ਬਰਨਾਲਾ, 21 ਜੁਲਾਈ
ਖੇਤੀਬਾੜੀ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਖੁੱਡੀਆਂ ਦੇ ਨਿਰਦੇਸ਼ਾਂ ਅਤੇ ਡਾ. ਬਸੰਤ ਗਰਗ ਪ੍ਰਬੰਧਕੀ ਸੈਕਟਰੀ ਖੇਤੀਬਾੜੀ ਵਿਭਾਗ ਦੀਆਂ ਹਦਾਇਤਾਂ ਤਹਿਤ ਡਾਕਟਰ ਨਰਿੰਦਰ ਸਿੰਘ ਬੈਨੀਪਾਲ ਜੁਆਇੰਟ ਡਾਇਰੈਕਟਰ (ਪੀਪੀ) ਖੇਤੀਬਾੜੀ ਵਿਭਾਗ ਪੰਜਾਬ ਦੀ ਟੀਮ ਵੱਲੋਂ ਅੱਜ ਜ਼ਿਲ੍ਹਾ ਬਰਨਾਲਾ ਦੀਆਂ ਵੱਖ-ਵੱਖ ਦੁਕਾਨਾਂ ‘ਤੇ ਖਾਦ ਡੀਲਰਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਜਗਸੀਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਵੀ ਮੌਜੂਦ ਰਹੇ।
ਇਸ ਮੌਕੇ ਡਾ. ਬੈਨੀਪਾਲ ਨੇ ਕਿਹਾ ਕਿ ਖਾਦ ਡੀਲਰਾਂ ਦੀ ਵਿਸ਼ੇਸ਼ ਤੌਰ ‘ਤੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਖਾਦ ਦੀ ਜਮਾਖੋਰੀ ਰੋਕੀ ਜਾ ਸਕੇ। ਉਹਨਾਂ ਦੱਸਿਆ ਕਿ ਅੱਜ ਜ਼ਿਲ੍ਹਾ ਬਰਨਾਲਾ ਵਿੱਚ ਅਣ – ਅਧਿਕਾਰਤ ਗੋਦਾਮ (ਗਡਾਉਨ) ਫੜਿਆ ਗਿਆ ਹੈ ਜਿਸ ਵਿੱਚ ਖਾਦ 450 ਗੱਟੇ ਡੀਏਪੀ ਰੱਖੇ ਹੋਏ ਸਨ। 2000 ਗੱਟੇ ਟੀਐਸਪੀ ਅਤੇ 12.32.16 ਦੇ 700 ਗੱਟੇ ਦੀ ਜਮਾਖੋਰੀ ਕੀਤੀ ਹੋਈ ਸੀ ਜਿਸ ਦੀ ਐਕਟ ਮੁਤਾਬਿਕ ਅਗੇਰਲੀ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਭਦੌੜ ਵਿਚ ਵੀ ਛਾਪੇਮਾਰੀ ਕੀਤੀ ਗਈ ਅਤੇ ਖਾਦਾਂ/ ਕੀਟਨਾਸ਼ਕਾ ਦੇ ਨਮੂਨੇ ਭਰੇ ਗਏ। ਉਹਨਾਂ ਖਾਦ ਵਿਕਰੇਤਾਵਾਂ ਨੂੰ ਸਖਤ ਹਦਾਇਤਾਂ ਕੀਤੀਆਂ ਕਿ ਜਿੱਥੇ ਕਿਤੇ ਵੀ ਗੈਰ ਮਿਆਰੀ ਜਾਂ ਅਣ – ਅਧਿਕਾਰਤ ਖਾਦ ਸਟੋਰ ਕੀਤੀ ਗਈ ਮਿਲੀ ਤਾਂ ਐਕਟ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਸਖਤਹਦਾਇਤਾਂ ਹਨ ਕਿ ਕਿਸਾਨਾਂ ਨੂੰ ਮਿਆਰੀ ਖਾਦਾਂ ਮਹੱਈਆ ਕਰਵਾਈਆਂ ਜਾਣ। ਇਸ ਮੌਕੇ ਡਾ. ਜਤਿੰਦਰ ਸਿੰਘ ਏਡੀਓ ਮੋਹਾਲੀ, ਡਾ. ਸਤਨਾਮ ਸਿੰਘ ਏਡੀਓ (ਇਨਫੋਰਸਮੈਂਟ) ਬਰਨਾਲਾ ਆਦਿ ਮੌਜੂਦ ਸਨ।
