ਜਸਟਿਸ ਹਰਪ੍ਰੀਤ ਸਿੰਘ ਬਰਾੜ ਵਲੋਂ ਜ਼ਿਲ੍ਹਾ ਕਚਿਹਰੀਆਂ ਦਾ ਨਿਰੀਖਣ ਅਤੇ ਪਿੰਡ ਫਤਹਿਗੜ੍ਹ ਛੰਨਾ ਦਾ ਦੌਰਾ

ਬਰਨਾਲਾ, 20 ਮਾਰਚ

      ਮਾਨਯੋਗ ਜੱਜ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਇੰਸਪੈਕਟਿੰਗ ਜੱਜ, ਸ਼ੈਸ਼ਨਜ਼ ਡਵੀਜ਼ਨ ਬਰਨਾਲਾ ਜਸਟਿਸ ਹਰਪ੍ਰੀਤ ਸਿੰਘ ਬਰਾੜ ਵਲੋਂ ਜ਼ਿਲ੍ਹਾ ਕਚਿਹਰੀਆਂ ਬਰਨਾਲਾ ਦਾ ਅੱਜ ਸਾਲਾਨਾ ਨਿਰੀਖਣ ਕੀਤਾ ਗਿਆ ਅਤੇ ਪਿੰਡ ਫਤਿਹਗੜ੍ਹ ਛੰਨਾ ਦਾ ਦੌਰਾ ਕੀਤਾ ਗਿਆ ਅਤੇ ਹਰਿਆਵਲ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਮਿਸ ਅੰਸ਼ੂਲ ਬੇਰੀ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ ਜੱਜ ਅਤੇ ਹੋਰ ਜੱਜ ਸਾਹਿਬਾਨ ਵੀ ਮੌਜੂਦ ਸਨ।

    ਇਸ ਮੌਕੇ ਮਾਨਯੋਗ ਜਸਟਿਸ ਹਰਪ੍ਰੀਤ ਸਿੰਘ ਬਰਾੜ ਵਲੋਂ ਬਰਨਾਲਾ ਕਚਿਹਰੀਆਂ ਦੀਆਂ ਸਾਰੀਆਂ ਅਦਾਲਤਾਂ ਦਾ ਨਿਰੀਖਣ ਕੀਤਾ ਗਿਆ। ਨਿਰੀਖਣ ਦੌਰਾਨ ਉਨ੍ਹਾਂ ਵੱਲੋਂ ਸਮੂਹ ਸਿਵਲ ਅਤੇ ਕ੍ਰਿਮੀਨਲ ਕੋਰਟਾਂ ਦੇ ਕੰਮ-ਕਾਰ ਅਤੇ ਸਲਾਨਾ ਰਿਕਾਰਡ ਦਾ ਮੁਆਇਨਾ ਕੀਤਾ ਗਿਆ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਵੀ ਦਿੱਤੇ ਗਏ। ਇਸ ਤੋਂ ਬਾਅਦ ਮਾਨਯੋਗ ਜੱਜ ਸਾਹਿਬ ਵੱਲੋਂ ਬਰਨਾਲਾ ਜ਼ਿਲ੍ਹੇ ਦੇ ਵਕੀਲ ਸਾਹਿਬਾਨਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਗਿਆ। 

