ਕੀਰਤਪੁਰ ਸਾਹਿਬ 30 ਜੂਨ ()
ਡਾ.ਬਲਵਿੰਦਰ ਕੌਰ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਦੀ ਟੀਮ ਨੇ ਅੱਜ ਕੀਰਤਪੁਰ ਸਾਹਿਬ ਦੇ ਹੜ੍ਹ ਸੰਭਾਵਿਤ ਇਲਾਕਿਆਂ ਹਰੀਵਾਲ ਅਤੇ ਚੰਦਪੁਰ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਸਰਪੰਚ ਨਾਲ ਮੀਟਿੰਗ ਕੀਤੀ ਅਤੇ ਲੋਕਾਂ ਨੂੰ ਵੱਖ ਵੱਖ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ।
ਡਾਕਟਰ ਜੰਗਜੀਤ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਕੀਰਤਪੁਰ ਸਾਹਿਬ ਨੇ ਦੱਸਿਆ ਕਿ ਹੜ੍ਹਾਂ ਦੌਰਾਨ ਬਿਮਾਰੀਆਂ ਫੈਲਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਲਈ ਸਿਹਤ ਵਿਭਾਗ ਵੱਲੋਂ ਮਾਨਸੂਨ ਦੇ ਮੱਦੇਨਜ਼ਰ ਅਜਿਹੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਹੜ੍ਹ ਸੰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਨਾ ਕੇਵਲ ਸਥਿਤੀ ਦਾ ਜਾਇਜ਼ਾ ਲੈ ਰਹੀਆਂ ਹਨ ਸਗੋਂ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕ ਵੀ ਕਰ ਰਹੀਆਂ ਹਨ। ਉਹਨਾਂ ਦੱਸਿਆ ਕਿ ਟੀਮਾਂ ਵੱਲੋਂ ਵੱਖ ਵੱਖ ਇਲਾਕਿਆਂ ਵਿਚ ਜਾ ਕੇ ਪਾਣੀ ਦੀ ਕਲੋਰੀਨੇਸ਼ਨ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਡਾਇਰੀਆ ਜਾਂ ਬੁਖ਼ਾਰ ਆਦਿ ਹੋਣ ‘ਤੇ ਤੁਰੰਤ ਡਾਕਟਰੀ ਸਲਾਹ ਲੈਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਰੋਗ ਫ਼ੈਲਣ ਤੋਂ ਰੋਕਿਆ ਜਾ ਸਕੇ।
ਬਲਾਕ ਐਕਸਟੈਨਸ਼ਨ ਐਜੂਕੇਟਰ ਰਤਿਕਾ ਓਬਰਾਏ ਨੇ ਦੱਸਿਆ ਕਿ ਐੱਸ.ਆਈ ਸਿਕੰਦਰ ਸਿੰਘ ਅਤੇ ਹੈਲਥ ਇੰਸਪੈਕਟਰ ਸੁਖਦੀਪ ਸਿੰਘ ਦੀ ਅਗਵਾਈ ਵਿੱਚ ਮਲਟੀਪਰਪਜ਼ ਹੈਲਥ ਵਰਕਰ ਕੁਲਵਿੰਦਰ ਸਿੰਘ ਅਤੇ ਰਵਿੰਦਰ ਸਿੰਘ ਵੱਲੋਂ ਅੱਜ ਹੜ੍ਹ ਸੰਭਾਵਿਤ ਇਲਾਕਿਆਂ ਹਰੀਵਾਲ ਅਤੇ ਚੰਦਪੁਰ ਦਾ ਦੌਰਾ ਕੀਤਾ ਗਿਆ ਅਤੇ ਅਹਿਤਿਆਤ ਵਜੋਂ ਲੋਕਾਂ ਨੂੰ ਪਾਣੀ ਉਬਾਲ ਕੇ ਪੀਣ, ਮੱਛਰਾਂ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੇ ਸੰਭਾਵਿਤ ਖ਼ਤਰੇ ਦੇ ਮੱਦੇਨਜ਼ਰ ਪਾਣੀ ਖੜ੍ਹਾ ਨਾ ਹੋਣ ਦੇਣ। ਉਹਨਾਂ ਦੱਸਿਆ ਕਿ ਮਾਨਸੂਨ ਦੇ ਪੂਰੇ ਸੀਜ਼ਨ ਦੌਰਾਨ “ਤੰਦਰੁਸਤ ਪੰਜਾਬ ਮਿਸ਼ਨ” ਤਹਿਤ ਇਹ ਸਿਲਸਿਲਾ ਲਗਾਤਾਰ ਜਾਰੀ ਰਹੇਗਾ।