ਭਾਸ਼ਾ ਵਿਭਾਗ ਪੰਜਾਬ ਵੱਲੋਂ ਕਰਵਾਏ ਜਾਣਗੇ ਚਾਰ ਸਮਾਗਮ

ਪਟਿਆਲਾ 19 ਜੁਲਾਈ:

                2025 ਦਾ ਇਹ ਸਾਲ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ 350ਵਾਂ ਵਰ੍ਹਾ ਹੈ। ਇਸ ਪ੍ਰਥਾਏ ਭਾਸ਼ਾ ਵਿਭਾਗ, ਪੰਜਾਬ ਨੇ ਸ. ਹਰਜੋਤ ਸਿੰਘ ਬੈਂਸ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ, ਪੰਜਾਬ ਦੀ ਅਗਵਾਈ ਵਿੱਚ ਦੋ ਰੋਜ਼ਾ ਸਮਾਗਮ ‘ਤੇਗ ਬਹਾਦਰ ਸਿਮਰਿਐ’ ਦੇ ਸਿਰਲੇਖ ਅਧੀਨ ਪੰਡਿਤ ਕਿਰਪਾ ਰਾਮ ਦੀ ਜਨਮ ਭੂਮੀ ਮੱਤਨ ਅਤੇ ਸ੍ਰੀਨਗਰ (ਕਸ਼ਮੀਰ) ਵਿਖੇ 23 ਤੇ 24 ਜੁਲਾਈ ਨੂੰ ਆਯੋਜਿਤ ਕਰਨ ਦਾ ਫ਼ੈਸਲਾ ਕੀਤਾ ਹੈ। ਭਾਸ਼ਾ ਵਿਭਾਗ, ਪੰਜਾਬ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਜੰਮੂ ਅਤੇ ਕਸ਼ਮੀਰ ਅਕੈਡਮੀ ਆਫ ਆਰਟ, ਕਲਚਰ ਐਂਡ ਲੈਗੂਏਜਿਜ਼ ਸ੍ਰੀਨਗਰ ਦੇ ਸਹਿਯੋਗ ਨਾਲ ਹੋਣ ਵਾਲੇ ਇਨ੍ਹਾਂ ਸਮਾਗਮਾਂ ਦੀ ਆਰੰਭਤਾ 23 ਜੁਲਾਈ ਨੂੰ ਸਵੇਰੇ ਮੱਤਨ ਦੇ ਗੁਰਦੁਆਰਾ ਸਾਹਿਬ ਵਿਖੇ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਹੋਵੇਗੀ। ਦੱਸਣਯੋਗ ਹੈ ਕਿ ਸ੍ਰੀਨਗਰ ਨੇੜਲੇ ਸਥਾਨ ਮੱਤਨ ਦਾ ਸਬੰਧ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਸ ਅਨੰਦਪੁਰ ਸਾਹਿਬ ਵਿਖੇ ਫਰਿਆਦ ਲੈ ਕੇ ਆਉਣ ਵਾਲੇ ਕਸ਼ਮੀਰੀ ਪੰਡਤਾਂ ਦੇ ਮੁਖੀ ਪੰਡਿਤ ਕਿਰਪਾ ਰਾਮ ਜੀ ਨਾਲ ਸੀ। ਪੰਡਿਤ ਜੀ ਕਈ ਪੀੜ੍ਹੀਆਂ ਤੋਂ ਗੁਰੂ ਘਰ ਦੇ ਸ਼ਰਧਾਲੂ ਸਨ ਅਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਅਨੰਦਪੁਰ ਸਾਹਿਬ ਵਿਖੇ ਹੀ ਰਹੇ ਅਤੇ ਗੁਰੂ ਪਰਿਵਾਰ ਦੀ ਸੇਵਾ ਸੰਭਾਲ ਕੀਤੀ। ਖਾਲਸਾ ਪੰਥ ਦੀ ਸਾਜਨਾ ਵੇਲੇ ਆਪ ਖੰਡੇ ਦੀ ਪਾਹੁਲ ਛਕ ਕੇ ਭਾਈ ਕਿਰਪਾ ਸਿੰਘ ਬਣੇ ਅਤੇ ਦਸੰਬਰ 1705 ਨੂੰ ਚਮਕੌਰ ਦੀ ਲੜਾਈ ਵਿੱਚ ਵੱਡੇ ਸਾਹਿਬਜ਼ਾਦਿਆਂ ਅਤੇ 40 ਸਿੰਘਾਂ ਸਮੇਤ ਸ਼ਹੀਦ ਹੋਏ।

