ਸਾਹਿਬਜ਼ਾਦਾ ਅਜੀਤ ਸਿੰਘ ਨਗਰ, 28 ਅਪਰੈਲ: ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕਤੰਤਰੀ ਪ੍ਰੰਪਰਾਵਾਂ ਦੀ ਮਜ਼ਬੂਤੀ ਲਈ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀਆਂ ਧੀਆਂ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਵਿਚ ਘਰ-ਘਰ ਜਾ ਕੇ ਇੱਕ ਜੂਨ ਨੂੰ ਵੋਟ ਪਾਉਣ ਦਾ ਸੁਨੇਹਾ ਦੇ ਰਹੀਆਂ ਹਨ। ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵੋਟਰ ਸਾਖਰਤਾ ਕਲੱਬਾਂ ਵੱਲੋਂ ਲਗਾਤਾਰ ਬੂਥ ਪੱਧਰ ਉਪਰ ਜਾ ਕੇ ਸਵੀਪ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ 1 ਜੂਨ ਨੂੰ ਵੱਧ ਤੋਂ ਵੱਧ ਵੋਟਾਂ ਦਾ ਭੁਗਤਾਨ ਕਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹਾ ਪੰਜਾਬ ਵਿੱਚ ਇੱਕ ਨੰਬਰ ਤੇ ਆਵੇ। ਉਹਨਾਂ ਦੱਸਿਆ ਕਿ ਹੁਣ ਇਸ ਲੋਕਤੰਤਰ ਦੇ ਯੱਗ ਵਿੱਚ ਮੋਹਾਲੀ ਜ਼ਿਲ੍ਹੇ ਦੀਆਂ ਧੀਆਂ ਵੱਲੋਂ ਮੋਰਚੇ ਸੰਭਾਲੇ ਗਾਏ ਹਨ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਦੀਆਂ ਵਿਦਿਆਰਥਣਾਂ ਨੇ ਲੋਕਤੰਤਰ ਦੀਆਂ ਬੋਲੀਆਂ ਪਾਉਂਦੇ ਹੋਏ ਰੈਲੀ ਕੱਢ ਕੇ ਲੋਕਾਂ ਨੂੰ ਵੋਟ ਪਾਉਣ ਲਈ ਅਪੀਲ ਕੀਤੀ। ਵੋਟਰ ਸਾਖਰਤਾ ਕਲੱਬਾਂ ਦੇ ਵਾਲੰਟੀਅਰ “ਵੋਟ ਪਾਉਣ ਜਾਣਾ ਹੈ ਦੇਸ਼ ਦਾ ਪਰਵ ਮਨਾਉਣਾ ਹੈ”, ” ਮੇਰਾ ਪਹਿਲਾ ਵੋਟ ਦੇਸ਼ ਦੇ ਨਾਮ” ਅਤੇ “ਮਹਿਲਾਵਾਂ ਬਜ਼ੁਰਗ ਅਤੇ ਜਵਾਨ ਵੋਟ ਪਾਉਣ ਸਾਰੇ ਜਾਣ ” ਦੇ ਨਾਅਰੇ ਲਗਾਕੇ ਲੋਕਤੰਤਰ ਦੇ ਇਸ ਮਹਾਂ ਤਿਉਹਾਰ ਨੂੰ ਮਨਾ ਰਹੇ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਛਲੀ ਕਲਾਂ ਦੀਆਂ ਵਿਦਿਆਰਥਣਾਂ ਨੇ ਬੂਥ ਉਪਰ ਜਾ ਕੇ ਮਹਿਲਾ ਵੋਟਰਾਂ ਨੂੰ ਇੱਕਤਰ ਕਰ ਮਹਿੰਦੀ ਲਾ ਕੇ ਲੋਕਤੰਤਰ ਦੀਆਂ ਤੀਆਂ ਮਨਾਈਆਂ। ਇਸੇ ਤਰ੍ਹਾਂ ਦਾ ਉਪਰਾਲਾ ਸਰਕਾਰੀ ਹਾਈ ਸਕੂਲ ਨਾਡਾ ਦੀਆਂ ਵਿਦਿਆਰਥਣਾਂ ਵੱਲੋਂ ਵੀ ਕੀਤਾ ਗਿਆ। ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਸਤਨਾਮ ਸਿੰਘ ਬਾਠ ਤੇ ਉਪ ਸਿੱਖਿਆ ਅਫਸਰ ਅੰਗਰੇਜ ਸਿੰਘ ਦੀ ਸਕੂਲ ਪੱਧਰ ਉਪਰ ਕੀਤੇ ਜਾ ਰਹੇ ਵੋਟਰ ਜਾਗਰੂਕਤਾ ਦੇ ਉਪਰਾਲਿਆਂ ਲਈ ਸ਼ਲਾਘਾ ਕੀਤੀ ਗਈ।

Leave a Reply

Your email address will not be published. Required fields are marked *