ਸਿੱਧ ਬਾਬਾ ਬਾਲਕ ਨਾਥ ਜੀ ਮੰਦਿਰ ਗਾਗੜਾ ਸੂਰੇਵਾਲ ਵਿਖੇ ਭੰਡਾਰਾ ਕਰਵਾਉਣ ਦਾ ਸੁਭਾਗ ਪ੍ਰਾਪਤ ਹੋਇਆ- ਹਰਜੋਤ ਬੈਂਸ

ਨੰਗਲ 23 ਅਗਸਤ: ਇਲਾਕੇ ਦੇ ਪ੍ਰਮੁੱਖ ਧਾਰਮਿਕ ਅਸਥਾਨ ਸਿੱਧ ਬਾਬਾ ਬਾਲਕ ਨਾਥ ਜੀ ਮੰਦਿਰ ਗਾਗੜਾ ਸੂਰੇਵਾਲ ਅੱਪਰ ਵਿਖੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੇ ਪਰਿਵਾਰ ਵੱਲੋਂ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੋਨੂੰ ਸੈਣੀ ਹੁਸ਼ਿਆਰਪੁਰ ਵਾਲਿਆਂ ਵੱਲੋਂ ਬਾਬਾ ਜੀ ਦੇ ਭਜਨਾਂ ਦਾ ਗੁਣਗਾਨ ਕੀਤਾ ਗਿਆ ਅਤੇ ਵਿਸ਼ਾਲ ਭੰਡਾਰਾ ਲਗਾਇਆ ਗਿਆ। ਇਲਾਕੇ ਦੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੇ ਧਾਰਮਿਕ ਸਮਾਗਮ ਵਿੱਚ ਹਾਜ਼ਰੀ ਲਗਵਾਈ ਅਤੇ ਭਜਨਾਂ ਦਾ ਆਨੰਦ ਮਾਣਿਆ। ਇਸ ਧਾਰਮਿਕ ਸਮਾਰੋਹ ਦੌਰਾਨ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦਾ ਪਰਿਵਾਰ ਵੀ ਆਮ ਸ਼ਰਧਾਲੂਆਂ ਦੀ ਤਰ੍ਹਾਂ ਸੇਵਾ ਕਰਦਾ ਅਤੇ ਸੰਗਤ ਨੂੰ ਭੰਡਾਰਾ ਵਰਤਾਉਂਦਾ ਨਜ਼ਰ ਆਇਆ।

ਇਸ ਮੌਕੇ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਿੱਧ ਬਾਬਾ ਬਾਲਕ ਨਾਥ ਜੀ ਮੰਦਿਰ ਗਾਗੜਾ ਸੂਰੇਵਾਲ ਵਿਖੇ ਭੰਡਾਰਾ ਕਰਵਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਬਾਬਾ ਜੀ ਦੇ ਭਜਨਾਂ ਨੂੰ ਸਰਵਣ ਕਰਕੇ ਬਹੁਤ ਸ਼ਾਂਤੀ ਮਿਲੀ ਹੈ ਅਤੇ ਸਮੁੱਚਾ ਇਲਾਕਾ ਧਾਰਮਿਕ ਰੰਗ ਵਿੱਚ ਰੰਗਿਆ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਧਾਰਮਿਕ ਸਮਾਗਮ ਵਿੱਚ ਸਾਡੇ ਬਜ਼ੁਰਗ ਮਾਤਾ-ਪਿਤਾ ਤੋਂ ਇਲਾਵਾ ਇਲਾਕੇ ਤੋਂ ਆਏ ਨੌਜਵਾਨ ਭੈਣ-ਭਰਾਵਾਂ ਅਤੇ ਖਾਸ ਤੌਰ ’ਤੇ ਬੱਚਿਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਵਾਈ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੀਆਂ ਸੰਗਤਾਂ ਵਿੱਚ ਅੱਜ ਦੇ ਸਮਾਗਮ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।

ਸ. ਬੈਂਸ ਨੇ ਕਿਹਾ ਕਿ ਅੱਜ ਜੀਵਨ ਦੇ ਰੁਝੇਵੇਂ ਬਹੁਤ ਵੱਧ ਗਏ ਹਨ, ਇਸ ਲਈ ਸਾਨੂੰ ਆਪਣੇ ਜ਼ਰੂਰੀ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਆਪਣੀ ਸੰਸਕ੍ਰਿਤੀ, ਧਰਮ ਅਤੇ ਵਿਰਾਸਤ ਨਾਲ ਜੁੜੇ ਰਹਿਣਾ ਚਾਹੀਦਾ ਹੈ ਅਤੇ ਆਉਣ ਵਾਲੀਆਂ ਨਸਲਾਂ ਨੂੰ ਵੀ ਇਸ ਵਿਰਾਸਤ ਨਾਲ ਜੋੜ ਕੇ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਸਮਾਗਮ ਵਿੱਚ ਇਲਾਕੇ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਲਗਵਾਉਣ ਦੇ ਨਾਲ-ਨਾਲ ਸੇਵਾ ਭਾਵਨਾ ਨਾਲ ਆਪਣਾ ਯੋਗਦਾਨ ਪਾਇਆ। ਉਨ੍ਹਾਂ ਸਮੂਹ ਸੰਗਤ ਦਾ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣ ਅਤੇ ਭੰਡਾਰੇ ਦੀ ਸੇਵਾ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ।

ਇਸ ਦੌਰਾਨ ਸ. ਹਰਜੋਤ ਸਿੰਘ ਬੈਂਸ ਵੱਲੋਂ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਇਲਾਕੇ ਦੇ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਗਿਆ। ਉਨ੍ਹਾਂ ਨੇ ਮੌਕੇ ’ਤੇ ਹੀ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਕਈ ਸਮੱਸਿਆਵਾਂ ਦਾ ਨਿਪਟਾਰਾ ਕਰਵਾਇਆ ਅਤੇ ਬਾਕੀ ਮਾਮਲਿਆਂ ਨੂੰ ਵੀ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਹੈ ਅਤੇ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਸਰਕਾਰੀ ਦਫ਼ਤਰਾਂ ਦੇ ਬੇਲੋੜੇ ਚੱਕਰ ਨਾ ਕੱਟਣੇ ਪੈਣ, ਇਸ ਲਈ ਲੋਕ ਮਿਲਣੀਆਂ ਰਾਹੀਂ ਸਿੱਧੇ ਤੌਰ ’ਤੇ ਲੋਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।

ਧਾਰਮਿਕ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਅਤੇ ਬਾਬਾ ਬਾਲਕ ਨਾਥ ਜੀ ਦੇ ਭਜਨਾਂ ਦਾ ਆਨੰਦ ਮਾਣਿਆ। ਬੈਂਸ ਪਰਿਵਾਰ ਵੱਲੋਂ ਆਮ ਸ਼ਰਧਾਲੂਆਂ ਵਾਂਗ ਕੀਤੀ ਗਈ ਸੇਵਾ ਅਤੇ ਲੰਗਰ ਵਰਤਾਉਣ ਦੀ ਸੰਗਤ ਵੱਲੋਂ ਸ਼ਲਾਘਾ ਕੀਤੀ ਗਈ। ਸਮਾਗਮ ਦੌਰਾਨ ਸਮੁੱਚਾ ਮਾਹੌਲ ਭਗਤੀ ਅਤੇ ਸ਼ਰਧਾ ਨਾਲ ਭਰਪੂਰ ਰਿਹਾ।


Posted

in

by

Comments

Leave a Reply

Your email address will not be published. Required fields are marked *