ਓਹਨਾਂ ਵਕੀਲ ਸਾਹਿਬਾਨ ਨੂੰ ਅਪੀਲ ਕੀਤੀ ਕਿ ਉਹ ਆਪਣਾ ਵੱਧ ਤੋਂ ਵੱਧ ਸਹਿਯੋਗ ਮਾਨਯੋਗ ਜੱਜ ਸਾਹਿਬਾਨ ਨੂੰ ਦੇਣ ਤਾਂ ਜੋ ਪੈਡਿੰਗ ਕੇਸਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾ ਸਕੇ। ਇਸ ਮੌਕੇ ਉਹਨਾਂ ਵਲੋਂ ਜ਼ਿਲ੍ਹਾ ਕੋਰਟ ਕੰਪਲੈਕਸ ਬਰਨਾਲਾ ਵਿੱਚ ਜਾਮਨ ਦਾ ਬੂਟਾ ਲਗਾਇਆ ਗਿਆ ਤੇ ਬਰਨਾਲਾ ਸੈਸ਼ਨਜ਼ ਡਵੀਜ਼ਨ ਦੇ ਸਾਰੇ ਜੁਡੀਸ਼ੀਅਲ ਅਫ਼ਸਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਮਾਨਯੋਗ ਜੱਜ ਸਾਹਿਬ ਵੱਲੋਂ ਸਾਰੇ ਜੁਡੀਸ਼ੀਅਲ ਅਫ਼ਸਰਾਂ ਨੂੰ ਆਪਣਾ ਕੰਮ ਇਮਾਨਦਾਰੀ, ਮਿਹਨਤ ਲਗਨ ਤੇ ਨਿਮਰਤਾ ਨਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਜਸਟਿਸ ਹਰਪ੍ਰੀਤ ਸਿੰਘ ਬਰਾੜ ਨੇ ਨਵੇਂ ਸਰਵਿਸ ਬਲਾਕ, ਜ਼ਿਲ੍ਹਾ ਕੋਰਟ ਕੰਪਲੈਕਸ ਬਰਨਾਲਾ ਵਿੱਚ ਬੱਚਿਆਂ ਦੇ ਲਈ ਕਰੱਚ ਦਾ ਉਦਘਾਟਨ ਕੀਤਾ ਅਤੇ ਬੱਚਿਆਂ ਨੂੰ ਤੋਹਫੇ ਵੰਡੇ।

     ਇਸ ਤੋਂ ਬਾਅਦ ਓਹਨਾਂ “ਗਰੀਨ ਵਿਲੇਜ ਐਂਡ ਕਲੀਨ ਵਿਲੇਜ” ਪ੍ਰੋਜੈਕਟ ਅਧੀਨ ਪਿੰਡ ਫਤਿਹਗੜ੍ਹ ਛੰਨਾ ਦਾ ਦੌਰਾ ਕੀਤਾ।

ਓਹਨਾਂ ਜਰਨਲ ਜ਼ੋਰਾਵਰ ਸਿੰਘ ਪਾਰਕ ਵਿੱਚ ਗੁਰੂ ਨਾਨਕ ਬਗੀਚੀ ਜਿਸ ਵਿਚ 50 ਤੋਂ ਵੱਧ ਫ਼ਲਦਾਰ ਪੌਦੇ ਲਾਏ ਗਏ ਹਨ, ਦੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਪਾਰਕ ਵਿੱਚ ਗਿੱਲੇ ਕੂੜੇ ਤੋਂ ਖਾਦ ਬਣਾਉਣ ਦੇ ਪ੍ਰੋਜੈਕਟ ਦੀ ਸ਼ਲਾਘਾ ਕੀਤੀ। ਇਸ ਮੌਕੇ ਮਿਸ ਅੰਸ਼ੂਲ ਬੇਰੀ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ ਜੱਜ ਅਤੇ ਟੀਮ ਨੇ ਦੱਸਿਆ ਕਿ ਪੰਚਾਇਤੀ ਵਿਭਾਗ ਅਤੇ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਇਸ ਪਿੰਡ ਵਿਚ ਹਰਿਆਵਲ ਅਤੇ ਸਵੱਛਤਾ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ ਜਿਸ ਦੀ ਮਿਸਾਲ ਇਸ ਪਿੰਡ ਵਿਚ ਲਾਏ ਪੌਦੇ ਅਤੇ ਕੂੜਾ ਪ੍ਰਬੰਧਨ ਪ੍ਰੋਜੈਕਟ ਹੈ। ਓਹਨਾਂ ਪਿੰਡ ਦੇ ਸਰਕਾਰੀ ਹਾਈ ਸਮਾਰਟ ਸਕੂਲ ਦਾ ਵੀ ਦੌਰਾ ਕੀਤਾ ਅਤੇ ਬੱਚਿਆਂ ਦੇ ਰੂ ਬ ਰੂ ਹੋਏ। ਇਸ ਮੌਕੇ ਉਹਨਾਂ ਵਿਦਿਆਰਥੀਆਂ ਅਤੇ ਜੰਗਲਾਤ ਵਿਭਾਗ ਦੀ ਟੀਮ ਦਾ ਸਨਮਾਨ ਵੀ ਕੀਤਾ।

