ਹੁਸ਼ਿਆਰਪੁਰ, 18 ਮਈ :

          ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖਾਤਮੇ ਲਈ ਚਲਾਈ ਜਾ ਰਹੀ ਸੂਬਾ ਪੱਧਰੀ ਮੁਹਿੰਮ ਤਹਿਤ ਐਤਵਾਰ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਨਸ਼ਾ ਮੁਕਤੀ ਯਾਤਰਾਵਾਂ ਕੱਢੀਆਂ ਗਈਆਂ। ਇਹ ਯਾਤਰਾਵਾਂ ਜ਼ਿਲ੍ਹੇ ਦੇ 21 ਪਿੰਡਾਂ ਵਿਚ ਕੱਢੀਆਂ ਗਈਆ, ਜਿਨ੍ਹਾਂ ਵਿਚ ਸਥਾਨਕ ਵਿਧਾਇਕਾਂ, ਪ੍ਰਸ਼ਾਸਨਿਕ ਅਧਿਕਾਰੀਆਂ, ਸਮਾਜਿਕ ਸੰਗਠਨਾਂ, ਨੌਜਵਾਨਾਂ ਅਤੇ ਨਾਗਰਿਕਾਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ।

          ਸ਼ਾਮਚੁਰਾਸੀ ਵਿਧਾਨ ਸਭਾ ਹਲਕੇ ਵਿਚ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦੀ ਅਗਵਾਈ ਵਿਚ ਬੁੱਲੋਵਾਲ, ਫਤੋਵਾਲ ਅਤੇ ਪਥਿਆਲੀਆਂ ਪਿੰਡਾਂ ਵਿਚ ਨਸ਼ਾ ਵਿਰੋਧੀ ਜਾਗਰੂਕਤਾ ਰੈਲੀਆਂ ਕੱਢੀਆਂ ਗਈਆਂ।

          ਚੱਬੇਵਾਲੇ ਹਲਕੇ ਵਿਚ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਅਤੇ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਭੂੰਗਰਨੀ, ਹੇੜੀਆਂ ਅਤੇ ਪੰਡੋਰੀ ਕੱਦ ਪਿੰਡਾਂ ਵਿਚ ਯਾਤਰਾਵਾਂ ਦੀ ਅਗਵਾਈ ਕੀਤੀ।

          ਗੜ੍ਹਸ਼ੰਕਰ ਵਿਚ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੌੜੀ ਨੇ ਡਗਾਮ, ਦੇਨੋਵਾਲ ਕਲਾਂ ਅਤੇ ਫਤਹਿਪੁਰ ਕਲਾਂ ਪਿੰਡਾਂ ਵਿਚ ਲੋਕਾਂ ਨੂੰ ਨਸ਼ਿਆਂ ਖਿਲਾਫ਼ ਜਾਗਰੂਕ ਕੀਤਾ।

          ਹੁਸ਼ਿਆਰਪੁਰ ਵਿਚ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਦੀ ਅਗਵਾਈ ਵਿਚ ਬਸੀ ਦੌਲਤ ਖਾਂ, ਨਾਰੂ ਨੰਗਲ ਅਤੇ ਕੌਂਡਲਾ ਪਿੰਡਾਂ ਵਿਚ ਰੈਲੀਆਂ ਆਯੋਜਿਤ ਕੀਤੀਆਂ ਗਈਆਂ।

          ਟਾਂਡਾ ਹਲਕੇ ਵਿਚ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਪੱਟੀ ਤਲਵੰਡੀ ਸੱਲਾ, ਤਲਵੰਡੀ ਡੰਡੀਆਂ ਅਤੇ ਸ਼ਹਿਬਾਜਪੁਰ ਪਿੰਡਾਂ ਵਿਚ ਮੁਹਿੰਮ ਚਲਾਈ।

          ਦਸੂਹਾ ਵਿਚ ਵਿਧਾਇਕ ਕਰਮਬੀਰ ਸਿੰਘ ਘੁੰਮਣ ਨੇ ਚੰਡੀਦਾਸ, ਕੋਲੋਵਾਲ ਅਤੇ ਜਲੋਟਾ ਪਿੰਡਾਂ ਵਿਚ ਨਸ਼ਾ ਮੁਕਤੀ ਯਾਤਰਾ ਕੱਢੀ ।

