ਫਿਰੋਜ਼ਪੁਰ,27 ਫ਼ਰਵਰੀ ( ) ਸਿਵਲ ਸਰਜਨ ਫ਼ਿਰੋਜ਼ਪੁਰ ਡਾ ਰਾਜੀਵ ਪਰਾਸ਼ਰ ਦੇ ਹੁਕਮਾਂ ਤੇ ਕਮਿਊਨਿਟੀ ਹੈਲਥ ਸੈਂਟਰ ਮਮਦੋਟ ਅਧੀਨ ਪੈਂਦੇ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਦੂਸ਼ਿਤ ਪਾਣੀ ਪੀਣ ਕਾਰਨ ਬੀਮਾਰ ਹੋਏ ਪਿੰਡ ਵਾਸੀਆ ਦੀ ਸਿਹਤ ਯਾਬੀ ਲਈ ਸਿਹਤ ਵਿਭਾਗ ਵਲੋ ਲਗਾਤਾਰ ਕੈਂਪ ਲਗਾ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਅੱਜ ਪਿੰਡ ਵਿੱਚ ਸਿਹਤ ਵਿਭਾਗ ਵਲੋ ਲਗਾਏ ਗਏ ਮੇਗਾ ਮੈਡੀਕਲ ਕੈਂਪ ਵਿੱਚ ਸਿਵਲ ਹਸਪਤਾਲ ਫਿਰੋਜ਼ਪੁਰ ਤੋ ਮਾਹਿਰ ਡਾਕਟਰਾਂ ਦੀ ਟੀਮ ਵਿਸ਼ੇਸ਼ ਤੌਰ ’ਤੇ ਪੁੱਜੀ ਜਿਨ੍ਹਾਂ ਵਲੋ ਲੋਕਾਂ ਦੀ ਸਿਹਤ ਸੰਬੰਧੀ ਜਾਂਚ ਕਰ ਦਵਾਈਆਂ ਦਿਤੀਆਂ ਗਈਆਂ।
ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ ਨੇ ਦੱਸਿਆ ਕਿ ਮੈਡੀਕਲ ਕੈਂਪ ਦੌਰਾਨ ਪਿੰਡ ਵਾਸੀਆਂ ਦੇ ਲੈਬ ਟੈਸਟ ਕੀਤੇ ਵੀ ਗਏ। ਦੁਪਹਿਰ ਤੱਕ 50 ਦੇ ਕਰੀਬ ਕੀਤੇ ਗਏ ਲੈਬ ਟੈਸਟਾਂ ਚੋਂ ਸਿਰਫ਼ 4 ਟੈਸਟਾਂ ਵਿੱਚ ਪੀਲੀਏ ਦੇ ਲੱਛਣ ਪਾਏ ਗਏ ਹਨ। ਇਸ ਤੋਂ ਇਲਾਵਾ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਪਾਣੀ ਦੇ ਨਮੂਨੇ ਲੈ ਜਾਂਚ ਲਈ ਲੈਬੋਰੋਟਰੀ ਭੇਜੇ ਗਏ। ਜਿਲ੍ਹਾ ਫੂਡ ਅਫ਼ਸਰ ਦੀ ਟੀਮ ਵੱਲੋ ਪਿੰਡ ਵਿੱਖੇ ਕੁੱਝ ਦੁਕਾਨਾਂ ਤੋਂ ਖਾਣ ਵਾਲੀਆਂ ਚੀਜ਼ਾਂ ਦੇ ਸੈਂਪਲ ਵੀ ਜਾਂਚ ਲਈ ਭਰੇ ਗਏ ਹਨ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਲੋਕਾਂ ਨੂੰ ਸਾਫ਼ ਪਾਣੀ ਉਪਲਬਧ ਕਰਵਾਉਣ ਲਈ ਕਲੋਰੀਨ ਦੀਆ ਗੋਲੀਆਂ ਵੰਡੀਆਂ ਗਈਆਂ ਅਤੇ ਘਰ ਘਰ ਜਾ ਕੇ ਸਰਵੇ ਵੀ ਕੀਤਾ ਜਾ ਰਿਹਾ ਹੈ।
ਇਸ ਮੇਗਾ ਕੈਂਪ ਵਿੱਚ ਸਿਵਲ ਸਰਜਨ ਡਾ ਰਾਜੀਵ ਪਰਾਸ਼ਰ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਲੋਕਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ। ਇਸ ਉਪਰੰਤ ਉਹਨਾਂ ਵੱਲੋ ਪੀੜਤ ਵਿਅਕਤੀਆਂ ਦੇ ਘਰ ਜਾ ਉਹਨਾਂ ਦਾ ਹਾਲ ਜਾਣਿਆ ਅਤੇ ਹਰ ਪ੍ਰਕਾਰ ਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ। ਸਿਵਲ ਸਰਜਨ ਵਲੋ ਪ੍ਰਾਇਮਰੀ ਤੇ ਸੈਕੰਡਰੀ ਸਕੂਲ ਵਿਖੇ ਪਹੁਚ ਕੇ ਬੱਚਿਆ ਦਾ ਹਾਲ ਜਾਣਿਆ। ਆਪਣੀ ਫੇਰੀ ਦੌਰਾਨ ਉਹਨਾਂ ਪਿੰਡ ਦੇ ਸਰਪੰਚ ,ਮੈਂਬਰ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਸਿਹਤ ਸੰਬੰਧੀ ਐਡਵਾਇਜ਼ਰੀ ਜਾਰੀ ਕੀਤੀ।
ਇਸ ਮੌਕੇ ਉਹਨਾਂ ਦੱਸਿਆ ਕਿ ਅੱਜ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਵੱਲੋ ਮੀਟਿੰਗ ਕਰਕੇ ਵੱਖ-ਵੱਖ ਵਿਭਾਗਾਂ ਨੂੰ ਪਿੰਡ ਵਾਸੀਆਂ ਦੀ ਹਰ ਸੰਭਵ ਮਦਦ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆ ਹਨ। ਉਹਨਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਲਗਾਤਾਰ ਲੋਕਾਂ ਦੀ ਸਿਹਤ ਦਾ ਖਿਆਲ ਰੱਖ ਰਹੀਆਂ ਹਨ।