          ਸ. ਜ਼ਫ਼ਰ ਨੇ ਦੱਸਿਆ ਕਿ ਇਸ ਉਪਰੰਤ ਸ੍ਰੀਨਗਰ ਵਿਖੇ ਟੈਗੋਰ ਹਾਲ ਵਿੱਚ ਹੋਣ ਵਾਲਾ ਦੋ ਦਿਨਾ ਸਮਾਗਮ ਤਿੰਨ ਭਾਗਾਂ ਵਿੱਚ ਹੋਏਗਾ। 23 ਜੁਲਾਈ ਨੂੰ ਬਾਅਦ ਦੁਪਹਿਰ 2 ਵਜੇ ਟੈਗੋਰ ਹਾਲ ਵਿਖੇ ‘ਗੁਰੂ ਵਿਚਾਰ’ ਸਿਰਲੇਖ ਅਧੀਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਬਾਣੀ, ਸ਼ਹੀਦੀ ਤੇ ਫਲਸਫ਼ੇ ਬਾਰੇ ਵਿਚਾਰ ਗੋਸ਼ਟੀ ਕਰਵਾਈ ਜਾਵੇਗੀ। ਇਸ ਸਮਾਗਮ ਦੇ ਮੁੱਖ ਮਹਿਮਾਨ ਸ. ਹਰਜੋਤ ਸਿੰਘ ਬੈਂਸ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ, ਪੰਜਾਬ ਹੋਣਗੇ। ਉੱਘੇ ਚਿੰਤਕ ਡਾ. ਅਮਰਜੀਤ ਸਿੰਘ ਗਰੇਵਾਲ ਮੁੱਖ ਭਾਸ਼ਣ ਦੇਣਗੇ। ਸਮਾਗਮ ਦੀ ਪ੍ਰਧਾਨਗੀ ਜੰਮੂ ਅਤੇ ਕਸ਼ਮੀਰ ਅਕੈਡਮੀ ਆਫ ਆਰਟ, ਕਲਚਰ ਐਂਡ ਲੈਗੂਏਜਿਜ਼ ਦੇ ਸਕੱਤਰ ਸ੍ਰੀਮਤੀ ਹਰਵਿੰਦਰ ਕੌਰ ਜੇ.ਕੇ.ਏ.ਐਸ. ਕਰਨਗੇ। ਦੂਜੇ ਭਾਗ ਵਿੱਚ ਸ਼ਾਮ 5 ਵਜੇ ਸ਼ੁਰੂ ਹੋਣ ਵਾਲੇ ‘ਕਾਵਿ ਸ਼ਰਧਾਂਜਲੀ’ ਸਿਰਲੇਖ ਤਹਿਤ ਪੰਜਾਬੀ, ਡੋਗਰੀ ਅਤੇ ਕਸ਼ਮੀਰੀ ਜ਼ੁਬਾਨਾਂ ਦੇ ਚੋਣਵੇਂ ਕਵੀ ਗੁਰੂ ਸਾਹਿਬ ਨੂੰ ਕਾਵਿ-ਸੁਮਨ ਭੇਟ ਕਰਨਗੇ।

                 ਅਗਲੇ ਦਿਨ 24 ਜੁਲਾਈ ਸ਼ਾਮ ਨੂੰ 5 ਵਜੇ ਟੈਗੋਰ ਹਾਲ ਵਿੱਚ ਰਸ-ਭਿੰਨਾ ਸੰਗੀਤਕ ਸਮਾਗਮ ਹੋਏਗਾ। ‘ਗੁਰੂ ਨਾਨਕ ਜਹਾਜ਼’ ਫ਼ਿਲਮ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਾ ਗਾਇਨ ਕਰਨ ਵਾਲੇ ਬੜੇ ਰਸੀਲੇ ਅਤੇ ਮਨਮੋਹਣੇ ਨੌਜਵਾਨ ਗਾਇਕ ਬੀਰ ਸਿੰਘ ਗੁਰੂ ਸਾਹਿਬ ਦੀ ਬਾਣੀ ਦੇ ਗਾਇਨ ਦੇ ਨਾਲ-ਨਾਲ ਮੁਹੱਬਤੀ ਅਤੇ ਵਿਸਮਾਦੀ ਕਲਾਮ ਪੇਸ਼ ਕਰਨਗੇ। ਭਾਸ਼ਾ ਵਿਭਾਗ, ਪੰਜਾਬ ਵੱਲੋਂ ਕਸ਼ਮੀਰ ਵਿੱਚ ਵਸਦੇ ਸਮੂਹ ਪੰਜਾਬੀਆਂ ਅਤੇ ਗੁਰੂ ਪਿਆਰਿਆਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੰਮ-ਹੁਮਾ ਕੇ ਹਿੱਸਾ ਲੈਣ ਦਾ ਪ੍ਰੇਮ ਸਹਿਤ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।


Posted

in

,

by

Tags:

Comments

Leave a Reply

Your email address will not be published. Required fields are marked *