 ਇਸ ਮਗਰੋਂ ਓਹਨਾਂ ਪਿੰਡ ਵਿੱਚ ਪੰਚਾਇਤੀ ਛੱਪੜ ਵਿੱਚ ਮੱਛੀ ਪਾਲਣ ਦਾ ਪ੍ਰੋਜੈਕਟ ਵੀ ਦੇਖਿਆ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਹੰਡਿਆਇਆ ਵਾਸੀ ਦਰੋਗਾ ਚੌਹਾਨ ਵਲੋਂ ਪੰਚਾਇਤੀ ਛੱਪੜ ਵਿੱਚ ਮੱਛੀ ਦਾ ਨਰਸਰੀ ਫਾਰਮ ਬਣਾਇਆ ਗਿਆ ਹੈ ਜਿੱਥੇ ਮੱਛੀ ਦਾ ਪੂੰਗ ਤਿਆਰ ਕਰਕੇ ਅੱਗੇ ਹੋਰ ਫਰਮਾਂ ਵਿਚ ਪਾਲਿਆ ਜਾਂਦਾ ਹੈ। ਜਸਟਿਸ ਹਰਪ੍ਰੀਤ ਸਿੰਘ ਬਰਾੜ ਵਲੋਂ ਇਸ ਦੀ ਸ਼ਲਾਘਾ ਕੀਤੀ ਗਈ।

ਓਹਨਾਂ ਕਿਹਾ ਅੱਜ ਦੇ ਸਮੇਂ ਵਿੱਚ ਵਾਤਾਵਰਨ ਸੰਭਾਲ ਸਭ ਤੋਂ ਵੱਡੀ ਲੋੜ ਹੈ ਤੇ ਸਾਨੂੰ ਸਭ ਨੂੰ ਇਸ ਬਾਬਤ ਫਰਜ਼ ਨਿਭਾਉਣਾ ਚਾਹੀਦਾ ਹੈ। ਓਹਨਾਂ ਪਿੰਡ ਵਿੱਚ ਹਰਿਆਵਲ ਉਪਰਾਲਿਆਂ ਦੀ ਸ਼ਲਾਘਾ ਕੀਤੀ।

ਇਸ ਮੌਕੇ ਜ਼ਿਲ੍ਹਾ ਕਚਿਹਰੀਆਂ ਵਿਚ ਐੱਸ ਐੱਸ ਪੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ, ਸਮੂਹ ਜੁਡੀਸ਼ੀਅਲ ਅਫ਼ਸਰ, ਜ਼ਿਲ੍ਹਾ ਬਾਰ ਐਸੋਸ਼ੀਏਸ਼ਨ ਦੇ ਪ੍ਰਧਾਨ ਸ੍ਰੀ ਪਕੰਜ ਬਾਂਸਲ, ਪਿੰਡ ਫਤਹਿਗੜ੍ਹ ਛੰਨਾ ਵਿੱਚ ਐੱਸ ਡੀ ਐੱਮ ਤਪਾ ਸ੍ਰੀ ਆਯੂਸ਼ ਗੋਇਲ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸਵਿੰਦਰ ਸਿੰਘ, ਸਮੂਹ ਜੱਜ ਸਾਹਿਬਾਨ ਤੇ ਪਿੰਡ ਦੀ ਸਮੂਹ ਪੰਚਾਇਤ ਮੌਜੂਦ ਸੀ।


Posted

in

, ,

by

Comments

Leave a Reply

Your email address will not be published. Required fields are marked *