸ਼ ਦੀ ਸੁਰੱਖਿਆ ਪੱਖੋਂ ਵੀ ਜਰੂਰੀ ਹੈ ਅਤੇ ਇਸ ਦੇ ਨਾਲ ਹੀ ਇਸ ਨਾਲ ਸਰਹੱਦੀ ਪਿੰਡਾਂ ਦੇ ਬੱਚਿਆਂ ਨੂੰ ਸਕੂਲਾਂ ਕਾਲਜਾਂ ਤੱਕ ਪਹੁੰਚਣਾ ਸੌਖਾ ਹੋਵੇਗਾ।

                ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਲਗਾਤਾਰ ਵਿਧਾਨ ਸਭਾ ਵਿਚ ਆਪਣੇ ਇਲਾਕੇ ਦੀਆਂ ਮੁਸਕਿਲਾਂ ਉਠਾਉਂਦੇ ਰਹਿੰਦੇ ਹਨ। ਪਹਿਲਾਂ ਵੀ ਉਨ੍ਹਾਂ ਵੱਲੋਂ ਉਠਾਏ ਗਏ ਅਨੇਕ ਮੁੱਦਿਆਂ ਤੇ ਸਰਕਾਰ ਨੇ ਤੁਰੰਤ ਕਾਰਵਾਈ ਕੀਤੀ ਹੈ।

Leave a Reply

Your email address will not be published. Required fields are marked *