          ਮੁਕੇਰੀਆਂ ਹਲਕੇ ਵਿਚ ਵਿਧਾਨ ਸਭਾ ਹਲਕਾ ਇੰਚਾਰਜ ਪ੍ਰੋ: ਜੀ.ਐਸ. ਮੁਲਤਾਨੀ ਨੇ ਦੋਲੋਵਾਲ, ਜਮਾਲਪੁਰ ਅਤੇ ਕਮਾਲਪੁਰ ਪਿੰਡਾਂ ਵਿਚ ਰੈਲੀ ਦਾ ਸੰਚਾਲਨ ਕੀਤਾ।

          ਸਾਰੇ ਜਨ ਪ੍ਰਤੀਨਿੱਧੀਆਂ ਨੇ ਇਕ ਸੂਰ ਵਿਚ ਕਿਹਾ ਕਿ ਨਸ਼ਾ ਪੰਜਾਬ ਦੀਆਂ ਜੜ੍ਹਾਂ ਨੂੰ ਖੋਖਲਾ ਕਰ ਰਿਹਾ ਹੈ ਅਤੇ ਇਸ ਨਾਲ ਲੜ੍ਹਾਈ ਕੇਵਲ ਸਰਕਾਰ ਨਹੀਂ, ਬਲਕਿ ਪੂਰੇ ਸਮਾਜ ਨੂੰ ਮਿਲ ਕੇ ਲੜ੍ਹਨੀ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਾ ਤਸਕਰਾਂ ਖਿਲਾਫ਼ ਸਖਤ ਕਾਰਵਾਈ ਕਰ ਰਹੀ ਹੈ ਅਤੇ ਪੁਨਰਵਾਸ ਕੇਂਦਰਾਂ ਰਾਹੀਂ ਪੀੜ੍ਹਤ ਨੌਜਵਾਨਾਂ ਨੂੰ ਮੁਖਧਾਰਾ ਵਿਚ ਲਿਆਉਣ ਦਾ ਯਤਨ ਕਰ ਰਹੀ ਹੈ।

          ਸਰਕਾਰ ਦਾ ਉਦੇਸ਼ ਹੈ ਕਿ ਇਸ ਤਰ੍ਹਾਂ ਦੀਆਂ ਨਿਰੰਤਰ ਜਾਗਰੂਕਤਾ ਗਤੀਵਿਧੀਆਂ ਰਾਹੀਂ ਪੰਜਾਬ ਨੂੰ ਨਸ਼ਾ ਮੁਕਤ ਅਤੇ ਸਿਹਤਮੰਦ ਸਮਾਜ ਦੀ ਦਿਸ਼ਾ ਵਿਚ ਲਿਜਾਣਾ ਹੈ।

          ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਇਹ ਸਿਰਫ਼ ਇਕ ਸਮਾਗਮ ਨਹੀਂ, ਬਲਕਿ ਨਸ਼ਿਆਂ ਖਿਲਾਫ਼

ਜਨ ਅੰਦੋਲਨ ਹੈ। ਅਸੀਂ ਹਰ ਪਿੰਡ, ਹਰ ਗਲੀ ਵਿਚ ਜਾ ਕੇ ਨੌਜਵਾਨਾਂ ਨੂੰ ਜਾਗਰੂਕ ਕਰਾਂਗੇ ਕਿ ਉਨ੍ਹਾਂ ਦਾ ਅਸਲੀ ਭਵਿੱਖ ਖੇਡ, ਸਿੱਖਿਆ ਅਤੇ ਰੋਜ਼ਗਾਰ ਵਿਚ ਹੈ, ਨਾ ਕਿ ਨਸ਼ਿਆਂ ਦੀ ਦਲਦਲ ਵਿਚ।

          ਇਸ ਦੌਰਾਨ ਪਿੰਡਾਂ ਵਿਚ ਲੋਕਾਂ ਨੇ ਹੱਥਾਂ ਵਿਚ ਬੈਨਰ ਅਤੇ ਤਖਤੀਆਂ ਲੈ ਕੇ ਨਾਅਰੇ ਲਗਾਏ। ਨੌਜਵਾਨਾਂ, ਸਮਾਜਿਕ ਵਰਕਰਾਂ ਅਤੇ ਉਘੇ ਨਾਗਰਿਕਾਂ ਦੀ ਸਰਗਰਮ ਭਾਗੀਦਾਰੀ ਨੇ ਇਨ੍ਹਾਂ ਯਾਤਰਾਵਾਂ ਨੂੰ ਜਨ ਅੰਦੋਲਨ ਦਾ ਰੂਪ ਦੇ ਦਿੱਤਾ।

Leave a Reply

Your email address will not be published. Required fields are marked *