ਲੁਧਿਆਣਾ, 28 ਅਪ੍ਰੈਲ (000) – ਸਵੀਪ ਟੀਮਾਂ ਵੱਲੋਂ ਜਿਲ੍ਹੇ ਵਿੱਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਦਿਨ-ਰਾਤ ਹਰ ਸੰਭਵ ਯਤਨ ਕਰਨ ਦੇ ਨਾਲ, ਲੋਕ ਸਭਾ ਚੋਣਾਂ ਵਿੱਚ ਵੋਟਰਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਕੀਤੀਆਂ ਜਾ ਰਹੀਆਂ ਸਵੀਪ ਗਤੀਵਿਧੀਆਂ ਲਈ ਲੁਧਿਆਣਾ ਨੇ ਪੰਜਾਬ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ।

ਮੁੱਖ ਚੋਣ ਦਫ਼ਤਰ (ਸੀ.ਈ.ਓ), ਪੰਜਾਬ ਵੱਲੋਂ 27 ਅਪ੍ਰੈਲ ਨੂੰ ਜਾਰੀ ਕੀਤੇ ਗਏ ਨਤੀਜਿਆਂ ਅਨੁਸਾਰ 1 ਤੋਂ 15 ਅਪ੍ਰੈਲ ਤੱਕ ਦੀਆਂ ਗਤੀਵਿਧੀਆਂ ਲਈ ਅੰਮ੍ਰਿਤਸਰ ਪਹਿਲੇ, ਲੁਧਿਆਣਾ ਜ਼ਿਲ੍ਹੇ ਦੂਜੇ ਅਤੇ ਪਟਿਆਲਾ ਤੀਸਰੇ ਸਥਾਨ ‘ਤੇ ਰਿਹਾ ਹੈ, ਜਦਕਿ ਵਿਲੱਖਣ ਪਹਿਲਕਦਮੀਆਂ ਲਈ ਹੁਸ਼ਿਆਰਪੁਰ ਅਤੇ ਮਲੇਰਕੋਟਲਾ ਜ਼ਿਲ੍ਹਿਆਂ ਦਾ ਵੀ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਗਿਆ ਹੈ।

ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਹਰੇਕ ਜ਼ਿਲ੍ਹੇ ਨੂੰ ਵੱਖ-ਵੱਖ ਸਵੀਪ ਗਤੀਵਿਧੀਆਂ ਬਾਰੇ ਪੰਦਰਵਾੜੇ ਦੀ ਰਿਪੋਰਟ ਸੀ.ਈ.ਓ ਪੰਜਾਬ ਦੇ ਦਫ਼ਤਰ ਨੂੰ ਸੌਂਪਣੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਸਵੀਪ ਪ੍ਰੋਗਰਾਮ ਤਹਿਤ ਲੋਕਾਂ ਨੂੰ ਵੋਟਰ ਵਜੋਂ ਨਾਮ ਰਜਿਸਟਰ ਕਰਵਾਉਣ ਅਤੇ ਫਿਰ ਜ਼ਮੀਨੀ ਪੱਧਰ ‘ਤੇ ਜਮਹੂਰੀਅਤ ਨੂੰ ਮਜ਼ਬੂਤ ਕਰਨ ਲਈ ਆਪਣੀ ਵੋਟ ਦੀ ਵਰਤੋਂ ਕਰਨ ਬਾਰੇ ਜਾਣੂ ਕਰਵਾਉਣ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਤੰਤਰ ਤਾਂ ਹੀ ਸਫਲ ਹੋ ਸਕਦਾ ਹੈ ਜੇਕਰ ਸਬੰਧਤ ਧਿਰਾਂ ਖਾਸ ਕਰਕੇ ਨੌਜਵਾਨ ਵੋਟਰ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ।

ਵਧੀਕ ਡਿਪਟੀ ਕਮਿਸ਼ਨਰ (ਜ) ਅਤੇ ਸਵੀਪ ਨੋਡਲ ਅਫ਼ਸਰ ਮੇਜਰ ਅਮਿਤ ਸਰੀਨ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਯੁਵਕ ਮੇਲਿਆਂ ਦੌਰਾਨ ਵੋਟਰਾਂ ਨੂੰ ਜਾਗਰੂਕ ਕਰਨ ਅਤੇ ਵੋਟਰ ਸੂਚੀ ਵਿੱਚ ਨਾਮ ਦਰਜ ਕਰਵਾਉਣ ਲਈ 1 ਤੋਂ 3 ਅਪ੍ਰੈਲ ਤੱਕ ਵਿਸ਼ੇਸ਼ ਕੈਂਪ ਲਗਾਇਆ ਗਿਆ ਸੀ। ਇਸ ਸਬੰਧੀ 12 ਅਪ੍ਰੈਲ ਨੂੰ ਖੂਨਦਾਨ ਕੈਂਪ ਲਗਾਇਆ ਗਿਆ ਸੀ। 1 ਜੂਨ ਨੂੰ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਲਈ ਸੀਨੀਅਰ ਸਿਟੀਜ਼ਨ ਹੋਮ ਵਿੱਚ ਜ਼ਿਲ੍ਹਾ ਪੱਧਰੀ ਸਮਾਗਮ ਜਿਸ ਵਿੱਚ ਵਿਦਿਆਰਥੀਆਂ ਵੱਲੋਂ ਨੁੱਕੜ ਨਾਟਕ, ਗੀਤ, ਕੁਇਜ਼, ਲੋਕ ਨਾਚ ਪੇਸ਼ ਕੀਤੇ ਗਏ।

ਇਸ ਤੋਂ ਇਲਾਵਾ, 14 ਅਪ੍ਰੈਲ ਨੂੰ ਵੋਟਰ ਸੂਚੀਆਂ ਵਿੱਚ ਵੋਟਰਾਂ ਦੀ ਜਾਗਰੂਕਤਾ ਅਤੇ ਨਾਮਾਂਕਣ ਲਈ ਪੈਵੀਲੀਅਨ ਮਾਲ ਵਿਖੇ ਐਨ.ਜੀ.ਓਜ਼ ਦੇ ਸਹਿਯੋਗ ਨਾਲ ਵਿਸ਼ੇਸ਼ ਕੈਂਪ ਲਗਾਏ ਗਏ। ਇਸ ਤੋਂ ਇਲਾਵਾ, ਸਾਰੇ ਹਾਈ/ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 540 ਚੋਣਕਾਰ ਸਾਖਰਤਾ ਕਲੱਬਾਂ ਦੀ ਸਥਾਪਨਾ ਕੀਤੀ ਗਈ ਹੈ। ਨੌਜਵਾਨ ਵੋਟਰਾਂ, ਦਿਵਿਆਂਗ ਵੋਟਰਾਂ, ਸੀਨੀਅਰ ਸਿਟੀਜ਼ਨਾਂ ਅਤੇ ਔਰਤਾਂ ਨੂੰ ਆਪਣੀ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਅਤੇ 70 ਫੀਸਦ ਤੋਂ ਵੱਧ ਵੋਟਰਾਂ ਦੀ ਗਿਣਤੀ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਲੁਧਿਆਣਾ ਜ਼ਿਲ੍ਹੇ ਦੇ ਸਾਰੇ ਪੋਲਿੰਗ ਸਟੇਸ਼ਨਾਂ ‘ਤੇ 2919 ਬੂਥ ਪੱਧਰੀ ਜਾਗਰੂਕਤਾ ਗਰੁੱਪ ਬਣਾਏ ਗਏ ਹਨ।

Leave a Reply

Your email address will not be published. Required fields are marked *