ਤਰਨ ਤਾਰਨ, 8 ਅਕਤੂਬਰ –
ਸਿੱਖਿਆ ਵਿਭਾਗ ਵੱਲੋਂ ਮੰਗਤ ਸਿੰਘ ਨੂੰ ਸਿੱਖਿਆ ਖੇਤਰ ਵਿੱਚ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਅਤੇ ਤਜ਼ਰਬੇ ਨੂੰ ਧਿਆਨ ਵਿੱਚ ਰੱਖਦਿਆਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਤਰਨ ਤਾਰਨ ਵਜੋਂ ਨਿਯੁਕਤ ਕੀਤਾ ਗਿਆ ਹੈ। ਇਸ ਨਵੀਂ ਨਿਯੁਕਤੀ ਤਹਿਤ ਉਨ੍ਹਾਂ ਨੇ ਡਾਈਟ ਕੈਰੋਂ ਵਿਖੇ ਆਪਣੀਆਂ ਸੇਵਾਵਾਂ ਤੋਂ ਰਿਲੀਵ ਹੋ ਕੇ ਅੱਜ ਜ਼ਿਲ੍ਹਾ ਸਿੱਖਿਆ ਦਫ਼ਤਰ, ਤਰਨ ਤਾਰਨ ਵਿਖੇ ਆਪਣਾ ਅਹੁਦਾ ਸੰਭਾਲ ਲਿਆ।
ਡਾਈਟ ਕੈਰੋਂ ਵਿਖੇ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਪੂਰੀ ਮਿਹਨਤ, ਲਗਨ ਅਤੇ ਸਮਰਪਣ ਨਾਲ ਸੇਵਾਵਾਂ ਨਿਭਾਈਆਂ। ਉਨ੍ਹਾਂ ਦੀ ਅਗਵਾਈ ਹੇਠ ਅਧਿਆਪਕ ਸਿਖਲਾਈ, ਸਕੂਲ ਲੀਡਰਸ਼ਿਪ, ਮਨੁੱਖੀ ਸਰੋਤ ਪ੍ਰਬੰਧਨ, ਪੇਸ਼ੇਵਰ ਵਿਕਾਸ ਅਤੇ ਵੱਖ-ਵੱਖ ਅਕਾਦਮਿਕ ਗਤੀਵਿਧੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਇਆ ਗਿਆ। ਉਨ੍ਹਾਂ ਨੇ ਡਾਈਟ ਦੀ ਅਕਾਦਮਿਕ ਅਤੇ ਪ੍ਰਸ਼ਾਸਨਿਕ ਕਾਰਗੁਜ਼ਾਰੀ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਯੋਗਦਾਨ ਪਾਇਆ।
ਨਵੀਂ ਨਿਯੁਕਤੀ ਉਪਰੰਤ ਜ਼ਿਲ੍ਹਾ ਸਿੱਖਿਆ ਦਫ਼ਤਰ, ਤਰਨ ਤਾਰਨ ਵਿਖੇ ਮੰਗਤ ਸਿੰਘ ਦਾ ਨਿੱਘਾ ਸਵਾਗਤ ਅਤੇ ਸਨਮਾਨ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਦਫ਼ਤਰ ਦੇ ਅਧਿਕਾਰੀਆਂ ਅਤੇ ਸਮੂਹ ਸਟਾਫ਼ ਵੱਲੋਂ ਉਨ੍ਹਾਂ ਨੂੰ ਜੀ ਆਇਆਂ ਕਹਿੰਦਿਆਂ ਨਵੀਂ ਜ਼ਿੰਮੇਵਾਰੀ ਲਈ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
ਇਸ ਮੌਕੇ ਉਨ੍ਹਾਂ ਸਿੱਖਿਆ ਵਿਭਾਗ ਵੱਲੋਂ ਪ੍ਰਗਟਾਏ ਵਿਸ਼ਵਾਸ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਡਾਈਟ ਕੈਰੋਂ ਵਿਖੇ ਬਿਤਾਇਆ ਕਾਰਜਕਾਲ ਉਨ੍ਹਾਂ ਲਈ ਬੇਹੱਦ ਯਾਦਗਾਰੀ ਅਤੇ ਸਿੱਖਣ ਭਰਪੂਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਵੀਂ ਜ਼ਿੰਮੇਵਾਰੀ ਨੂੰ ਵੀ ਉਹ ਪੂਰੀ ਇਮਾਨਦਾਰੀ, ਤਨਦੇਹੀ ਅਤੇ ਸਮਰਪਣ ਨਾਲ ਨਿਭਾਉਣਗੇ ਅਤੇ ਜ਼ਿਲ੍ਹੇ ਦੇ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਸਮੂਹ ਅਧਿਕਾਰੀਆਂ, ਸਕੂਲ ਮੁਖੀਆਂ ਅਤੇ ਅਧਿਆਪਕਾਂ ਨਾਲ ਮਿਲ ਕੇ ਕੰਮ ਕਰਨਗੇ।
ਉਨ੍ਹਾਂ ਨੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ, ਗੁਣਵੱਤਾ ਭਰਪੂਰ ਸਿੱਖਿਆ, ਪ੍ਰਭਾਵਸ਼ਾਲੀ ਸਕੂਲ ਲੀਡਰਸ਼ਿਪ ਅਤੇ ਅਧਿਆਪਕਾਂ ਦੇ ਪੇਸ਼ੇਵਰ ਵਿਕਾਸ ਨੂੰ ਆਪਣੀਆਂ ਪ੍ਰਮੁੱਖ ਤਰਜੀਹਾਂ ਵਿੱਚ ਸ਼ਾਮਲ ਦੱਸਿਆ।
ਇਸ ਮੌਕੇ ਰਜਿੰਦਰ ਕੌਰ (ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, ਐਲੀਮੈਂਟਰੀ ਸਿੱਖਿਆ), ਸੁਖਬੀਰ ਸਿੰਘ ਕੰਗ (ਜ਼ਿਲ੍ਹਾ ਗਾਈਡੈਂਸ ਕੋਆਰਡੀਨੇਟਰ), ਮਨਦੀਪ ਸਿੰਘ (ਕੋਆਰਡੀਨੇਟਰ-ਯੁੱਧ ਨਸ਼ਿਆਂ ਵਿਰੁੱਧ) ਤੋਂ ਇਲਾਵਾ ਹਰਮੀਤ ਸਿੰਘ, ਬਲਬੀਰ ਸਿੰਘ, ਮੰਗਲ ਸਿੰਘ, ਹਰਪਾਲ ਸਿੰਘ, ਇਕਬਾਲ ਸਿੰਘ, ਤਰਸੇਮ ਸਿੰਘ, ਰੇਸ਼ਮ ਸਿੰਘ ਅਤੇ ਮਨੀਸ਼ ਕੁਮਾਰ ਸਮੇਤ ਜ਼ਿਲ੍ਹਾ ਸਿੱਖਿਆ ਦਫ਼ਤਰ, ਤਰਨ ਤਾਰਨ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ। ਇਸ ਤੋਂ ਇਲਾਵਾ ਏ.ਐਸ.ਜੀ ਟੀਮ ਵੱਲੋਂ ਬਲਜਿੰਦਰ ਸਿੰਘ ਭੁੱਲਰ ਅਤੇ ਰਾਜ ਸਿੰਘ ਨੇ ਵੀ ਉਨ੍ਹਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਮੁਬਾਰਕਬਾਦ ਦਿੱਤੀ।

Leave a Reply