ਭੁਨਰਹੇੜੀ/ਪਟਿਆਲਾ, 1 ਜੂਨ:
ਕ੍ਰਿਸ਼ੀ ਵਿਗਿਆਨ ਕੇਂਦਰ ਦੀ ਟੀਮ ਵੱਲੋਂ ਪਟਿਆਲਾ ਦੇ ਬਲਾਕ ਭੁਨਰਹੇੜੀ ਦੇ ਪਿੰਡ ਸਵਾਈ ਸਿੰਘ ਵਾਲਾ, ਮੀਰਾਂਪੁਰ, ਮਾਜਰਾ ਕਲਾਂ, ਅਕਬਰਪੁਰ ਅਫ਼ਗਾਨਾਂ, ਬਹਾਦਰਪੁਰ ਮੀਰਾਂਵਾਲਾ, ਦੁਧਨਸਾਧਾਂ ਅਤੇ ਦੁਧਨ ਗੁਜਰਾਂ ਵਿਖੇ ਕਿਸਾਨ ਭਲਾਈ ਕੈਂਪ ਲਗਾ ਕੇ ਕਿਸਾਨਾਂ ਨਾਲ ਵਿਗਿਆਨਿਕ ਜਾਣਕਾਰੀ ਸਾਂਝੀ ਕੀਤੀ ਗਈ।
ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਡਾ. ਹਰਦੀਪ ਸਿੰਘ ਸਭਿਖੀ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੀ ਤਕਨੀਕੀ ਸਹਾਇਤਾ ਨਾਲ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਤਹਿਤ ਕਿਸਾਨ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ।
ਡਾ. ਹਰਦੀਪ ਸਿੰਘ ਸਭਿਖੀ ਨੇ ਦੱਸਿਆ ਕਿ ਕੈਂਪ ਦੌਰਾਨ ਕਿਸਾਨਾਂ ਨੂੰ ਝੋਨੇ ਦੀਆਂ ਵੱਖ ਵੱਖ ਕਿਸਮਾਂ, ਇਨ੍ਹਾਂ ਦੀ ਲੁਆਈ ਦੇ ਢੁਕਵੇਂ ਸਮੇਂ, ਖਾਦ ਪ੍ਰਬੰਧਨ, ਬਾਗ਼ਬਾਨੀ ਅਤੇ ਭੋਜਨ ਪ੍ਰੋਸੈਸਿੰਗ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਮੌਕੇ ਗ੍ਰਹਿ ਵਿਗਿਆਨ ਦੇ ਪ੍ਰੋਫੈਸਰ ਡਾ. ਗੁਰਉਪਦੇਸ਼ ਕੌਰ ਨੇ ਕਿਸਾਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਕਰਵਾਏ ਜਾਣੇ ਕਿੱਤਾ ਮੁਖੀ ਸਿਖਲਾਈ ਕੋਰਸ ਅਤੇ ਮੋਟੇ ਅਨਾਜਾਂ ਦੀ ਰੋਜ਼ਾਨਾ ਖ਼ੁਰਾਕ ਵਿੱਚ ਵਰਤੋਂ ਬਾਰੇ ਜਾਣਕਾਰੀ ਦਿੱਤੀ।
ਫ਼ਸਲ ਵਿਗਿਆਨ ਦੇ ਸਹਾਇਕ ਪ੍ਰੋਫੈਸਰ ਡਾ. ਗੁਰਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਮਿੱਟੀ ਅਤੇ ਪਾਣੀ ਦੀ ਪਰਖ ਦੇ ਮਹੱਤਵ ਅਤੇ ਖਾਦਾਂ ਤੇ ਪਾਣੀ ਦੀ ਸੁਚੱਜੀ ਵਰਤੋਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਕਿਸਾਨ ਆਪਣੇ ਖੇਤ ਦੀ ਮਿੱਟੀ ਦੀ ਪਰਖ ਕਰਵਾ ਲੈਂਦੇ ਹਨ ਤਾਂ ਲੋੜ ਅਨੁਸਾਰ ਖਾਦਾਂ ਦੀ ਵਰਤੋਂ ਕਰਕੇ ਆਪਣੇ ਖਰਚੇ ਘਟਾ ਸਕਦੇ ਹਨ। ਉਨ੍ਹਾਂ ਕਿਸਾਨਾਂ ਨੂੰ ਮਿੱਟੀ ਦੀ ਸਿਹਤ ਵਿੱਚ ਸੁਧਾਰ ਕਰਨ ਲਈ ਹਰੀਆਂ ਖਾਦਾਂ ਦੀ ਕਾਸ਼ਤ ਅਤੇ ਜੀਵਾਣੂ ਖਾਦਾਂ ਦੀ ਵਰਤੋਂ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਖੇਤੀ ਵਿਕਾਸ ਅਫ਼ਸਰ ਡਾ. ਵਿਮਲਪ੍ਰੀਤ ਸਿੰਘ, ਇਫਕੋ ਤੋਂ ਨਵਜੋਤਪਾਲ ਸਿੰਘ ਵੀ ਹਾਜ਼ਰ ਸਨ। ਕੈਂਪ ਦੇ ਅੰਤ ਵਿੱਚ ਇਲਾਕੇ ਦੇ ਉੱਦਮੀ ਤੇ ਅਗਾਂਹਵਧੂ ਕਿਸਾਨ ਸੁਖਦੇਵ ਸਿੰਘ ਅਤੇ ਇਕਬਾਲ ਸਿੰਘ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਟੀਮਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਜਾਗਰੂਕਤਾ ਕੈਂਪ ਕਿਸਾਨਾਂ ਨੂੰ ਨਵੀਨਤ ਤਕੀਨਕਾਂ ਸਬੰਧੀ ਜਾਣਕਾਰੀ ਦੇਣ ਲਈ ਬਹੁਤ ਉਪਯੋਗੀ ਹਨ ਤੇ ਕਿਸਾਨ ਮਾਹਰਾਂ ਦੀ ਰਾਏ ਅਨੁਸਾਰ ਖੇਤੀ ਕਰਕੇ ਖੇਤੀਬਾੜੀ ਨੂੰ ਲਾਹੇਵੰਦ ਕਿੱਤਾ ਬਣਾ ਸਕਦੇ ਹਨ।

Leave a Reply

Your email address will not be published. Required fields are marked *